ਅਕਾਲੀ ਦਲ ਦੇ ਸਿਆਸੀ ਡਰਾਮੇ 10 ਸਾਲਾਂ ਦੇ ਕੁਕਰਮਾਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ : ਕੈ. ਅਮਰਿੰਦਰ

01/05/2020 10:12:29 AM

ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ )— ਪੰਜਾਬ ਦੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਅਕਾਲੀ ਦਲ ਵਲੋਂ ਸੂਬੇ 'ਚ ਬਿਜਲੀ ਦਰਾਂ 'ਚ ਵਾਧੇ 'ਤੇ ਪ੍ਰਦਰਸ਼ਨ ਕਰਨ ਦੀ ਦਿੱਤੀ ਧਮਕੀ ਅਤੇ ਦੋ ਸਾਬਕਾ ਅਕਾਲੀ ਸਰਪੰਚਾਂ ਦੇ ਕਤਲ ਦੇ ਮਾਮਲੇ 'ਚ ਦਿੱਤੇ ਅਲਟੀਮੇਟਮ 'ਤੇ ਘੇਰਦਿਆਂ ਅਜਿਹੇ ਸ਼ਰਮਨਾਕ ਸਿਆਸੀ ਸਟੰਟ ਤੋਂ ਬਾਜ਼ ਆਉਣ ਦੀ ਨਸੀਹਤ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀਆਂ ਵਲੋਂ ਦੋਵਾਂ ਮੁੱਦਿਆਂ 'ਤੇ ਸੜਕਾਂ 'ਤੇ ਉਤਰਨ ਦੀ ਧਮਕੀ ਦੇਣਾ ਮਹਿਜ਼ ਡਰਾਮਾ ਹੈ ਜਿਹੜਾ ਆਪਣੇ 10 ਸਾਲਾਂ ਦੇ ਕੁਕਰਮਾਂ ਤੇ ਮਾੜੇ ਪ੍ਰਸ਼ਾਸਨ ਨੂੰ ਲੁਕਾਉਣ ਦੀ ਮਹਿਜ਼ ਇਕ ਕੋਸ਼ਿਸ਼ ਹੈ ਅਤੇ ਆਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਚੁੱਕਿਆ ਇਕ ਕਦਮ ਹੈ। ਉਨ੍ਹਾਂ ਅਕਾਲੀਆਂ ਨੂੰ ਕਿਹਾ ਕਿ ਤੁਸੀਂ ਅਜਿਹੇ ਸਿਆਸੀ ਡਰਾਮਿਆਂ ਨਾਲ ਆਪਣੇ ਕੀਤੇ ਮਾੜੇ ਕੰਮਾਂ ਨੂੰ ਨਹੀਂ ਲੁਕਾ ਸਕਦੇ। ਅਕਾਲੀ ਦਲ ਵਲੋਂ ਸਾਬਕਾ ਅਕਾਲੀ ਸਰਪੰਚ ਬਾਬਾ ਗੁਰਦੀਪ ਸਿੰਘ ਤੇ ਦਲਬੀਰ ਸਿੰਘ ਢਿੱਲਵਾਂ ਦੇ ਕਾਤਲਾਂ ਨੂੰ ਦੋ ਹਫਤੇ ਤੱਕ ਗ੍ਰਿਫਤਾਰ ਨਾ ਕਰਨ ਦੀ ਸੂਰਤ 'ਚ ਧਰਨੇ ਦੇਣ ਦੀ ਦਿੱਤੀ ਧਮਕੀ 'ਤੇ ਵਰ੍ਹਦਿਆਂ ਕੈ. ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਸ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਮੁਕਾਬਲੇ ਮੌਜੂਦਾ ਸਰਕਾਰ ਦੌਰਾਨ ਪੇਚੀਦਾ ਤੇ ਮਹੱਤਵਪੂਰਨ ਕੇਸਾਂ ਨੂੰ ਹੱਲ ਕਰਨ 'ਚ ਵਧੀਆ ਕੰਮ ਕਰ ਰਹੀ ਹੈ।

ਕੈ. ਅਮਰਿੰਦਰ ਨੇ ਕਿਹਾ ਕਿ ਅਜਿਹੇ ਕਠੋਰ ਅਲਟੀਮੇਟਮ ਅਕਾਲੀ ਸਰਕਾਰ ਦੌਰਾਨ ਹੀ ਕੰਮ ਕਰਦੇ ਹੋਣਗੇ ਜਦੋਂ ਅਨੇਕਾਂ ਬੇਗੁਨਾਹ ਲੋਕਾਂ ਨੂੰ ਝੂਠੇ ਕੇਸਾਂ 'ਚ ਫਸਾ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਂਦਾ ਸੀ ਪਰ ਉਨ੍ਹਾਂ (ਮੌਜੂਦਾ ਸਰਕਾਰ) ਦੇ ਕਾਰਜਕਾਲ 'ਚ ਕਿਸੇ ਵੀ ਬੇਕਸੂਰ ਵਿਅਕਤੀ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਨੇ ਕੋਈ ਗੁਨਾਹ ਨਾ ਕੀਤਾ ਹੋਵੇ। ਪੁਲਸ ਪੂਰੀ ਪੇਸ਼ੇਵਾਰਨਾ ਪਹੁੰਚ ਨਾਲ ਆਪਣਾ ਕੰਮ ਕਰ ਰਹੀ ਹੈ ਅਤੇ ਦੋਵੇਂ ਕੇਸਾਂ 'ਚ ਜਾਂਚ ਦਾ ਕੰਮ ਪੂਰੀ ਸਹੀ ਦਿਸ਼ਾ 'ਚ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਵੀ ਉਵੇਂ ਹੀ ਹੱਲ ਹੋ ਜਾਣਗੇ, ਜਿਵੇਂ ਉਨ੍ਹਾਂ ਦੀ ਸਰਕਾਰ ਵਲੋਂ ਹੋਰ ਵੱਡੇ ਕੇਸਾਂ ਨੂੰ ਹੱਲ ਕੀਤਾ ਗਿਆ। ਕੈ. ਅਮਰਿੰਦਰ ਸਿੰਘ ਨੇ ਅਕਾਲੀ ਸਰਕਾਰ ਵੇਲੇ ਦੀਆਂ ਨਾਕਾਮੀਆਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਅਕਾਲੀ ਸਰਕਾਰ ਆਪਣੇ ਕਾਰਜਕਾਲ ਦੌਰਾਨ ਲੜੀਵਾਰ ਕਤਲਾਂ ਦੇ ਵੱਡੇ ਮਾਮਲਿਆਂ 'ਚੋਂ ਕੋਈ ਵੀ ਕੇਸ ਹੱਲ ਕਰਨ 'ਚ ਨਾਕਾਮ ਰਹੀ ਸੀ, ਜਿਹੜੇ ਜਨਵਰੀ 2016 'ਚ ਸ਼ੁਰੂ ਹੋਏ ਸਨ, ਜਿਨ੍ਹਾਂ 'ਚ ਬ੍ਰਿਗੇਡੀਅਰ ਗਗਨੇਜਾ ਦਾ ਕਤਲ ਪ੍ਰਮੁੱਖ ਸੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਰਾਜ ਦੌਰਾਨ ਵਿੱਕੀ ਗੌਂਡਰ, ਪ੍ਰੇਮਾ ਲਹੌਰੀਆ ਵਰਗੇ 'ਏ' ਕੈਟਾਗਰੀ ਦੇ ਗੈਂਗਸਟਰ ਖੁੱਲ੍ਹੇਆਮ ਘੁੰਮਦੇ ਸਨ, ਜੋ ਅਕਾਲੀਆਂ ਦੇ ਜੰਗਲ ਰਾਜ ਦੀ ਗਵਾਹੀ ਭਰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਅਕਾਲੀ-ਭਾਜਪਾ ਸਰਕਾਰ ਸਾਰੇ ਔਖੇ ਕੇਸਾਂ ਨੂੰ ਸੀ. ਬੀ. ਆਈ. ਕੋਲ ਭੇਜਣ 'ਚ ਮਾਹਿਰ ਸੀ।


KamalJeet Singh

Content Editor

Related News