ਅਕਾਲੀ ਦਲ ਨੇ ਰਾਹੁਲ, ਕੈਪਟਨ, ਜਾਖੜ ਤੇ ਦਾਦੂਵਾਲ ਦੇ ਪੁਤਲੇ ਫੂਕੇ
Saturday, Sep 01, 2018 - 02:14 PM (IST)

ਮਾਛੀਵਾੜਾ ਸਾਹਿਬ (ਟੱਕਰ) : ਸ਼੍ਰੋਮਣੀ ਅਕਾਲੀ ਦਲ ਹਲਕਾ ਸਾਹਨੇਵਾਲ ਵਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਅਤੇ ਕਾਂਗਰਸ ਸਰਕਾਰ ਖਿਲਾਫ਼ ਅੱਜ ਮੱਤੇਵਾੜਾ ਦਾਣਾ ਮੰਡੀ ਵਿਖੇ ਵੱਡਾ ਇਕੱਠ ਕਰਦਿਆਂ ਰਾਹੁਲ ਗਾਂਧੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਧਾਨ ਸੁਨੀਲ ਜਾਖੜ ਤੇ ਬਲਜੀਤ ਸਿੰਘ ਦਾਦੂਵਾਲ ਦੇ ਪੁਤਲੇ ਫੂਕੇ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਬੁਰੀ ਤਰ੍ਹਾਂ ਹਾਰ ਰਹੀ ਹੈ ਇਸ ਲਈ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਰਗਾੜੀ ਕਾਂਡ ਦੇ ਸਬੰਧ ਵਿਚ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਉਸ ਵਿਚ ਕਿਤੇ ਵੀ ਬਾਦਲ ਪਰਿਵਾਰ ਨੂੰ ਦੋਸ਼ੀ ਨਹੀਂ ਦੱਸਿਆ ਗਿਆ ਪਰ ਫਿਰ ਵੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਬਾਦਲ ਪਰਿਵਾਰ ਤੇ ਅਕਾਲੀ ਦਲ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕੇਗੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਵਿਚ ਅਕਾਲੀ ਵਿਧਾਇਕਾਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਬੋਲਣ ਦਾ ਵੱਧ ਸਮਾਂ ਦਿੱਤਾ ਜਾਵੇ ਪਰ ਕਾਂਗਰਸੀਆਂ ਨੇ ਆਪਣਾ ਝੂਠ ਤੇ ਕੋਝੀਆਂ ਸਾਜਿਸ਼ਾਂ ਦਾ ਪਰਦਾਫ਼ਾਸ਼ ਨਾ ਹੋਵੇ ਇਸ ਲਈ ਉਨ੍ਹਾਂ ਨੂੰ ਬੋਲਣ ਦਾ ਸਮਾਂ ਵੱਧ ਨਹੀਂ ਦਿੱਤਾ ਗਿਆ।
ਇਸ ਤੋਂ ਇਲਾਵਾ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਮਿਲ ਕੇ ਅਕਾਲੀ ਦਲ ਨੂੰ ਢਾਹ ਲਗਾਉਣ ਦੀ ਜੋ ਵਿਧਾਨ ਸਭਾ ਵਿਚ ਕੋਸ਼ਿਸ਼ ਕੀਤੀ ਉਸ ਵਿਚ ਵੀ ਉਹ ਕਾਮਯਾਬ ਨਹੀਂ ਹੋਏ ਅਤੇ ਲੋਕਾਂ ਨੂੰ ਹੁਣ ਪਤਾ ਲੱਗ ਗਿਆ ਹੈ ਕਿ ਇਹ ਦੋਵੇਂ ਪਾਰਟੀਆਂ ਦਿਖਾਵੇ ਲਈ ਇੱਕ-ਦੂਜੇ ਦੇ ਵਿਰੁੱਧ ਹਨ ਪਰ ਅੰਦਰੋਂ ਸਿੱਖ ਤੇ ਪੰਥ ਵਿਰੋਧੀ ਹਨ। ਵਿਧਾਇਕ ਢਿੱਲੋਂ ਨੇ ਕਿਹਾ ਕਿ ਸੰਤ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਬਰਗਾੜੀ ਵਿਖੇ ਜੋ ਅਕਾਲੀ ਦਲ ਖਿਲਾਫ਼ ਧਰਨਾ ਲਗਾਇਆ ਉਹ ਵੀ ਕੈਪਟਨ ਸਰਕਾਰ ਦੀ ਸਾਜਿਸ਼ ਸੀ ਪਰ ਪੰਜਾਬ ਦੇ ਲੋਕ ਅੱਜ ਵੀ ਪੰਥਕ ਪਾਰਟੀ ਅਕਾਲੀ ਦਲ ਨਾਲ ਹਨ ਅਤੇ ਲੋਕ ਸਭਾ ਚੋਣਾਂ ਵਿਚ ਕਾਂਗਰਸ ਨੂੰ ਆਪਣੀਆਂ ਸਾਜਿਸ਼ਾਂ ਦਾ ਖੁਮਿਆਜ਼ਾ ਭੁਗਤਨਾ ਪਵੇਗਾ। ਇਸ ਮੌਕੇ ਸਿਮਰਨਜੀਤ ਸਿੰਘ ਢਿੱਲੋਂ, ਜੱਥੇ. ਗੁਰਚਰਨ ਸਿੰਘ ਮੇਹਰਬਾਨ, ਧਰਮਜੀਤ ਸਿੰਘ ਗਿੱਲ, ਭਾਗ ਸਿੰਘ ਮਾਨਗੜ੍ਹ ਆਦਿ ਵੀ ਮੌਜੂਦ ਸਨ।