ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣ 'ਤੇ ਕਾਂਗਰਸ ਮੁੜ ਵਿਚਾਰ ਕਰੇ : ਬਾਦਲ

12/14/2018 2:38:06 PM

ਗਿੱਦੜਬਾਹਾ (ਤਰਸੇਮ ਢੁੱਡੀ, ਚਾਵਲਾ) - ਕਾਂਗਰਸ ਪਾਰਟੀ ਨੇ ਹਮੇਸ਼ਾ ਸਿੱਖ ਵਿਰੋਧੀ ਕੰਮਾਂ ਨੂੰ ਤਰਹੀਜ ਦਿੱਤੀ ਹੈ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸ਼ੁੱਕਰਵਾਰ ਨੂੰ ਹਲਕੇ ਦੇ ਪਿੰਡ ਕਾਉਣੀ ਅਤੇ ਛੱਤੇਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਹੈ। ਹਲਕੇ ਦੇ ਪਿੰਡ ਕਾਉਣੀ ਅਤੇ ਛੱਤੇਆਣਾ ਵਿਖੇ ਨਿੱਜੀ ਦੌਰੇ 'ਤੇ ਆਏ ਬਾਦਲ ਨੇ ਕਾਂਗਰਸ ਪਾਰਟੀ 'ਤੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਜੋ ਫੈਸਲਾ ਕੀਤਾ ਹੈ, ਉਹ ਗਲਤ ਹੈ। ਪਾਰਟੀ ਨੂੰ ਇਸ ਫੈਸਲੇ 'ਤੇ ਮੁੜ ਵਿਚਾਰ ਕਰ ਲੈਣਾ ਚਾਹੀਦਾ ਹੈ।

ਇਸ ਮੌਕੇ ਬਾਦਲ ਨੇ ਪੰਜਾਬ ਦੀ ਕਾਂਗਰਸ ਸਰਕਾਰ ਵਲੋ ਵਿਧਾਨਸਭਾ ਦਾ ਸੈਸ਼ਨ 2 ਦਿਨਾਂ ਦਾ ਕਰਨ ਦੀ ਨਿਖੇਧੀ ਕਰਦੇ ਕਿਹਾ ਕਿ ਸਰਕਾਰ ਇਸ ਤੋਂ ਚੰਗਾ ਵਿਧਾਨ ਸਭਾ ਸੈਸ਼ਨ ਨੂੰ ਬੰਦ ਹੀ ਕਰ ਦੇਵੇ। ਉਨ੍ਹਾਂ ਅਕਾਲੀ ਦਲ ਦੇ 98ਵੇਂ ਸਥਾਪਨਾ ਦਿਵਸ ਦਾ ਜ਼ਿਕਰ ਕਰਦੇ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕੁਰਬਾਨੀਆਂ ਭਰੀਆਂ ਰਿਹਾ ਹੈ ਅਤੇ ਅੱਗੇ ਵੀ ਇਸੇ ਤਰ੍ਹਾਂ ਅਕਾਲੀ ਦਲ ਦੇਸ਼ ਅਤੇ ਸੂਬੇ ਲਈ ਕੁਰਬਾਨੀਆਂ ਦਿੰਦਾ ਰਹੇਗਾ। ਇਸ ਮੌਕੇ ਸੁਰਜੀਤ ਸਿੰਘ ਮਾਨ ਚੱਕ ਗਿਲਜੇਵਾਲਾ, ਐਡਵੋਕੇਟ ਗੁਰਮੀਤ ਮਾਨ, ਗੁਰਪਿੰਕਸ ਮਾਨ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।


rajwinder kaur

Content Editor

Related News