ਕਾਂਗਰਸ ਨੇ ਰੁਜ਼ਗਾਰ ਮੇਲੇ ਦੇ ਨਾਂ ''ਤੇ ਨੌਜਵਾਨ ਵਰਗ ਨਾਲ ਸਭ ਤੋਂ ਵੱਡਾ ਭੱਦਾ ਮਜ਼ਾਕ ਕੀਤਾ : ਮਜੀਠੀਆ

09/02/2017 8:28:40 AM

ਅੰਮ੍ਰਿਤਸਰ (ਪੁਰੀ/ਛੀਨਾ)- ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰਤਾਗੱਦੀ ਦਿਵਸ ਮੌਕੇ 10 ਸਤੰਬਰ ਨੂੰ ਖਡੂਰ ਸਾਹਿਬ ਵਿਖੇ ਜੋੜ ਮੇਲੇ 'ਤੇ ਅਕਾਲੀ ਦਲ ਵੱਲੋਂ ਕਰਵਾਈ ਜਾ ਰਹੀ ਕਾਨਫਰੰਸ ਪ੍ਰਤੀ ਲੋਕਾਂ ਵਿਚ ਭਾਰੀ ਉਤਸ਼ਾਹ ਹੈ, ਖਾਸ ਕਰ ਕੇ ਨੌਜਵਾਨ ਉਕਤ ਕਾਨਫਰੰਸ ਵਿਚ ਵੱਡੀ ਗਿਣਤੀ 'ਚ ਹਿੱਸਾ ਲੈ ਕੇ ਕਾਂਗਰਸ ਸਰਕਾਰ ਦੀਆਂ ਜੜ੍ਹਾਂ ਹਿਲਾਉਣਗੇ।  ਇਹ ਪ੍ਰਗਟਾਵਾ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਖਡੂਰ ਸਾਹਿਬ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਅਕਾਲੀ ਆਗੂਆਂ ਦੀ ਮੀਟਿੰਗ ਉਪਰੰਤ ਕੀਤਾ। ਮੈਂਬਰ ਲੋਕ ਸਭਾ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਕੀਤੀ ਜਾ ਰਹੀ ਉਕਤ ਕਾਨਫਰੰਸ ਇਤਿਹਾਸਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਘਰ-ਘਰ ਨੌਕਰੀਆਂ ਦੇਣ ਦਾ ਲਾਰਾ ਲਾ ਕੇ ਹੋਂਦ ਵਿਚ ਆਈ ਕਾਂਗਰਸ ਸਰਕਾਰ ਨੇ ਰੁਜ਼ਗਾਰ ਮੇਲੇ ਦੇ ਨਾਂ 'ਤੇ ਨੌਜਵਾਨ ਵਰਗ ਨਾਲ ਸਭ ਤੋਂ ਵੱਡਾ ਭੱਦਾ ਮਜ਼ਾਕ ਕੀਤਾ ਹੈ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਨਿੱਜੀ ਕੰਪਨੀਆਂ ਨੂੰ ਲੈ ਕੇ ਪੰਜਾਬ ਸਰਕਾਰ ਨੌਕਰੀਆਂ ਦੇਣ ਦੀ ਗੱਲ ਕਰ ਰਹੀ ਹੈ ਉਨ੍ਹਾਂ ਨਾਲ ਸਰਕਾਰ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਕੰਪਨੀਆਂ ਪਹਿਲਾਂ ਹੀ ਆਪਣੇ ਪੱਧਰ 'ਤੇ ਪਲੇਸਮੈਂਟ ਦੀ ਵਿਵਸਥਾ ਕਰ ਰਹੀਆਂ ਹਨ। ਨੌਜਵਾਨ ਵਰਗ ਕਿਸਾਨਾਂ ਵਾਂਗ ਆਪਣੇ-ਆਪ ਨੂੰ ਕਾਂਗਰਸ ਹੱਥੋਂ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜੇ ਨੌਜਵਾਨ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਪਾਰਟੀ ਹਮੇਸ਼ਾ ਆਪਣੇ ਜੁਝਾਰੂ ਵਰਕਰਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ।
ਇਸ ਮੌਕੇ ਵਿਸ਼ਾਲ ਕਾਨਫਰੰਸ ਦੀ ਸਫਲਤਾ ਲਈ ਤਿਆਰੀਆਂ 'ਚ ਜੁਟੇ ਸ. ਮਜੀਠੀਆ ਅਤੇ ਜਥੇ. ਬ੍ਰਹਮਪੁਰਾ ਨੇ ਅੱਜ ਜ਼ਿਲੇ ਦੇ ਸੀਨੀਅਰ ਅਕਾਲੀ ਆਗੂਆਂ ਅਤੇ ਸਾਬਕਾ ਵਿਧਾਇਕਾਂ ਨਾਲ ਇਕ ਮੀਟਿੰਗ ਕਰਦਿਆਂ ਉਨ੍ਹਾਂ ਦੀਆਂ ਡਿਊਟੀਆਂ ਲਾਈਆਂ।


Related News