CM ਚੰਨੀ ਵੱਲੋਂ ਸਸਤੀ ਬਿਜਲੀ ਦੇ ਐਲਾਨ ’ਤੇ ਅਕਾਲੀ ਦਲ ਦਾ ਵੱਡਾ ਹਮਲਾ, ਕਿਹਾ-ਜਨਤਾ ਨਾਲ ਕੀਤਾ ਜਾ ਰਿਹੈ ਧੋਖਾ

Monday, Nov 01, 2021 - 06:12 PM (IST)

CM ਚੰਨੀ ਵੱਲੋਂ ਸਸਤੀ ਬਿਜਲੀ ਦੇ ਐਲਾਨ ’ਤੇ ਅਕਾਲੀ ਦਲ ਦਾ ਵੱਡਾ ਹਮਲਾ, ਕਿਹਾ-ਜਨਤਾ ਨਾਲ ਕੀਤਾ ਜਾ ਰਿਹੈ ਧੋਖਾ

 ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਿਜਲੀ ਦਰਾਂ ’ਚ ਕੀਤੇ 35 ਫੀਸਦੀ ਵਾਧੇ ਨੂੰ ਵਾਪਸ ਲੈਣ ਨਾਲ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੇ ਹਨ, ਜਦਕਿ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਬਿਜਲੀ ਖਪਤਕਾਰਾਂ ਲਈ 3 ਰੁਪਏ ਪ੍ਰਤੀ ਯੂਨਿਟ ਬਿਜਲੀ ਸਸਤੀ ਕਰਨ ਦੇ ਬਾਵਜੂਦ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ 800 ਯੂਨਿਟ ਮੁਫ਼ਤ ਬਿਜਲੀ ਦੇ ਮੁਕਾਬਲੇ 3791 ਕਰੋੜ ਰੁਪਏ ਵੱਧ ਵਸੂਲੇਗੀ। ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਭਵਨ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੱਖੋ-ਵੱਖ ਸਮਾਗਮਾਂ ਨੁੰ ਸੰਬੋਧਨ ਕੀਤਾ ਹੈ, ਜਿਨ੍ਹਾਂ ਨੇ ਕਾਂਗਰਸ ਸਰਕਾਰ ਦੇ ਅਸਲ ਮਨਸ਼ੇ ਸਾਬਤ ਕਰ ਦਿੱਤੇ ਹਨ । ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੇ ਇਹ ਕਹਿ ਕੇ ਕਾਂਗਰਸ ਸਰਕਾਰ ਨੂੰ ਬੇਨਕਾਬ ਕੀਤਾ ਹੈ ਕਿ ਉਹ ਆਪਣੇ ਕਾਰਜਕਾਲ ਦੇ ਆਖਰੀ ਦੋ ਮਹੀਨਿਆਂ ’ਚ ਲੋਕਾਂ ਨੂੰ ਮੂਰਖ ਬਣਾਉਣਾ ਚਾਹੁੰਦੀ ਹੈ ਤੇ ਉਨ੍ਹਾਂ ਨੇ ਸਰਕਾਰ ਨੂੰ ਸਪੱਸ਼ਟ ਪੁੱਛਿਆ ਹੈ ਕਿ ਉਹ ਆਪਣਾ ਵਾਅਦਾ ਨਿਭਾਉਣ ਲਈ ਪੈਸਾ ਕਿੱਥੋਂ ਲਿਆਏਗੀ।

ਇਹ ਵੀ ਪੜ੍ਹੋ : ਦੀਵਾਲੀ 'ਤੇ ਚੰਨੀ ਸਰਕਾਰ ਦਾ ਪੰਜਾਬੀਆਂ ਨੂੰ ਵੱਡਾ ਤੋਹਫ਼ਾ, 3 ਰੁਪਏ ਸਸਤੀ ਹੋਈ ਬਿਜਲੀ

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਜੇਕਰ ਵਿਰੋਧੀ ਧਿਰ ਦਾ ਨਹੀਂ ਤਾਂ ਆਪਣੇ ਹੀ ਸੂਬਾ ਕਾਂਗਰਸ ਪ੍ਰਧਾਨ ਦੇ ਬਿਆਨ ’ਤੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸਿਰਫ ਚੋਣ ਸਟੰਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਕਿ ਲੋਕ ਉਨ੍ਹਾਂ ’ਤੇ ਤਾਂ ਹੀ ਵਿਸ਼ਵਾਸ ਕਰਨਗੇ, ਜੇਕਰ ਉਨ੍ਹਾਂ ਨੂੰ ਕਾਂਗਰਸ ਸਰਕਾਰ ਦੇ ਰਹਿੰਦੇ ਕਾਰਜਕਾਲ ਦੌਰਾਨ ਘਟਿਆ ਹੋਇਆ ਘੱਟ ਤੋਂ ਘੱਟ ਇਕ ਬਿਜਲੀ ਬਿੱਲ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਸਰਕਾਰ ਦੀਆਂ ਲੋਕਾਂ ਨੂੰ ਧੋਖਾ ਦੇਣ ਦੀ ਮਨਸ਼ਾ ਸਾਬਤ ਹੁੰਦੀ ਹੈ ਕਿਉਂਕਿ ਸਰਕਾਰ ਸੋਚਦੀ ਹੈ ਕਿ ਜਦੋਂ ਉਸ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਵੀ ਲੋਕ ਉਸ ’ਤੇ ਵਿਸ਼ਵਾਸ ਕਰਨਗੇ। ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਨੇ ਕਾਂਗਰਸ ਨੂੰ ਇਸ ਦੇ ਬੀਤੇ ਸਮੇਂ ਦੇ ਕਾਰਿਆਂ ਤੋਂ ਜਾਣਨਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ 2017 ਵਿਚ ਸਸਤੀ ਬਿਜਲੀ ਦਾ ਵਾਅਦਾ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿਛਲੇ ਤਕਰੀਬਨ ਪੰਜ ਸਾਲਾਂ ’ਚ ਇਸ ਨੇ ਤਕਰੀਬਨ ਇਕ ਦਰਜਨ ਕਿਸ਼ਤਾਂ ’ਚ ਬਿਜਲੀ ਦਰਾਂ ਵਿਚ 35 ਫੀਸਦੀ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਖਾ ਮਾਲੀਆ ਇਕੱਤਰ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰ ਕੋਲ ਵਿਖਾਉਣ ਨੁੰ ਕੁਝ ਨਹੀਂ ਹੈ। ਇਸ ਨੇ ਸਰਕਾਰੀ ਵਿਭਾਗਾਂ ਦੇ 2231 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦੀ ਅਦਾਇਗੀ ਕਰਨੀ ਹੈ, ਜਿਸ ਤੋਂ ਸਾਬਤ ਹੁੰਦਾ ਹੈ ਕਿ ਵਾਧੂ ਮਾਲੀਆ ਭ੍ਰਿਸ਼ਟਾਚਾਰ ਤੇ ਕੁਪ੍ਰਸ਼ਾਸਨ ਦੀ ਭੇਟ ਚੜ੍ਹ ਗਿਆ ਹੈ।

ਅੱਜ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਦੀ ਗੱਲ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਅਜਿਹਾ ਅਕਾਲੀ ਦਲ ਤੇ ਬਸਪਾ ਗੱਠਜੋੜ ਸਰਕਾਰ ਵੱਲੋਂ ਬਿਜਲੀ ਖਪਤਕਾਰਾਂ ਨੂੰ ਹਰ ਬਿੱਲ ’ਤੇ 800 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਕੀਤੇ ਐਲਾਨ ਦਾ ਟਾਕਰਾ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਚੰਨੀ ਵੱਲੋਂ ਕੀਤੇ ਵਾਅਦੇ ਦਾ ਹਿਸਾਬ ਵੀ ਲਗਾਈਏ ਤਾਂ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਐਲਾਨ ਦੇ ਮੁਕਾਬਲੇ ਚੰਨੀ ਸਰਕਾਰ ਖਪਤਕਾਰਾਂ ਨੂੰ 3791 ਕਰੋੜ ਰੁਪਏ ਦੀ ਰਾਹਤ ਘੱਟ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਖਪਤਕਾਰਾਂ ਨਾਲ ਕੀਤੇ 800 ਯੂਨਿਟ ਬਿਜਲੀ ਦੇ ਮੁਫ਼ਤ ਵਾਅਦੇ ਦੀ ਗੱਲ ਕਰੀਏ ਤਾਂ ਖਪਤਕਾਰਾਂ ਨੂੰ 6191 ਕਰੋੜ ਰੁਪਏ ਦਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਐਲਾਨੀ ਸ਼ੱਕੀ ਰਾਹਤ ਦੀ ਇਹ ਰਾਸ਼ੀ 2400 ਕਰੋੜ ਰੁਪਏ ਬਣਦੀ ਹੈ। ਡਾ. ਚੀਮਾ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਦੱਸਣ ਕਿ ਉਹ ਆਪਣੇ ਤਾਜ਼ਾ ਐਲਾਨ ਨਾਲ ਆਪਣਾ ਵਾਅਦੇ ਕਿਵੇਂ ਲਾਗੂ ਕਰਨਗੇ ਕਿਉਂਕਿ ਇਸ ਨਾਲ ਸਬਸਿਡੀ ਦਾ ਬਿੱਲ 13934 ਕਰੋੜ ਰੁਪਏ ਹੋ ਜਾਵੇਗਾ। ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਬਿਜਲੀ ਖਰੀਦ ਸਮਝੌਦੇ ਰੱਦ ਕਰਨ ਬਾਰੇ ਵੀ ਫੈਸਲਾ ਲੈਣ। ਉਨ੍ਹਾਂ ਕਿਹਾ ਕਿ ਜੀ. ਵੀ. ਕੇ. ਨਾਲ ਪਾਵਰ ਪ੍ਰਚੇਜ਼ ਐਗਰੀਮੈਂਟ (ਪੀ. ਪੀ. ਏ.) ਰੱਦ ਕਰਨਾ ਬੇਤੁਕਾ ਹੈ ਕਿਉਂਕਿ ਕੰਪਨੀ ਪਹਿਲਾਂ ਹੀ ਢਹਿ-ਢੇਰੀ ਹੋ ਗਈ ਹੈ ਤੇ ਸਰਕਾਰ ਨੇ ਆਪ ਇਸ ਨੂੰ ਨਾਨ- ਪ੍ਰਫਾਰਮਿੰਗ ਜਾਇਦਾਦ ਮੰਨਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਹੋਰ ਪੀ. ਪੀ. ਏ. ਰੱਦ ਕਰਕੇ ਪ੍ਰਸ਼ਾਸਕੀ ਕਾਰਵਾਈ ਕਰਨ ਦਾ ਵਾਅਦਾ ਕੀਤਾ ਸੀ ਪਰ ਮੁੱਖ ਮੰਤਰੀ ਹੁਣ ਸਿਰਫ ਇਹ ਮਾਮਲਾ ਵਿਧਾਨ ਸਭਾ ’ਚ ਲੈ ਕੇ ਜਾਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਹੁਣ ਇਹ ਨਾਅਰੇ ਨਹੀਂ ਲਾਉਣੇ ਚਾਹੀਦੇ, ਜਦਕਿ ਲੋੜੀਂਦੇ ਫੈਸਲੇ ਲੈਣਾ ਉਨ੍ਹਾਂ ਦੇ ਅਧਿਕਾਰ ਖੇਤਰ ’ਚ ਹੈ।

 

 

 


author

Manoj

Content Editor

Related News