ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਲਗਾਤਾਰ ਪੰਥਕ ਤੇ ਵੱਡੇ ਚਿਹਰੇ ਖੋਹ ਰਹੀ ਭਾਜਪਾ

Monday, Dec 05, 2022 - 06:26 PM (IST)

ਅਕਾਲੀ ਦਲ ਲਈ ਖ਼ਤਰੇ ਦੀ ਘੰਟੀ, ਲਗਾਤਾਰ ਪੰਥਕ ਤੇ ਵੱਡੇ ਚਿਹਰੇ ਖੋਹ ਰਹੀ ਭਾਜਪਾ

ਪਟਿਆਲਾ (ਮਨਦੀਪ ਸਿੰਘ ਜੋਸਨ) : ਭਾਰਤੀ ਜਨਤਾ ਪਾਰਟੀ ਕਈ ਦਹਾਕੇ ਆਪਣੀ ਭਾਗੀਦਾਰ ਰਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਅਸਲੀ ਪੰਥਕ ਚਿਹਰੇ ਖੋਹ ਰਹੀ ਹੈ, ਜਿਸ ਨੇ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਅੰਦਰ ਵੀ ਭਾਜਪਾ ਪ੍ਰਤੀ ਪਾਜ਼ੇਟਿਵ ਚਰਚਾ ਛੇੜ ਦਿੱਤੀ ਹੈ। ਭਾਜਪਾ ਵੱਲੋਂ ਜਿੱਥੇ ਹਾਲ ਹੀ ’ਚ ਆਈਆਂ ਲਿਸਟਾਂ ’ਚ ਸੂਬੇ ਦੇ ਕਈ ਨਾਮਵਰ ਸਿੱਖ ਚਿਹਰਿਆਂ ਨੂੰ ਥਾਂ ਦਿੱਤੀ ਗਈ ਹੈ, ਉੱਥੇ ਹੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਇੰਜੀ. ਕੰਵਰਵੀਰ ਸਿੰਘ ਟੌਹੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪ ਕੇ ਸਿੱਧੇ ਤੌਰ ’ਤੇ ਛੱਕਾ ਮਾਰਿਆ ਹੈ, ਜਿਸ ਨੇ ਪੂਰੇ ਸੂਬੇ ਅੰਦਰ ਨਵੀਂ ਰਾਜਸੀ ਚਰਚਾ ਛੇੜ ਦਿੱਤੀ ਹੈ। ਇਹ ਨਿਯੁਕਤੀ ਅਕਾਲੀ ਦਲ ਦੇ ਮੂੰਹ ’ਤੇ ਚਪੇੜ ਸਾਬਿਤ ਹੋ ਰਹੀ ਹੈ। ਕਿਸੇ ਸਮੇਂ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਚਲਾਉਂਦੇ ਸਨ। ਇੰਝ ਕਹਿ ਲਵੋ ਕਿ ਅਕਾਲੀ ਦਲ ਦੀਆਂ ਸਰਕਾਰਾਂ ’ਚ ਜਾਂ ਐੱਸ. ਜੀ. ਪੀ. ਸੀ. ’ਚ ਕੋਈ ਵੀ ਫੈਸਲਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਹਿਮਤੀ ਤੋਂ ਬਿਨਾਂ ਨਹੀਂ ਸੀ ਹੁੰਦਾ। 27 ਸਾਲ ਤੋਂ ਵਧ ਸਮਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀਆਂ ਕੁਝ ਸਮਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੂਰੀਆਂ ਵੀ ਰਹੀਆਂ ਪਰ ਜਾਣ ਤੋਂ ਪਹਿਲਾਂ ਇਹ ਦੂਰੀਆਂ ਫਿਰ ਨਜ਼ਦੀਕੀਆਂ ’ਚ ਬਦਲ ਗਈਆਂ ਸਨ। ਪੰਜਾਬ ਅਤੇ ਪੰਜਾਬੀਅਤ ਦੇ ਹਰ ਘਰ ’ਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਯਾਦ ਕੀਤਾ ਜਾਂਦਾ ਹੈ ਪਰ ਅਕਾਲੀ ਦਲ ਨੇ ਇਸ ਪੰਥਕ ਅਤੇ ਟਕਸਾਲੀ ਪਰਿਵਾਰ ਦਾ ਜੋ ਹਾਲ ਕੀਤਾ, ਉਹ ਕਿਸੇ ਤੋਂ ਵੀ ਛੁਪਿਆ ਨਹੀਂ ਹੈ।

ਇਹ ਵੀ ਪੜ੍ਹੋ : ਕਿਸਾਨਾਂ ਵਲੋਂ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਇਕ ਮਹੀਨੇ ਲਈ ਫ੍ਰੀ ਕਰਨ ਦਾ ਐਲਾਨ

ਜਿਸ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਚਲਾਉਂਦੇ ਰਹੇ, ਉਸ ਪਰਿਵਾਰ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਅੰਦਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਕ ਵਿਧਾਨ ਸਭਾ ਟਿਕਟ ਵੀ ਨਾ ਦਿੱਤੀ। ਇਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਨਜ਼ਦੀਕੀਆਂ ਨੂੰ ਪੂਰੀ ਸਕੀਮ ਤਹਿਤ ਖੁੱਡੇ ਲਾਈਨ ਲਗਾਇਆ ਗਿਆ। ਜਥੇਦਾਰ ਟੌਹੜਾ ਦੇ ਜਵਾਈ ਪੰਜਾਬ ਦੇ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਅਤੇ ਪਰਿਵਾਰ 2017 ’ਚ ਅਕਾਲੀ ਦਲ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ’ਚ ਚਲਾ ਗਿਆ ਸੀ। ਉਸ ਤੋਂ ਬਾਅਦ ਫਿਰ ਅਕਾਲੀ ਦਲ ਨੇ ਆਪਣੇ ਪਰਦੇ ਢਕਣ ਲਈ ਇਸ ਪੰਥਕ ਪਰਿਵਾਰ ਦੀ ਵਾਪਸੀ ਕਰਵਾਈ। ਇਨ੍ਹਾਂ ਨਾਲ ਟਿਕਟ ਦੇ ਵਾਅਦੇ ਅਤੇ ਹੋਰ ਮਾਣ-ਸਨਮਾਨ ਦੇ ਵਾਅਦੇ ਵੀ ਕੀਤੇ ਪਰ ਇਨ੍ਹਾਂ ਵਾਅਦਿਆਂ ਨੂੰ ਅਮਲੀ ਜਾਮਾ ਨਾ ਪਹਿਨਾਇਆ।

ਇਹ ਵੀ ਪੜ੍ਹੋ : ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਵੱਡੀ ਖ਼ਬਰ, ਐੱਫ. ਬੀ. ਆਈ. ਨੇ ਕੀਤਾ ਪੰਜਾਬ ਪੁਲਸ ਨਾਲ ਸੰਪਰਕ

PunjabKesari

ਹਰਿੰਦਰਪਾਲ ਟੌਹੜਾ ਨੂੰ ਵੀ ਨਹੀਂ ਦਿੱਤੀ ਸੀ ਯੂਥ ਅਕਾਲੀ ਦਲ ਪਟਿਆਲਾ ਦੀ ਪ੍ਰਧਾਨਗੀ

‘ਪੰਥ ਵਸੇ ਮੈਂ ਉਜੜਾਂ’ ਦਾ ਨਾਅਰਾ ਦੇਣ ਵਾਲੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵੱਡੇ ਦੋਹਤਰੇ ਹਰਿੰਦਰਪਾਲ ਸਿੰਘ ਟੌਹੜਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਸਿਰਫ਼ ਤੇ ਸਿਰਫ਼ ਯੂਥ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦੀ ਦਿਹਾਤੀ ਪ੍ਰਧਾਨਗੀ ਵੀ ਨਾ ਦਿੱਤੀ। ਇਹ ਗੁਰਸਿੱਖ ਨੌਜਵਾਨ ਜ਼ਿਲ੍ਹਾ ਪਟਿਆਲਾ ਦੇ ਕਈ ਵੱਡੇ ਲੀਡਰਾਂ ਨੂੰ ਲੈ ਕੇ ਅਕਾਲੀ ਦਲ ਦੇ ਪ੍ਰਧਾਨ ਦੇ ਚੱਕਰ ਕੱਟਦਾ ਰਿਹਾ। ਹੈਰਾਨੀ ਹੈ ਕਿ ਜਿਸ ਪਰਿਵਾਰ ਤੋਂ ਸਾਰਾ ਪੰਜਾਬ ਚੱਲਦਾ ਸੀ, ਜਿਸ ਟੌਹੜਾ ਪਿੰਡ ਵਿਖੇ ਸਵੇਰੇ 4 ਵਜੇ ਤੋਂ ਸੂਬੇ ਦੇ ਨਾਲ-ਨਾਲ ਦੇਸ਼ ਦੇ ਵੱਡੇ ਨੇਤਾ ਤੇ ਸੀਨੀਅਰ ਬਿਊਰੋਕ੍ਰੇਸੀ ਦੀਆਂ ਗੱਡੀਆਂ ਲਾਈਨਾਂ ’ਚ ਲੱਗ ਸਕਦੀਆਂ ਸਨ, ਉਸ ਪਰਿਵਾਰ ਦੇ ਵਾਰਿਸ ਨੂੰ ਇਕ ਜ਼ਿਲ੍ਹੇ ਦੀ ਛੋਟੀ ਜਿਹੀ ਪ੍ਰਧਾਨਗੀ ਵੀ ਨਸੀਬ ਨਾ ਹੋਈ। ਇਸ ਤੋਂ ਵਧ ਇਸ ਪਰਿਵਾਰ ਦੀ ਹੋਰ ਜਲੀਲਤਾ ਕੀ ਹੋ ਸਕਦੀ ਹੈ। ਇਸ ਕਾਰਨ ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਨੇ ਆਪਣੀ ਸੀਨੀਅਰ ਮੀਤ ਪ੍ਰਧਾਨਗੀ ਤੋਂ ਵੀ ਅਸਤੀਫਾ ਦੇ ਦਿੱਤਾ। ਪਰਿਵਾਰ ’ਚ ਅਕਾਲੀ ਦਲ ਪ੍ਰਤੀ ਵੱਡੇ ਗਿਲੇ ਸ਼ਿਕਵੇ ਹਨ, ਜਿਨ੍ਹਾਂ ਨੂੰ ਦੂਰ ਕਰਨ ’ਚ ਅਕਾਲੀ ਦਲ ਅਸਫਲ ਰਿਹਾ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਹੀ ਇਸ ਟੌਹੜਾ ਪਰਿਵਾਰ ਨੂੰ ਅਕਾਲੀ ਦਲ ਨੇ ਕੋਈ ਵੀ ਵਿਧਾਨ ਸਭਾ ਦੀ ਟਿਕਟ ਨਾ ਦਿੱਤੀ। ਇੱਥੋਂ ਤੱਕ ਕਿ ਟੌਹੜਾ ਪਰਿਵਾਰ ਦੇ ਸਕੇ ਟਕਸਾਲੀ ਮੁਖਮੈਲਪੁਰ ਪਰਿਵਾਰ ਦੀ ਟਿਕਟ ਵੀ ਕੱਟ ਦਿੱਤੀ ਗਈ।

ਇਹ ਵੀ ਪੜ੍ਹੋ : ਐੱਸ. ਟੀ. ਐੱਫ. ਨੇ ਇੰਝ ਫੜਿਆ ਗੈਂਗਸਟਰ ਗੋਲਡੀ ਬਰਾੜ, ਟੀਮ ਦਾ ਹਿੱਸਾ ਰਹੇ ਪੁਲਸ ਅਫਸਰ ਨੇ ਕੀਤੇ ਵੱਡੇ ਖ਼ੁਲਾਸੇ

ਕੰਵਰ ਟੌਹੜਾ ਦੀ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਦਾ ਅਧਾਰ ਵਧੇਗਾ 

ਆਖਿਰ ਅਕਾਲੀ ਦਲ ਦੇ ਇਸ ਟਕਸਾਲੀ ਪਰਿਵਾਰ ਪ੍ਰਤੀ ਵੱਡੀ ਬੇਰੁਖੀ ਕਾਰਨ ਰੋਜ਼-ਰੋਜ਼ ਜਲੀਲ ਹੁੰਦੇ ਦੇਖ ਇਸ ਪੰਥਕ ਪਰਿਵਾਰ ਦੇ ਦੂਸਰੇ ਵਾਰਿਸ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦੋਹਤਰੇ ਇੰਜੀ. ਕੰਵਰਵੀਰ ਸਿੰਘ ਟੌਹੜਾ ਨੇ 2022 ਦੀ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ। ਇਸ ਨੌਜਵਾਨ ਨੂੰ ਭਾਜਪਾ ਨੇ ਹਲਕਾ ਅਮਲੋਹ ਤੋਂ ਉਸੇ ਸਮੇਂ ਵਿਧਾਨ ਸਭਾ ਦੀ ਟਿਕਟ ਦੇ ਕੇ ਨਿਵਾਜਿਆ। ਹੁਣ ਭਾਰਤੀ ਜਨਤਾ ਪਾਰਟੀ ਨੇ ਪੰਥਕ ਚਿਹਰਿਆਂ ਦੀ ਪਛਾਣ ਕਰਦੇ ਹੋਏ ਟੌਹੜਾ ਪਰਿਵਾਰ ਦੇ ਇਸ ਵਾਰਿਸ ਇੰਜੀ. ਕੰਵਰਵੀਰ ਸਿੰਘ ਟੌਹੜਾ ਨੂੰ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦਾ ਸੂਬਾ ਪ੍ਰਧਾਨ ਥਾਪਿਆ ਹੈ, ਜਿਸ ਨੂੰ ਸਿੱਧੇ ਤੌਰ ’ਤੇ ਅਕਾਲੀ ਦਲ ਦੇ ਮੂੰਹ ’ਤੇ ਚਪੇੜ ਮੰਨਿਆ ਜਾ ਰਿਹਾ ਹੈ। ਜਿਥੇ ਪਿੰਡਾਂ ਅੰਦਰ ਇਸ ਨਿਯੁਕਤੀ ਨਾਲ ਭਾਰਤੀ ਜਨਤਾ ਪਾਰਟੀ ਦਾ ਵੱਡਾ ਆਧਾਰ ਵਧੇਗਾ, ਉੱਥੇ ਅਕਾਲੀ ਦਲ ਨੂੰ ਇਸ ਦੀ ਭਰਪਾਈ ਕਰਨੀ ਮੁਸ਼ਕਿਲ ਹੋਵੇਗੀ।

ਇਹ ਵੀ ਪੜ੍ਹੋ : ਸੂਬੇ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਪੰਥਕ ਪਰਿਵਾਰਾਂ ਦਾ ਅਕਾਲੀ ਦਲ ਤੋਂ ਜਾਣਾ ਅਕਾਲੀ ਦਲ ਲਈ ਅਸ਼ੁੱਭ ਸੰਕੇਤ

ਪੰਥਕ ਪਰਿਵਾਰਾਂ ਨੂੰ ਵਿਸਾਰਨ ਕਾਰਨ ਅਕਾਲੀ ਦਲ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਸਿਰਫ਼ 3 ਸੀਟਾਂ ਨਸੀਬ ਹੋਈਆਂ ਸਨ। ਇਥੋਂ ਤੱਕ ਕਿ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਵੀ ਆਪਣੀ ਚੋਣਾਂ ਹਾਰ ਗਏ। 1997 ਦੀ ਸਰਕਾਰ ਸਮੇਂ ਅਕਾਲੀ ਦਲ ਨੇ ਵੀ 90 ਤੋਂ ਵੱਧ ਸੀਟਾਂ ’ਤੇ ਜਿੱਤ ਪ੍ਰਾਪਤ ਕੀਤੀ ਸੀ। 1997 ਤੋਂ ਲੈ ਕੇ 2022 ਤੱਕ ਦੇ ਸਫਰ ’ਚ 15 ਸਾਲ ਪੰਜਾਬ ਦੀ ਰਾਜ ਸੱਤਾ ’ਤੇ ਅਕਾਲੀ ਦਲ ਕਾਬਿਜ਼ ਰਿਹਾ। ਇਸ ਦੇ ਬਾਵਜੂਦ ਅਕਾਲੀ ਦਲ ਦਾ ਗ੍ਰਾਫ ਲਗਾਤਾਰ ਡਿੱਗਿਆ, ਜਿਨ੍ਹਾਂ ਗਲਤੀਆਂ ਕਰ ਕੇ ਅਕਾਲੀ ਦਲ ਦਾ ਗ੍ਰਾਫ ਡਿੱਗਿਆ, ਅੱਜ ਪਾਰਟੀ ਉਨ੍ਹਾਂ ਗਲਤੀਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਸ਼੍ਰੋਮਣੀ ਅਕਾਲੀ ਦਲ ਨੇ ਟੌਹੜਾ ਪਰਿਵਾਰ ਤੋਂ ਬਾਅਦ ਪਟਿਆਲਾ ’ਚ ਮੁਖਮੈਲਪੁਰ ਪਰਿਵਾਰ, ਲਗਾਤਾਰ 8 ਵਾਰ ਵਿਧਾਇਕ ਰਹਿ ਚੁੱਕੇ ਸੰਧੂ ਪਰਿਵਾਰ ਦੇ ਵਾਰਿਸ ਤੇਜਿੰਦਰਪਾਲ ਸੰਧੂ, ਤਲਵੰਡੀ ਪਰਿਵਾਰਾਂ ਸਮੇਤ ਬਹੁਤ ਸਾਰੇ ਸੂਬੇ ਦੇ ਪੰਥਕ ਪਰਿਵਾਰ ਗੁਆਏ ਹਨ। ਅਕਾਲੀ ਦਲ ਦੀਆਂ ਪੰਥ ਤੋਂ ਦੂਰੀਆਂ ਕਾਰਨ ਢੀਂਡਸਾ ਪਰਿਵਾਰ ਸਮੇਤ ਕਈ ਵੱਡੇ ਪਰਿਵਾਰ ਦੂਰ ਹੋਏ। ਇਥੋਂ ਤੱਕ ਕਿ ਇਸ ਸਮੇਂ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਵਰਗੀ ਨੇਤਾ ਗੁਆ ਲਈ ਜਿਹੜੀ ਕਿ ਹਿੱਕ ਤਾਨ ਕੇ ਸੁਖਬੀਰ ਸਿੰਘ ਬਾਦਲ ਨਾਲ ਖੜ੍ਹੀ ਹੁੰਦੀ ਰਹੀ। ਜੇਕਰ ਅਕਾਲੀ ਦਲ ਅਜੇ ਵੀ ਨਾ ਜਾਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ’ਚੋਂ ਅਕਾਲੀ ਦਲ ਪੂਰੀ ਤਰ੍ਹਾਂ ਮਨਫੀ ਹੋ ਕੇ ਰਹਿ ਜਾਵੇਗਾ।

ਇਹ ਵੀ ਪੜ੍ਹੋ : ਆਟਾ-ਦਾਲ ਸਕੀਮ ਵਾਲੇ ਕਾਰਡ ਧਾਰਕਾਂ ਨੂੰ ਲੱਗ ਸਕਦੈ ਝਟਕਾ, ਵੱਡੀ ਕਾਰਵਾਈ ਦੀ ਤਿਆਰੀ ’ਚ ਪੰਜਾਬ ਸਰਕਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News