ਕੈਪਟਨ ਸਰਕਾਰ ਖਿਲਾਫ ਧਰਨੇ ''ਤੇ ਬੈਠੇ ਅਕਾਲੀ-ਭਾਜਪਾ ਦੇ ਆਗੂ, ਕੀਤੇ ਤਿੱਖੇ ਸਿਆਸੀ ਹਮਲੇ
Monday, Jun 12, 2017 - 02:01 PM (IST)
ਬਰਨਾਲਾ— ਪੰਜਾਬ ਭਰ 'ਚ ਸੋਮਵਾਰ ਨੂੰ ਕੈਪਟਨ ਸਰਕਾਰ ਖਿਲਾਫ ਅਕਾਲੀ ਦਲ-ਭਾਜਪਾ ਅਤੇ ਐੱਸ. ਜੀ. ਪੀ. ਸੀ. ਵੱਲੋਂ ਸਾਂਝੇ ਤੌਰ 'ਤੇ ਡੀ. ਸੀ. ਦਫਤਰਾਂ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਬਰਨਾਲਾ 'ਚ ਵੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿੱਪ ਦੀ ਅਗਵਾਈ 'ਚ ਡੀ. ਸੀ. ਦਫਤਰ ਦੇ ਅੱਗੇ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ 'ਚ ਜ਼ਿਲੇ ਭਰ ਦੇ ਅਹੁਦੇਦਾਰਾਂ ਸਣੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ 'ਚ ਹਾਜ਼ਰੀ ਲਵਾ ਰਹੇ ਹਨ। ਧਰਨੇ ਦੌਰਾਨ ਅਕਾਲੀ-ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਕੈਪਟਨ ਖਿਲਾਫ ਤਿੱਖੇ ਸਿਆਸੀ ਹਮਲੇ ਕੀਤੇ ਜਾ ਰਹੇ ਹਨ। ਕੈਪਟਨ ਸਰਕਾਰ ਖਿਲਾਫ ਤਿੰਨ ਮਹੀਨਿਆਂ ਦੀ ਸਰਕਾਰ ਦੀ ਕਾਰਗੁਜ਼ਾਰੀ 'ਚ ਅਹਿਮ ਸਵਾਲ ਚੁੱਕੇ ਅਤੇ ਕੈਪਟਨ ਵੱਲੋਂ ਲੋਕਾਂ ਤੋਂ ਦੂਰ ਰਹਿਣ ਦੇ ਦੋਸ਼ ਲਗਾਏ। ਇਸ ਧਰਨੇ 'ਚ ਅਕਾਲੀ ਅਗੂਆਂ ਨੌਜਵਾਨਾਂ ਨੂੰ ਰੋਜ਼ਗਾਰ ਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਭੱਜਣ ਦੀ ਗੱਲ ਕੀਤੀ ਗਈ।
ਸੀਨੀਅਰ ਅਕਾਲੀ ਆਗੂ ਸੁਰਿੰਦਰਪਾਲ ਸਿੰਘ ਸਿਬੀਆ ਅਤੇ ਬਲਵੀਰ ਸਿੰਘ ਘੁੰਨਸ ਨੇ ਇਸ ਧਰਨੇ 'ਚ ਕੈਪਟਨ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ 'ਚੋਂ ਕੋਈ ਵੀ ਵਾਅਦਾ ਵਫਾ ਨਹੀਂ ਕੀਤਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੈਪਟਨ ਆਪਣੀ ਮਹਿਲਾ ਦੋਸਤ ਅਰੂਸ਼ਾ ਆਲਮ ਦੇ ਨਾਲ ਪਹਾੜਾਂ 'ਚ ਘੁੰਮ ਰਹੇ ਹਨ ਤੇ ਪੰਜਾਬ ਦੇ ਲੋਕਾਂ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਬਿਲਕੁਲ ਵੀ ਭੰਗ ਹੋ ਚੁੱਕਾ ਹੈ ਅਤੇ ਅਕਾਲੀ ਵਰਕਰਾਂ ਸਣੇ ਆਗੂਆਂ ਨਾਲ ਸਿਆਸੀ ਬਦਲਖੋਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਅਕਾਲੀ ਦਲ ਵੱਲੋਂ ਹੋਰ ਵੀ ਤਿੱਖਾ ਮੋਰਚਾ ਲਗਾਇਆ ਜਾਵੇਗਾ।
