ਅਕਾਲੀ ਦਲ ਨਾਲ ਗਠਜੋੜ ਨੂੰ ਲੈ ਕੇ ਭਾਜਪਾ ਦਾ ਵੱਡਾ ਬਿਆਨ

Sunday, Jan 08, 2023 - 06:34 PM (IST)

ਮਲੋਟ (ਜੁਨੇਜਾ) : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨਾਂ ਨੁਕਸਾਨ ਭਾਜਪਾ ਦਾ ਕਾਂਗਰਸ ਨੇ ਨਹੀਂ ਕੀਤਾ ਜਿੰਨਾਂ ਅਕਾਲੀ ਦਲ ਨੇ ਕੀਤਾ ਹੈ। ਇਸ ਲਈ ਭਾਜਪਾ ਪੰਜਾਬ ਅੰਦਰ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਰੱਖੇਗੀ ਅਤੇ ਸਾਰੀਆਂ 117 ਸੀਟਾਂ ਉਪਰ ਇਕੱਲਿਆਂ ਚੋਣ ਲੜੇਗੀ। ਅਸ਼ਵਨੀ ਸ਼ਰਮਾ ਅੱਜ ਨਵੇਂ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਦੀ ਤਾਜਪੋਸ਼ੀ ਸਬੰਧੀ ਸਥਾਨਕ ਇਕ ਪੈਲੇਸ ਵਿਚ ਰੱਖੇ ਪ੍ਰੋਗਰਾਮ ਮੌਕੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਨੇ ਅਕਾਲੀ ਦਲ ਨੂੰ ਨਹੀਂ ਛੱਡਿਆ ਸਗੋਂ ਅਕਾਲੀ ਦਲ ਨੇ ਔਖੇ ਸਮੇਂ ਵਿਚ ਭਾਜਪਾ ਦਾ ਹੱਥ ਛੱਡਿਆ ਹੈ, ਇਸ ਲਈ ਪਾਰਟੀ ਹੁਣ ਅਕਾਲੀ ਦਲ ਨਾਲ ਕਿਸੇ ਤਰ੍ਹਾਂ ਦੀ ਸਾਂਝ ਨਹੀਂ ਰੱਖੇਗੀ। ਉਨ੍ਹਾਂ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ ਪਰ ਅੱਜ ਪੰਜਾਬ ਦੀ ਜਵਾਨੀ ਨਸ਼ੇ ਵਿਚ ਡੁੱਬ ਚੁੱਕੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਅਜੇ ਜਾਰੀ ਰਹੇਗਾ ਹੱਡ ਚੀਰਵੀਂ ਠੰਡ ਦਾ ਦੌਰ, ਮੌਸਮ ਵਿਭਾਗ ਨੇ ਜਾਰੀ ਕੀਤਾ ਬੁਲੇਟਿਨ

ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਪੰਜਾਬ ਅੰਦਰ ਜਿੱਥੇ ਜਵਾਨੀ ਨਸ਼ੇ ਵਿਚ ਖ਼ਤਮ ਹੋ ਰਹੀ ਹੈ, ਉਥੇ ਹੀ ਅਮਨ ਕਾਨੂੰਨ ਦੀ ਮਾੜੀ ਸਥਿਤੀ ਕਰਕੇ ਪੰਜਾਬ ਦੇ ਉਦਯੋਗਪਤੀ ਪੰਜਾਬ ਨੂੰ ਛੱਡ ਕੇ ਬਾਹਰ ਉਦਯੋਗ ਲਗਾ ਰਹੇ ਹਨ। ਸੂਬਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਅਕਾਲੀ ਦਲ, ਕਾਂਗਰਸ ਅਤੇ ਹੁਣ ਆਮ ਆਦਮੀ ਪਾਰਟੀ ਸਮੇਤ ਸਾਰੀਆਂ ਪਾਰਟੀਆਂ ਨੂੰ ਅਜ਼ਮਾ ਕਿ ਵੇਖ ਕਿ ਲਿਆ ਹੈ, ਹੁਣ ਉਨ੍ਹਾਂ ਦੀ ਆਸ ਭਾਜਪਾ ’ਤੇ ਹੈ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਸੂਬੇ ਦੇ ਵਿਕਾਸ ਲਈ ਕੰਮ ਕਰ ਸਕਦੀ ਹੈ। 

ਇਹ ਵੀ ਪੜ੍ਹੋ : ਹਾਂਗਕਾਂਗ ਗਈ ਮਜ਼ਦੂਰ ਮਾਪਿਆਂ ਦੀ ਧੀ ਨਾਲ ਵੱਡਾ ਹਾਦਸਾ, ਕੰਮ ਕਰਦਿਆਂ 23ਵੀਂ ਮੰਜ਼ਿਲ ਤੋਂ ਡਿੱਗਣ ਨਾਲ ਮੌਤ

ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਪਿੰਡਾਂ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਢੁਕਵੇਂ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਜ਼ਿਲ੍ਹਾ ਪ੍ਰਧਾਨਾਂ ਨੂੰ  ਉਨ੍ਹਾਂ ਦੀ ਜ਼ਿੰਮੇਵਾਰੀ ਦੇਣ ਮੌਕੇ ਰਾਜ ਭਰ ਵਿਚ ਪ੍ਰੋਗਰਾਮ ਕਰਨ ਦਾ ਮੰਤਵ ਹੀ ਵਰਕਰਾਂ ਨੂੰ ਅਪੀਲ ਕਰਨਾ ਹੈ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਜੁਟ ਜਾਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਤੀਸ਼ ਅਸੀਜਾ ਨੇ ਆਏ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹਾ ਇੰਚਾਰਜ ਦਮਨ ਥਿੰਦ ਬਾਜਵਾ, ਸਾਬਕਾ ਜ਼ਿਲ੍ਹਾ ਪ੍ਰਧਾਨ ਰਜੇਸ਼ ਪਠੇਲਾ, ਸੋਮ ਨਾਥ ਕਾਲੜਾ, ਸੁਭਾਸ਼ ਗੁੰਬਰ, ਹਰੀਸ਼ ਗਰੋਵਰ ਸਮੇਤ ਆਗੂ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵੱਡਾ ਫ਼ੈਸਲਾ, ਸਕੂਲਾਂ ਲਈ ਜਾਰੀ ਕੀਤੇ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Gurminder Singh

Content Editor

Related News