ਅਕਾਲੀ ਦਲ 'ਤੇ ਵਧਿਆ ਗਠਜੋੜ ਤੋੜਨ ਦਾ ਦਬਾਅ
Friday, Sep 18, 2020 - 12:27 PM (IST)
ਚੰਡੀਗੜ੍ਹ/ਜਲੰਧਰ: ਖੇਤੀਬਾੜੀ ਆਰਡੀਨੈਂਸਾਂ ਦੇ ਮਾਮਲੇ 'ਤੇ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਵਜ਼ਾਰਤ ਤੋਂ ਦਿੱਤੇ ਗਏ ਅਸਤੀਫੇ ਤੋਂ ਬਾਅਦ ਅਕਾਲੀ ਦਲ ਦੇ ਅਗਲੇ ਕਦਮ 'ਤੇ ਸਾਰੇ ਸਿਆਸੀ ਮਾਹਿਰਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਅਕਾਲੀ ਦਲ ਦੇ ਅੰਦਰ ਹੀ ਇਸ ਮੁੱਦੇ ਨੂੰ ਲੈ ਕੇ ਹੁਣ ਪਾਰਟੀ ਵਲੋਂ ਭਾਜਪਾ ਨਾਲ ਗਠਜੋੜ ਤੋੜਨ ਦਾ ਦਬਾਅ ਵੱਧਦਾ ਜਾ ਰਿਹਾ ਹੈ। ਹਰਸਿਮਰਤ ਦੇ ਅਸਤੀਫੇ ਤੋਂ ਬਾਅਦ ਕਈ ਅਕਾਲੀ ਆਗੂ ਹੁਣ ਖੁੱਲ ਕੇ ਮੀਡੀਆ 'ਚ ਵੀ ਇਸ 'ਤੇ ਆਪਣੀ ਰਾਏ ਰੱਖ ਰਹੇ ਹਨ। ਇਸ ਤੋਂ ਪਹਿਲਾਂ ਪਿਛਲੇ ਦਿਨੀਂ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਪਾਰਟੀ ਦੇ ਸੀਨੀਅਰ ਆਗੂਆਂ ਦੇ ਦਬਾਅ 'ਚ ਅਕਾਲੀ ਦਲ ਨੇ ਇਸ ਮੁੱਦੇ 'ਤੇ ਯੂ ਟਰਨ ਲਿਆ ਸੀ ਅਤੇ ਬਿੱਲ ਦਾ ਸਮਰਥਨ ਕਰਨ ਦੀ ਥਾਂ ਵਿਰੋਧ ਦੀ ਸਿਆਸਤ ਸ਼ੁਰੂ ਹੋਈ।
ਭਾਜਪਾ ਨਾਲ ਮਿਲ ਕੇ ਚੋਣ ਲੜਨਾ ਨਹੀਂ ਬਣਦਾ : ਇਯਾਲੀ
ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਹੈ ਕਿ ਕੇਂਦਰੀ ਵਜ਼ਾਰਤ ਤੋਂ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਤੋਂ ਬਾਅਦ ਹੁਣ ਪਾਰਟੀ ਦਾ ਭਾਜਪਾ ਦੇ ਨਾਲ ਮਿਲ ਕੇ ਚੋਣ ਲੜਨਾ ਬਣਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਕਾਡਰ ਇਹ ਚਾਹੁੰਦਾ ਹੈ ਕਿ ਅਕਾਲੀ ਦਲ ਸੂਬੇ 'ਚ ਭਾਜਪਾ ਨਾਲੋਂ ਗਠਜੋੜ ਤੋੜਨ ਦਾ ਫੈਸਲਾ ਲਵੇ। ਇਯਾਲੀ ਨੇ ਕਿਹਾ ਕਿ ਇਸ ਮੁੱਦੇ 'ਤੇ ਕਿਸਾਨਾਂ 'ਚ ਭਾਰੀ ਨਾਰਾਜ਼ਗੀ ਹੈ ਅਤੇ ਅਕਾਲੀ ਦਲ ਕਿਸਾਨਾਂ ਦੀ ਹੀ ਪਾਰਟੀ ਹੈ। ਲਿਹਾਜਾ ਪਾਰਟੀ ਨੂੰ ਮਜ਼ਬੂਤੀ ਨਾਲ ਕਿਸਾਨਾਂ ਦੇ ਹੱਕ 'ਚ ਖੜਨਾ ਚਾਹੀਦਾ ਹੈ ਅਤੇ ਇਹ ਸੰਦੇਸ਼ ਨਹੀਂ ਜਾਣਾ ਚਾਹੀਦਾ ਕਿ ਅਕਾਲੀ ਦਲ ਅਜੇ ਵੀ ਉਸ ਪਾਰਟੀ ਦੇ ਨਾਲ ਹੈ, ਜਿਸ ਨੇ ਕੇਂਦਰ 'ਚ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤਾ ਹੈ।
ਅਕਾਲੀ ਦਲ ਲਈ ਕਿਸਾਨ ਜ਼ਰੂਰੀ, ਗਠਜੋੜ ਨਹੀਂ : ਵਲਟੋਹਾ
ਅਕਾਲੀ ਦਲ ਦੇ ਇਕ ਹੋਰ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਹਰਸਿਮਰਤ ਕੌਰ ਬਾਦਲ ਦੇ ਕੇਂਦਰੀ ਵਜ਼ਾਰਤ ਤੋਂ ਅਸਤੀਫੇ ਲਈ ਭਾਜਪਾ ਨੂੰ ਹੀ ਜ਼ਿੰਮੇਵਾਰੀ ਠਹਿਰਾਇਆ ਹੈ। ਵਲਟੋਹਾ ਨੇ ਕਿਹਾ ਕਿ ਇਸ ਮੁੱਦੇ 'ਤੇ ਅਕਾਲੀ ਦਲ ਨੇ ਬਹੁਤ ਵਾਰ ਭਾਜਪਾ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਬਾਰੇ ਜਾਣੂ ਕਰਵਾਇਆ ਪਰ ਭਾਜਪਾ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਵਲਟੋਹਾ ਨੇ ਕਿਹਾ ਕਿ ਅਕਾਲੀ ਦਲ ਲਈ ਗਠਜੋੜ ਜ਼ਿਆਦਾ ਜ਼ਰੂਰੀ ਨਹੀਂ ਹੈ ਬਲਕਿ ਕਿਸਾਨਾਂ ਦੇ ਹਿੱਤ ਜ਼ਰੂਰੀ ਹਨ ਅਤੇ ਅਕਾਲੀ ਦਲ ਦੀ ਮੀਟਿੰਗ ਦੌਰਾਨ ਗਠਜੋੜ 'ਚ ਰਹਿਣ ਜਾਂ ਨਾ ਰਹਿਣ ਬਾਰੇ ਫੈਸਲਾ ਕੀਤਾ ਜਾਵੇਗਾ।
ਹਰਸਿਮਰਤ ਦਾ ਕਿਸਾਨਾਂ ਦੇ ਪੱਖ 'ਚ ਅਸਤੀਫਾ ਮਾਣ ਵਾਲੀ ਗੱਲ : ਰੁਮਾਣਾ
ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੁਮਾਣਾ ਨੇ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਵਜ਼ਾਰਤ 'ਚੋਂ ਅਸਤੀਫਾ ਦਿੱਤੇ ਜਾਣ ਨੂੰ ਅਕਾਲੀ ਦਲ ਲਈ ਮਾਣ ਵਾਲਾ ਫੈਸਲਾ ਦੱਸਿਆ ਹੈ। ਰੁਮਾਣਾ ਨੇ ਕਿਹਾ ਕਿ ਇਸ ਮੁੱਦੇ 'ਤੇ ਪਾਰਟੀ ਜੋ ਵੀ ਫੈਸਲਾ ਲਵੇਗੀ, ਅਕਾਲੀ ਦਲ ਦਾ ਯੂਥ ਵੀ ਉਸ ਫੈਸਲੇ ਨਾਲ ਹੋਵੇਗਾ ਅਤੇ ਪਾਰਟੀ ਦੇ ਸਟੈਂਡ ਨੂੰ ਲੈ ਕੇ ਲੋਕਾਂ 'ਚ ਜਾਵੇਗਾ। ਹਾਲਾਂਕਿ ਭਾਜਪਾ ਨਾਲ ਸੰਬੰਧਾਂ ਦੇ ਮਾਮਲੇ 'ਤੇ ਪੁੱਛੇ ਗਏ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਆਪਣੀ ਰਾਏ ਪਾਰਟੀ ਫਾਰਮ 'ਚ ਰੱਖਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਇਤਿਹਾਸ ਕਿਸਾਨੀ ਵਾਲਾ ਇਤਿਹਾਸ ਰਿਹਾ ਹੈ ਅਤੇ ਪਾਰਟੀ ਇਸ ਮੁੱਦੇ 'ਤੇ ਕਿਸਾਨਾਂ ਦੀ ਆਵਾਜ਼ਾ ਬੁਲੰਦ ਕਰਦੀ ਰਹੇਗੀ।