ਅਕਾਲੀ ਦਲ ਨੇ ਪੱਛਮੀ ਬੰਗਾਲ ਦੇ ਡਾਕਟਰਾਂ ਨਾਲ ਪ੍ਰਗਟਾਈ ਇਕਜੁੱਟਤਾ

06/15/2019 3:14:50 PM

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਨੇ ਹੜਤਾਲ ਕਰ ਰਹੇ ਉਨ੍ਹ੍ਹਾਂ ਡਾਕਟਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ, ਜਿਹੜੇ ਕੋਲਕਾਤਾ 'ਚ ਐੱਨ. ਆਰ. ਐੱਸ. ਕਾਲਜ ਦੇ ਡਾਕਟਰਾਂ 'ਤੇ ਹੋਏ ਹਮਲੇ ਖ਼ਿਲਾਫ ਅੰਦੋਲਨ ਕਰ ਰਹੇ ਹਨ ਅਤੇ ਜਿਸ ਨਾਲ ਪੂਰੇ ਸੂਬੇ ਅੰਦਰ ਡਾਕਟਰਾਂ ਖ਼ਿਲਾਫ ਹਿੰਸਾ ਸ਼ੁਰੂ ਹੋ ਗਈ ਹੈ। ਪਾਰਟੀ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਅਪੀਲ ਕੀਤੀ ਹੈ ਕਿ ਉਹ ਡਾਕਟਰਾਂ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਰਾਖੀ ਲਈ ਸ਼ਰਾਰਤੀ ਤੱਤਾਂ ਖ਼ਿਲਾਫ ਤੁਰੰਤ ਕਾਰਵਾਈ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟਨਾਵਾਂ ਦੇ ਪ੍ਰਤੀਕਰਮ ਵਜੋਂ ਅਤੇ ਪੱਛਮੀ ਬੰਗਾਲ ਦੇ ਡਾਕਟਰਾਂ ਨਾਲ ਇਕਜੁੱਟਤਾ ਦਿਖਾਉਂਦਿਆਂ ਡਾਕਟਰਾਂ ਵਲੋਂ ਕੀਤੀ ਹੜਤਾਲ ਨਾਲ ਪੂਰੇ ਦੇਸ਼ ਅੰਦਰ ਸਿਹਤ ਸੇਵਾਵਾਂ ਪ੍ਰਭਾਵਿਤ ਹੋਣ ਦਾ ਖਤਰਾ ਖੜ੍ਹਾ ਹੋ ਗਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਸ਼ਰਾਰਤੀ ਅਨਸਰਾਂ ਦੀ ਉਸ ਭੀੜ ਖ਼ਿਲਾਫ ਤੁਰੰਤ ਕਾਰਵਾਈ ਕਰਨ 'ਚ ਬੁਰੀ ਤਰ੍ਹਾਂ ਨਾਕਾਮ ਰਹੀ ਹੈ, ਜਿਸ ਨੇ ਐੱਨ. ਆਰ. ਐੱਸ. ਕਾਲਜ ਕੋਲਕਾਤਾ ਵਿਖੇ ਇਕ ਗੰਭੀਰ ਰੋਗ ਤੋਂ ਪੀੜਤ ਮਰੀਜ਼ ਦੀ ਮੌਤ ਮਗਰੋਂ ਇਕ ਡਾਕਟਰ 'ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਥਿਤੀ ਹੋਰ ਵੀ ਵਿਗੜ ਗਈ ਹੈ ਅਤੇ ਪੱਛਮੀ ਬੰਗਾਲ 'ਚ ਬਹੁਤ ਸਾਰੀਆਂ ਥਾਵਾਂ 'ਤੇ ਡਾਕਟਰਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਅੰਦਰ ਸਿਹਤ ਸੇਵਾਵਾਂ ਠੱਪ ਹੋ ਕੇ ਰਹਿ ਗਈਆਂ ਹਨ।

ਦੱਸ ਦਈਏ ਕਿ ਹਮਲੇ ਦੇ ਵਿਰੋਧ 'ਚ ਪੱਛਮੀ ਬੰਗਾਲ ਤੋਂ ਸ਼ੁਰੂ ਹੋਈ ਜੂਨੀਅਰ ਡਾਕਟਰਾਂ ਦੀ ਹੜਤਾਲ ਨੂੰ ਦੇਸ਼ ਭਰ ਦੇ ਡਾਕਟਰਾਂ ਦਾ ਸਮਰਥਨ ਮਿਲ ਰਿਹਾ ਹੈ। ਰਾਜਧਾਨੀ ਵਿਚ ਦਿੱਲੀ ਮੈਡੀਕਲ ਐਸੋਸੀਏਸ਼ਨ ਨੇ ਹੜਤਾਲ ਕੀਤੀ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਏਮਜ਼ ਵਰਗੇ ਵੱਡੇ ਹਸਪਤਾਲਾਂ 'ਤੇ ਵੇਖਣ ਨੂੰ ਮਿਲਿਆ। ਇਥੇ ਓ. ਪੀ. ਡੀ. ਵਿਚ ਨਵੇਂ ਮਰੀਜ਼ਾਂ ਦਾ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਓ. ਪੀ. ਡੀ. ਵਿਚ ਡਾਕਟਰਾਂ ਦੀ ਗੈਰ-ਹਾਜ਼ਰੀ ਨੇ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਹਨ।

ਕੀ ਹੈ ਪੂਰਾ ਮਾਮਲਾ
ਕੋਲਕਾਤਾ ਦੇ ਐੱਨ. ਆਰ. ਐੱਸ. ਮੈਡੀਕਲ ਕਾਲਜ 'ਚ ਇਲਾਜ ਦੌਰਾਨ ਇਕ 75 ਸਾਲਾ ਬਜ਼ੁਰਗ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਡਾਕਟਰ 'ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ ਅਤੇ ਡਾਕਟਰਾਂ ਦੀ ਕੁੱਟਮਾਰ ਕਰ ਦਿੱਤੀ। ਦੋਸ਼ ਹੈ ਕਿ ਲਗਭਗ 200 ਲੋਕ ਟਰੱਕ ਵਿਚ ਆਏ ਅਤੇ ਹਸਪਤਾਲ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ 2 ਜੂਨੀਅਰ ਡਾਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਡਾਕਟਰ ਹੁਣ ਸਰਕਾਰੀ ਹਸਪਤਾਲਾਂ ਵਿਚ ਖੁਦ ਦੀ ਸੁਰੱਖਿਆ ਨੂੰ ਲੈ ਕੇ ਅੰਦੋਲਨ ਕਰ ਰਹੇ ਹਨ।


Anuradha

Content Editor

Related News