ਪੰਜਾਬ ਦੀ ਅਕਾਲੀ ਸਿਆਸਤ ''ਚ ਵੱਡਾ ਧਮਾਕਾ, ਰੱਖੜਾ ਨੇ ਢੀਂਡਸਾ ਦਾ ਸਾਥ ਦੇਣ ਦਾ ਕੀਤਾ ਐਲਾਨ
Tuesday, Jun 23, 2020 - 06:37 PM (IST)
ਚੰਡੀਗੜ੍ਹ/ਪਟਿਆਲਾ (ਅਸ਼ਵਨੀ, ਬਲਜਿੰਦਰ, ਰਾਣਾ) : ਪੰਜਾਬ ਦੀ ਅਕਾਲੀ ਸਿਆਸਤ ਵਿਚ ਉਸ ਸਮੇਂ ਵੱਡਾ ਭੂਚਾਲ ਆ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਕੌਮੀ ਅਤੇ ਸਿਰਕੱਢ ਆਗੂ ਨੇ ਬੀਤੇ ਦਿਨੀਂ ਪ੍ਰੈੱਸਵਾਰਤਾ ਦੌਰਾਨ ਅਕਾਲੀ ਦਲ ਬਾਦਲ ਛੱਡ ਕੇ ਸੁਖਦੇਵ ਸਿੰਘ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਬਹੁਤ ਜਲਦੀ ਪਟਿਆਲਾ ਜ਼ਿਲਾ ਵਿਚ ਹਲਕਾ ਵਾਰ ਮੀਟਿੰਗਾਂ ਕਰ ਕੇ ਵੱਡੀ ਗਿਣਤੀ ਵਿਚ ਆਗੂ ਅਤੇ ਵਰਕਰ ਢੀਂਡਸਾ ਦਾ ਸਾਥ ਦੇਣ ਦਾ ਐਲਾਨ ਕਰਨਗੇ। ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਰਣਧੀਰ ਸਿੰਘ ਰੱਖੜਾ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਬਾਦਲ ਦੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ, ਜਨਤਕ ਸ਼ਿਕਾਇਤ ਨਿਵਾਰਣ ਪ੍ਰਣਾਲੀ ਨੂੰ ਦਿੱਤੀ ਪ੍ਰਵਾਨਗੀ
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ ਪੰਜਾਬ ਐਗਰੋ ਫੂਡਗਰੇਨ ਕਾਰਪੋਰੇਸ਼ਨ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਟਿਆਲਾ ਦਿਹਾਤੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋਂ ਨਾਰਾਜ਼ ਹੋ ਕੇ ਸੁਖਦੇਵ ਸਿੰਘ ਢੀਂਡਸਾ ਦੀ ਹਾਜ਼ਰੀ ਵਿਚ ਉਨ੍ਹਾਂ ਦਾ ਸਾਥ ਦੇਣ ਦਾ ਐਲਾਨ ਕੀਤਾ। ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਉਨ੍ਹਾਂ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਪੰਜਾਬ ਅਤੇ ਪੰਥ ਵਿਰੋਧੀ ਕਾਰਵਾਈਆਂ ਤੋਂ ਤੰਗ ਆ ਕੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀਆ ਅਸੂਲਾਂ ਨਾਲ ਚੱਲਦੀਆਂ ਹਨ ਨਾ ਕਿ ਤਾਨਾਸ਼ਾਹੀ ਰਵੱਈਏ ਨਾਲ। ਉਪਰੋਕਤ ਆਗੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਨਿੱਜੀ ਪਰਿਵਾਰਿਕ ਲਾਲਸਾ ਦੇ ਭਾਰੂ ਹੋਣ ਕਰਕੇ ਅਕਾਲੀ ਦਲ ਨੂੰ ਵਾਰ-ਵਾਰ ਨਮੋਸ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਕਾਲੀ ਦਲ ਦੇ ਅਹੁਦੇਦਾਰ ਅਤੇ ਵਰਕਰ, ਇਹ ਸਮਝ ਚੁੱਕੇ ਹਨ ਕਿ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਫੇਲ੍ਹ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦਿਨੋਂ ਦਿਨ ਹੋਰ ਵੀ ਨਿਘਾਰ ਵੱਲ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੈਫਰੈਂਡਮ 2020 ਦੇ ਸੰਸਥਾਪਕ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ
ਸੁਖਬੀਰ ਸਿੰਘ ਬਾਦਲ ਹੁਣ ਘਬਰਾਹਟ ਵਿਚ ਆ ਕੇ ਆਪਣਾ ਸੰਤੁਲਨ ਖਰਾਬ ਕਰ ਚੁੱਕਾ ਹੈ।ਅਸੀਂ ਮਹਿਸੂਸ ਕਰਦੇ ਹਾਂ ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਪ੍ਰਧਾਨ ਦੀ ਅਗਵਾਈ ਵਿਚ ਕੰਮ ਕਰ ਰਹੇ ਹਾਂ ਜਿਸ ਨੇ ਆਪਣੇ ਨਿੱਜੀ ਮੁਫ਼ਾਦ ਲਈ ਹਮੇਸ਼ਾ ਪੰਥ ਅਤੇ ਪੰਜਾਬ ਨਾਲ ਧੋਖਾ ਕੀਤਾ ਹੈ। ਸੁਖਬੀਰ ਸਿੰਘ ਬਾਦਲ ਪਾਰਟੀ ਦੀ ਅਗਵਾਈ ਕਰਨ ਤੋਂ ਅਸਮਰੱਥ ਨਜ਼ਰ ਆ ਰਹੇ ਹਨ। ਰਣਧੀਰ ਸਿੰਘ ਰੱਖੜਾ ਦਾ ਢੀਂਡਸਾ ਨੇ ਸਿਰੋਪਾ ਪਾ ਕੇ ਗਰਮਜੋਸ਼ੀ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਅੱਜ ਸਾਨੂੰ ਬਹੁਤ ਭਾਰੀ ਬਲ ਮਿਲਿਆ ਹੈ ਕਿਉਂਕਿ ਰਣਧੀਰ ਸਿੰਘ ਰੱਖੜਾ ਨੇ ਪੰਥ ਅਤੇ ਪੰਜਾਬ ਲਈ ਆਪਣੀ ਪੂਰੀ ਜ਼ਿੰਦਗੀ ਲਾ ਦਿੱਤੀ ਹੈ ਇਸ ਲਈ ਇਨ੍ਹਾਂ ਦੇ ਆਉਣ ਨਾਲ ਪੰਜਾਬ ਦੀ ਸਿਆਸਤ ਵਿਚ ਵੱਡੀ ਤਬਦੀਲੀ ਆਵੇਗੀ। ਇਨ੍ਹਾਂ ਤੋਂ ਇਲਾਵਾ ਦਵਿੰਦਰ ਸਿੰਘ ਸੋਢੀ ਸਿਆਸੀ ਸਲਾਹਕਾਰ ਸੁਖਦੇਵ ਸਿੰਘ ਢੀਂਡਸਾ ਅਤੇ ੳ ਐੱਸ ਡੀ ਜਸਵਿੰਦਰ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 800 ਤੋਂ ਪਾਰ, 35 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ