ਗੁਰਦਾਸਪੁਰ ਦੇ 6 ਹਲਕਿਆਂ ਅੰਦਰ ਧੜ੍ਹੇਬੰਦੀ ’ਚ ਘਿਰਿਆ ਅਕਾਲੀ ਦਲ, ਟਿਕਟਾਂ ਦੀ ਦੌੜ ਨੇ ਪੈਦਾ ਕੀਤੀ ਖਿੱਚੋਤਾਣ

Monday, Jul 26, 2021 - 02:55 PM (IST)

ਗੁਰਦਾਸਪੁਰ ਦੇ 6 ਹਲਕਿਆਂ ਅੰਦਰ ਧੜ੍ਹੇਬੰਦੀ ’ਚ ਘਿਰਿਆ ਅਕਾਲੀ ਦਲ, ਟਿਕਟਾਂ ਦੀ ਦੌੜ ਨੇ ਪੈਦਾ ਕੀਤੀ ਖਿੱਚੋਤਾਣ

ਗੁਰਦਾਸਪੁਰ (ਹਰਮਨ) : ਪੰਜਾਬ ਅੰਦਰ ਸਿਖਰ ਦੀ ਧੜੇਬੰਦੀ ਨਾਲ ਜੂਝ ਰਹੀ ਕਾਂਗਰਸ ਦੀ ਫੁੱਟ ਦਾ ਫਾਇਦਾ ਲੈ ਕੇ ਜ਼ਮੀਨੀ ਪੱਧਰ ’ਤੇ ਆਪਣੇ ਸਿਆਸੀ ਪੈਰ ਮਜ਼ਬੂਤ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਖੁਦ ਵੀ ਅੰਦਰੂਨੀ ਖਿਚੋਤਾਣ ਦਾ ਸ਼ਿਕਾਰ ਹੋ ਰਿਹਾ ਹੈ। ਖਾਸ ਤੌਰ ’ਤੇ ਗੁਰਦਾਸਪੁਰ ਜ਼ਿਲ੍ਹੇ ਦੇ ਜਿਹੜੇ 6 ਹਲਕਿਆਂ ਅੰਦਰ ਅਜੇ ਤੱਕ ਪਾਰਟੀ ਦੇ ਉਮੀਦਵਾਰਾਂ ਦੇ ਨਾਂ ਸਪੱਸ਼ਟ ਨਹੀਂ ਹਨ, ਉਨ੍ਹਾਂ ਹਲਕਿਆਂ ’ਚ ਟਿਕਟ ਲੈਣ ਦੀ ਦੌੜ ’ਚ ਲੱਗੇ ਅਕਾਲੀ ਆਗੂਆਂ ਦੀ ਖਾਨਾਜੰਗੀ ਨੇ ਸਿਰਫ ਧੜੇਬੰਦੀ ਨੂੰ ਹੀ ਜਨਮ ਨਹੀਂ ਦਿੱਤਾ, ਸਗੋਂ ਇਸ ਨਾਲ ਅਕਾਲੀ ਵਰਕਰਾਂ ਦਾ ਹੌਂਸਲਾ ਵੀ ਨਿਰੰਤਰ ਡਿੱਗ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦਿਆਂ ਵਿਵਾਦਾਂ ’ਚ ਘਿਰੇ ਸਿੱਧੂ, ਕਿਸਾਨ ਆਗੂਆਂ ਨੇ ਦੋ ਟੁੱਕ ’ਚ ਦਿੱਤੇ ਜਵਾਬ

ਪਿਛਲੀਆਂ ਚੋਣਾਂ ’ਚ ਸਥਿਤੀ?
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੂਰੇ ਜ਼ਿਲ੍ਹੇ ਅੰਦਰ ਸਿਰਫ ਬਟਾਲਾ ਹੀ ਅਜਿਹਾ ਹਲਕਾ ਸੀ, ਜਿਥੇ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਜੇਤੂ ਰਹੇ ਸਨ, ਜਦ ਕਿ ਬਾਕੀ ਹਲਕਿਆਂ ’ਚ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰਾਂ ਨੂੰ ਵੋਟਾਂ ਦੇ ਵੱਡੇ ਫਰਕ ਨਾਲ ਕਰਾਰੀ ਹਾਰ ਮਿਲੀ ਸੀ। ਉਸ ਉਪਰੰਤ ਵਿਨੋਦ ਖੰਨਾ ਦੀ ਮੌਤ ਹੋਣ ਕਾਰਨ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਵੀ ਅਕਾਲੀ ਦਲ ਤੇ ਭਾਜਪਾ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕੇ। ਬੇਸ਼ੱਕ 2019 ਦੀਆਂ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੂੰ ਕਰੀਬ 77 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਉਣ ਵਿਚ ਸਫਲ ਰਹੇ ਸਨ ਪਰ ਉਸ ਮੌਕੇ ਸੰਨੀ ਦਿਓਲ ਦੀ ਜਿੱਤ ਪਿੱਛੇ ਜ਼ਿਆਦਾ ਵੱਡੀ ਭੂਮਿਕਾ ਪਠਾਨਕੋਟ ਜ਼ਿਲ੍ਹੇ ਨਾਲ ਸਬੰਧਤ ਭੋਆ, ਸੁਜਾਨਪੁਰ ਅਤੇ ਪਠਾਨਕੋਟ ਹਲਕਿਆਂ ਦੀ ਰਹੀ ਸੀ, ਜਦ ਕਿ ਗੁਰਦਾਸਪੁਰ ਜ਼ਿਲ੍ਹੇ ਅੰਦਰ ਡੇਰਾ ਬਾਬਾ ਨਾਨਕ ਅਤੇ ਫਤਿਹਗੜ੍ਹ ਚੂੜੀਆਂ ’ਚੋਂ ਸੰਨੀ ਦਿਓਲ ਹਾਰ ਗਏ ਸਨ। ਕਾਦੀਆਂ, ਬਟਾਲਾ ਅਤੇ ਗੁਰਦਾਸਪੁਰ ਆਦਿ ਹਲਕਿਆਂ ’ਚ ਵੀ ਸੰਨੀ ਦਿਓਲ ਤੇ ਜਾਖੜ ਨੂੰ ਮਿਲੀਆਂ ਵੋਟਾਂ ਦਾ ਜ਼ਿਆਦਾ ਫਰਕ ਨਹੀਂ ਸੀ।

ਹੋਰ ਵਧੀਆਂ ਚੁਣੌਤੀਆਂ
ਅਕਾਲੀ ਦਲ ਸਾਹਮਣੇ ਇਸ ਮੌਕੇ ਹੋਰ ਨਵੀਆਂ ਚੁਣੌਤੀਆਂ ਪੈਦਾ ਹੋਈਆਂ ਹਨ, ਜਿਸ ਤਹਿਤ ਭਾਜਪਾ ਤੋਂ ਹੋਇਆ ਤੋੜ-ਵਿਛੋੜਾ ਵੀ ਅਕਾਲੀ ਦਲ ਲਈ ਵੱਡੀ ਚੁਣੌਤੀ ਤੋਂ ਘੱਟ ਨਹੀਂ ਹੈ। ਬੇਸ਼ੱਕ ਭਾਜਪਾ ਨਾਲ ਸਾਂਝ ਤੋੜ ਕੇ ਬਸਪਾ ਨਾਲ ਗਠਜੋੜ ਕਰਕੇ ਅਕਾਲੀ ਦਲ ਮੁੜ ਉਸੇ ਸ਼ਿੱਦਤ ਨਾਲ ਲੋਕਾਂ ਵਿਚ ਵਿਚਰ ਰਿਹਾ ਹੈ ਪਰ ਇਹ ਅਜੇ ਦੇਖਣ ਵਾਲੀ ਗੱਲ ਹੋਵੇਗੀ ਕਿ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਬਦਲੇ ਸਿਆਸੀ ਹਾਲਾਤਾਂ ’ਚ ਕਿਸ ਤਰ੍ਹਾਂ ਦੀ ਕਾਰਗੁਜਾਰੀ ਦਿਖਾਉਂਦਾ ਹੈ।

ਇਹ ਵੀ ਪੜ੍ਹੋ : ਪ੍ਰਧਾਨ ਬਣਨ ’ਤੇ ਸਿੱਧੂ ਨੂੰ ਪੀ. ਐੱਸ. ਜੀ. ਪੀ. ਸੀ. ਨੇ ਵਧਾਈ ਦਿੰਦਿਆਂ ਕੀਤੀ ਇਹ ਅਪੀਲ, ਸਿੱਧੂ ਘਿਰੇ

ਪਾਰਟੀ ਦਾ ਨੁਕਸਾਨ ਕਰੇਗੀ ਹਾਈਕਮਾਨ ਦੀ ਚੁੱਪ ਤੇ ਬੇਧਿਆਨੀ
ਗੁਰਦਾਸਪੁਰ ਅੰਦਰ ਪਾਰਟੀ ਦੇ ਕੁਝ ਆਗੂ ਤਾਂ ਹਾਈਕਮਾਨ ਵੱਲੋਂ ਨਿਯੁਕਤ ਕੀਤੇ ਗਏ ਜ਼ਿਲਾ ਪ੍ਰਧਾਨ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ ਪਰ ਕਈ ਆਗੂ ਜ਼ਿਲ੍ਹਾ ਪ੍ਰਧਾਨ ਨਾਲ ਮਤਭੇਦ ਹੋਣ ਕਾਰਨ ਖੁਦ ਹੀ ਸੁਖਬੀਰ ਸਿੰਘ ਬਾਦਲ ਜਾਂ ਬਿਕਰਮ ਸਿੰਘ ਮਜੀਠੀਆ ਦੀ ਛਤਰ-ਛਾਇਆ ਹੇਠ ਸਰਗਰਮ ਹਨ। ਇਹੀ ਹਾਲ ਵੱਖ-ਵੱਖ ਹਲਕਿਆਂ ’ਚ ਟਿਕਟਾਂ ਦੇ ਦਾਅਵੇਦਾਰਾਂ ਦਾ ਹੈ, ਜਿਨ੍ਹਾਂ ’ਚੋਂ ਕੁਝ ਤਾਂ ਬੱਬੇਹਾਲੀ ਦੀ ਰਹਿਨੁਮਾਈ ਹੇਠ ਡਟੇ ਹੋਏ ਹਨ ਪਰ ਕਈ ਆਗੂ ਅਜਿਹੇ ਹਨ, ਜੋ ਜ਼ਿਲ੍ਹਾ ਪ੍ਰਧਾਨ ਨੂੰ ਬਾਈਪਾਸ ਕਰ ਕੇ ਸਿੱਧੀ ਹਾਈਕਮਾਨ ਤੋਂ ਟਿਕਟ ਮਿਲਣ ਦੀ ਆਸ ਨਾਲ ਹੀ ਲਗਾਤਾਰ ਆਪਣੇ ਹਲਕਿਆਂ ਵਿਚ ਵਿਚਰ ਰਹੇ ਹਨ। ਅਜਿਹੀ ਸਥਿਤੀ ਵਿਚ ਪਾਰਟੀ ਦੀ ਅੰਦਰੂਨੀ ਫੁੱਟ ਨਿਰੰਤਰ ਵੱਧ ਰਹੀ ਹੈ ਅਤੇ ਇਨ੍ਹਾਂ ਆਗੂਆਂ ਦੀਆਂ ਵੱਖ-ਵੱਖ ਸਰਗਰਮੀਆਂ ਪਾਰਟੀ ਨੂੰ ਢਾਹ ਲਗਾ ਰਹੀਆਂ ਹਨ।

6 ਹਲਕਿਆਂ ’ਚ ਬਣੀ ‘ਇਕ ਅਨਾਰ ਸੌ ਬੀਮਾਰ’ ਵਾਲੀ ਸਥਿਤੀ
ਜ਼ਿਲ੍ਹੇ ਅੰਦਰ ਵਿਧਾਨ ਸਭਾ ਹਲਕਾ ਗੁਰਦਾਸਪੁਰ ਅਜਿਹਾ ਹਲਕਾ ਹੈ, ਜਿੱਥੇ ਇਸ ਮੌਕੇ ਸਾਬਕਾ ਵਿਧਾਇਕ ਤੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਸਾਹਮਣੇ ਅਕਾਲੀ ਦਲ ਦੀ ਟਿਕਟ ਦਾ ਹੋਰ ਕੋਈ ਵੀ ਦਾਅਵੇਦਾਰ ਨਹੀਂ ਹੈ ਪਰ ਬਾਕੀ ਹਲਕਿਆਂ ਵਿਚ ਸਥਿਤੀ ‘ਇਕ ਅਨਾਰ ਸੌ ਬੀਮਾਰ’ ਅਤੇ ਭੰਬਲਭੂਸੇ ਵਾਲੀ ਬਣੀ ਹੋਈ ਹੈ। ਦੀਨਾਨਗਰ ਹਲਕੇ ਵਿਚ ਇਕ ਪਾਸੇ ਗੁਰਬਚਨ ਸਿੰਘ ਬੱਬੇਹਾਲੀ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਮਲਜੀਤ ਚਾਵਲਾ ਦੀ ਡੱਟ ਕੇ ਹਮਾਇਤ ਕੀਤੀ ਜਾ ਰਹੀ ਹੈ, ਜਦਕਿ ਦੂਸਰੇ ਪਾਸੇ ਬਿਕਰਮ ਸਿੰਘ ਮਜੀਠੀਆ ਨਾਲ ਸਿੱਧੀ ਨੇੜਤਾ ਰੱਖਣ ਵਾਲੇ ਰਵੀ ਮੋਹਨ ਨੂੰ ਪਰਮਵੀਰ ਸਿੰਘ ਲਾਡੀ ਤੇ ਨਰਿੰਦਰ ਸਿੰਘ ਬਾੜਾ ਦਾ ਧੜਾ ਨਿਰੰਤਰ ਸਮਰਥਨ ਦੇ ਰਿਹਾ ਹੈ। ਰਵੀ ਮੋਹਨ ਅਤੇ ਕਮਲਜੀਤ ਚਾਵਲਾ ਵੱਲੋਂ ਨਿਰੰਤਰ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਪਰ ਦੋਵੇਂ ਆਗੂਆਂ ਜਾਂ ਉਨ੍ਹਾਂ ਦੀ ਹਮਾਇਤ ਕਰ ਰਹੇ ਜ਼ਿਲ੍ਹੇ ਅਤੇ ਹਲਕੇ ਦੀ ਸੀਨੀਅਰ ਲੀਡਰਸ਼ਿਪ ਕਿਸੇ ਵੀ ਮੰਚ ’ਤੇ ਇਕੱਠੇ ਦਿਖਾਈ ਨਹੀਂ ਦਿੰਦੇ, ਜਿਸ ਕਾਰਨ ਇਸ ਹਲਕੇ ਅੰਦਰ ਪਾਰਟੀ ਲਈ ਇਨ੍ਹਾਂ ਦੋਵੇਂ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਇਕੱਠੇ ਕਰਨ ਲਈ ਕੋਈ ਵੀ ਕਦਮ ਨਾ ਚੁੱਕਣਾ ਵੀ ਕਈ ਸਵਾਲ ਪੈਦਾ ਕਰਦਾ ਹੈ। ਇਸ ਹਲਕੇ ਅੰਦਰ ਸਰਵਣ ਸਿੰਘ ਸੇਵਕ ਸਮੇਤ ਕਈ ਹੋਰ ਆਗੂ ਵੀ ਟਿਕਟ ਮਿਲਣ ਦੀ ਆਸ ਨਾਲ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਮੇਰੀਆਂ ਮਿੰਨਤਾਂ, ਮੇਰੇ ਤਰਲੇ, ਮੇਰੀ ਫਰਿਯਾਦ ਸੁਣ ਕੇ ਪੰਜ ਸਿੰਘ ਸਾਹਿਬਾਨ ਮੁਆਫ਼ ਕਰ ਦੇਣ : ਲੰਗਾਹ

ਟਕਸਾਲੀ ਆਗੂਆਂ ਦੇ ਹਲਕਿਆਂ ਦੀ ਸਥਿਤੀ ਹੋਰ ਵੀ ਗੁੰਝਲਦਾਰ
ਸੁੱਚਾ ਸਿੰਘ ਲੰਗਾਹ ਨੂੰ ਪਾਰਟੀ ’ਚੋਂ ਕੱਢੇ ਜਾਣ ਤੋਂ ਬਾਅਦ ਇਕ ਪਾਸੇ ਉਨ੍ਹਾਂ ਦੇ ਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਲਗਾਤਾਰ ਪਾਰਟੀ ਦੇ ਕੰਮ ਦੀ ਕਮਾਨ ਸੰਭਾਲੀ ਹੋਈ ਹੈ, ਜਿਨ੍ਹਾਂ ਨੂੰ ਲੰਗਾਹ ਦੇ ਸਾਰੇ ਸਮਰਥਕਾਂ ਦੀ ਪੂਰਨ ਹਮਾਇਤ ਹੈ ਪਰ ਲੰਗਾਹ ਤੋਂ ਬਾਅਦ ਇਸ ਹਲਕੇ ਅੰਦਰ ਟਿਕਟ ਲੈਣ ਲਈ ਇੰਦਰਜੀਤ ਸਿੰਘ ਰੰਧਾਵਾ ਵੀ ਨਿਰੰਤਰ ਸਰਗਰਮ ਹਨ, ਜੋ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਦੇ ਵੀ ਕਰੀਬੀ ਹਨ। ਇਸੇ ਤਰ੍ਹਾਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਵੀ ਹਲਕੇ ਵਿਚ ਵਿਚਰ ਰਹੇ ਹਨ। ਹੋਰ ਤੇ ਹੋਰ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦੇ ਸਮਰਥਕ ਵੀ ਕਾਹਲੋਂ ਨੂੰ ਡੇਰਾ ਬਾਬਾ ਨਾਨਕ ਤੋਂ ਚੋਣ ਲੜਾਉਣ ਦੀ ਮੰਗ ਕਰ ਚੁੱਕੇ ਹਨ। ਸ੍ਰੀ ਹਰਗੋਬਿੰਦਪੁਰ ਵਿਚ ਬੱਬੇਹਾਲੀ ਦੇ ਕਰੀਬੀ ਮੰਨੇ ਜਾਂਦੇ ਮੰਗਲ ਸਿੰਘ ਵੀ ਟਿਕਟ ਦੀ ਆਸ ਵਿਚ ਕੰਮ ਕਰ ਰਹੇ ਹਨ ਜਦਕਿ ਜ਼ਿਲ੍ਹੇ ਦੇ ਹੋਰ ਸੀਨੀਅਰ ਆਗੂਆਂ ਤੇ ਬਿਕਰਮ ਸਿੰਘ ਮਜੀਠੀਆ ਨਾਲ ਸੰਪਰਕ ਰੱਖਣ ਵਾਲੇ ਰਾਜਨਬੀਰ ਸਿੰਘ ਘੁਮਾਣ ਲਗਾਤਾਰ ਡਟੇ ਹੋਏ ਹਨ।

ਬਟਾਲਾ ਨਾਲ ਸਬੰਧਤ ਮੌਜੂਦਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਸ਼ਰੇਆਮ ਐਲਾਨ ਕਰਦੇ ਆ ਰਹੇ ਹਨ ਕਿ ਉਹ ਫਤਿਹਗੜ੍ਹ ਚੂੜੀਆਂ ਤੋਂ ਚੋਣ ਲੜਣਗੇ ਜਦ ਕਿ ਫਤਿਹਗੜ੍ਹ ਚੂੜੀਆਂ ਤੋਂ ਰਵੀਕਰਨ ਸਿੰਘ ਕਾਹਲੋਂ ਵੀ ਨਿਰੰਤਰ ਇਸ ਹਲਕੇ ਅੰਦਰ ਆਪਣਾ ਸ਼ਕਤੀ ਪ੍ਰਦਰਸ਼ਨ ਕਰਕੇ ਲੋਧੀਨੰਗਲ ਦੇ ਦਾਅਵਿਆਂ ਦਾ ਜੁਆਬ ਦੇ ਰਹੇ ਹਨ। ਸੇਵਾ ਸਿੰਘ ਸੇਖਵਾਂ ਵੱਲੋਂ ਪਾਰਟੀ ਛੱਡੇ ਜਾਣ ਉਪਰੰਤ ਇਸ ਹਲਕੇ ਵਿਚ ਗੁਰਇਕਬਾਲ ਸਿੰਘ ਮਾਹਲ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਤੇ ਸੀਨੀਅਰ ਹਾਈਕਮਾਨ ਨਾਲ ਤਾਲਮੇਲ ਬਣਾ ਕੇ ਨਿਰੰਤਰ ਯਤਨਸ਼ੀਲ ਹੈ, ਜਦਕਿ ਕੰਵਲਪ੍ਰੀਤ ਸਿੰਘ ਕਾਕੀ ਵੱਲੋਂ ਪਾਰਟੀ ਦੀ ਹਾਈਕਮਾਨ ਸਮੇਤ ਜ਼ਿਲ੍ਹੇ ਤੇ ਹਲਕੇ ਦੇ ਕਈ ਆਗੂਆਂ ਨੂੰ ਨਾਲ ਲੈ ਕੇ ਨਿਰੰਤਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਅਜਿਹੀ ਸਥਿਤੀ ਵਿਚ ਦੇਖਣ ਵਾਲੀ ਗੱਲ ਹੋਵੇਗੀ ਕਿ ਪਾਰਟੀ ਆਉਣ ਵਾਲੇ ਸਮੇਂ ਵਿਚ ਕਿਹੜੇ ਹਲਕੇ ਵਿਚ ਇਨ੍ਹਾਂ ’ਚੋਂ ਕਿਸੇ ਆਗੂ ਨੂੰ ਚੋਣ ਮੈਦਾਨ ਵਿਚ ਉਤਾਰਦੀ ਹੈ ਅਤੇ ਜਾਂ ਫਿਰ ਪੈਰਾਸ਼ੂਟ ਰਾਹੀਂ ਕਿਸੇ ਹੋਰ ਸੀਨੀਅਰ ਆਗੂ ਜਾਂ ਪਾਰਟੀ ਤੋਂ ਬਾਹਰ ਜਾ ਚੁੱਕੇ ਆਗੂਆਂ ਨੂੰ ਮੁੜ ਪਾਰਟੀ ਵਿਚ ਕਿਸਮਤ ਅਜ਼ਮਾਉਣ ਦਾ ਮੌਕਾ ਦਿੰਦੀ ਹੈ ਪਰ ਹਾਲ ਦੀ ਘੜੀ ਵੱਖ-ਵੱਖ ਰਾਗ ਅਲਾਪ ਰਹੇ ਇਨ੍ਹਾਂ ਆਗੂਆਂ ਦੀਆਂ ਵੱਖ-ਵੱਖ ਸਰਗਰਮੀਆਂ ਪਾਰਟੀ ਨੂੰ ਮਜ਼ਬੂਤ ਕਰਨ ਦੀ ਬਜਾਏ ਵਰਕਰਾਂ ਦੇ ਮਨਾਂ ’ਚ ਸ਼ੰਕੇ ਪੈਦਾ ਕਰ ਰਹੀਆਂ ਹਨ।

ਇਹ ਵੀ ਪੜ੍ਹੋ : 100 ਸਾਲਾ ਹਰਬੰਸ ਸਿੰਘ ਦੀ ਮਿਹਨਤ ਦੇ ਮੁਰੀਦ ਹੋਏ ਕੈਪਟਨ ਅਮਰਿੰਦਰ ਸਿੰਘ, ਆਖੀ ਵੱਡੀ ਗੱਲ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News