ਨਾਜਾਇਜ਼ ਸ਼ਰਾਬ ਦਾ ਧੰਦਾ ਕਰਨ ਵਾਲੇ ਅਕਾਲੀ ਦਲ ਦੀ ਪੰਚ ਦਾ ਪਤੀ ਨਾਮਜ਼ਦ

07/30/2017 7:16:32 AM

ਫਗਵਾੜਾ, (ਜਲੋਟਾ)- ਫਗਵਾੜਾ ਪੁਲਸ ਥਾਣਾ ਸਦਰ ਦੀ ਟੀਮ ਨੇ ਦਰਵੇਸ਼ ਪਿੰਡ 'ਚ ਪਿਛਲੇ ਲੰਬੇ ਸਮੇਂ ਤੋਂ ਨਾਜਾਇਜ਼ ਸ਼ਰਾਬ ਦੇ ਚਲਦੇ ਜਾ ਰਹੇ ਗੋਰਖਧੰਦੇ ਦਾ ਪਰਦਾਫਾਸ਼ ਕਰਕੇ ਕਾਂਡ 'ਚ ਸ਼ਾਮਲ ਅਕਾਲੀ ਦਲ ਦੀ ਇਕ ਮਹਿਲਾ ਸਰਪੰਚ ਦੇ ਪਤੀ, ਜਿਸ ਦੀ ਪਛਾਣ ਲਖਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਦਰਵੇਸ਼ ਪਿੰਡ ਹੈ, ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਪੁਲਸ ਕੇਸ ਦਰਜ ਕਰਨ ਦੀ ਸੂਚਨਾ ਮਿਲੀ ਹੈ। 
ਜਾਣਕਾਰੀ ਅਨੁਸਾਰ ਦੋਸ਼ੀ ਲਖਵਿੰਦਰ ਸਿੰਘ ਇਟਲੀ ਵਿਚ ਰਹਿੰਦੇ ਇਕ ਅਪ੍ਰਵਾਸੀ ਭਾਰਤੀ ਸੱਜਣ ਸਿੰਘ ਦੀ ਦਰਵੇਸ਼ ਪਿੰਡ 'ਚ ਮੌਜੂਦ ਕੋਠੀ ਦੀ ਦੇਖਭਾਲ ਕਰਦਾ ਦੱਸਿਆ ਜਾਂਦਾ। 
ਮਿਲੀ ਸੂਚਨਾ ਅਨੁਸਾਰ ਫਗਵਾੜਾ ਪੁਲਸ ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਐਕਸਾਈਜ਼ ਵਿਭਾਗ ਦੇ ਅਫਸਰਾਂ ਨੂੰ ਨਾਲ ਲੈ  ਕੇ ਜਦ ਦਰਵੇਸ਼ ਪਿੰਡ ਵਿਚ ਸਥਿਤ ਉਕਤ ਕੋਠੀ ਤਕ ਪਹੁੰਚ ਕੀਤੀ ਤਾਂ ਉਥੇ ਤਾਲਾ ਲੱਗਾ ਸੀ। ਇਸ ਤੋਂ ਬਾਅਦ ਪੁਲਸ ਨੇ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਉਕਤ ਤਾਲੇ ਨੂੰ ਤੋੜਿਆ ਅਤੇ ਜਦ ਕੋਠੀ ਦੇ ਕਮਰਿਆਂ ਦੀ ਜਾਂਚ ਕੀਤੀ ਤਾਂ ਮੌਕੇ ਤੋਂ ਪੁਲਸ ਥਾਣਾ ਸਦਰ ਦੀ ਟੀਮ ਨੂੰ 37 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ।
ਪੁਲਸ ਨੇ ਖੁਲਾਸਾ ਕੀਤਾ ਹੈ ਕਿ ਉਕਤ ਦੋਸ਼ੀ ਲਖਵਿੰਦਰ ਸਿੰਘ ਦੇ ਖਿਲਾਫ ਇਸ ਤੋਂ ਪਹਿਲਾਂ ਵੀ ਨਾਜਾਇਜ਼ ਸ਼ਰਾਬ ਦੀ ਵਿਕਰੀ ਕਰਨ ਦੇ 10 ਤੋਂ ਜ਼ਿਆਦਾ ਪੁਲਸ ਕੇਸ ਰਜਿਸਟਰ ਹੋਏ ਹਨ ਅਤੇ ਇਹ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦਾ ਰਿਹਾ ਹੈ। ਸਮਾਚਾਰ ਲਿਖੇ ਜਾਣ ਤਕ ਦੋਸ਼ੀ ਲਖਵਿੰਦਰ ਸਿੰਘ ਪੁਲਸ ਗ੍ਰਿਫਤ ਤੋਂ ਬਾਹਰ ਚਲ ਰਿਹਾ ਹੈ। ਦਿਲਚਸਪ ਪਹਿਲੂ ਇਹ ਹੈ ਕਿ ਉਕਤ ਦੋਸ਼ੀ ਦਾ ਪਰਿਵਾਰ ਵੀ ਦਰਵੇਸ਼ ਪਿੰਡ ਤੋਂ ਗਾਇਬ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News