ਸਿਆਸੀ ਮਜ਼ਬੂਰੀਆਂ ਕਰਕੇ ਅਕਾਲੀ ਦਲ ਨੇ ਛੱਡਿਆ ਐਨ. ਡੀ. ਏ. : ਕੈਪਟਨ
Sunday, Sep 27, 2020 - 12:15 AM (IST)
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਵਲੋਂ ਐਨ. ਡੀ. ਏ. ਛੱਡਣ ਦੇ ਫੈਸਲੇ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਹ ਬਾਦਲਾਂ ਦੇ ਲਈ ਰਾਜਸੀ ਮਜ਼ਬੂਰੀ ਤੋਂ ਵੱਧ ਕੇ ਹੋਰ ਕੁੱਝ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕੋਲ ਖੇਤੀ ਬਿੱਲਾਂ 'ਤੇ ਭਾਜਪਾ ਵਲੋਂ ਦੋਸ਼ ਲਗਾਏ ਜਾਣ ਤੋਂ ਬਾਅਦ ਐਨ. ਡੀ. ਏ. ਛੱਡਣ ਤੋਂ ਬਿਨਾ ਕੋਈ ਹੋਰ ਚਾਰਾ ਨਹੀਂ ਬਚਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਫੈਸਲੇ 'ਚ ਕੋਈ ਵੀ ਨੈਤਿਕਤਾ ਸ਼ਾਮਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਹੁਣ ਜਦ ਭਾਰਤੀ ਜਨਤਾ ਪਾਰਟੀ ਨੇ ਇਹ ਸਾਫ ਕਰ ਦਿੱਤਾ ਸੀ ਕਿ ਉਹ ਖੇਤੀ ਬਿੱਲਾਂ ਦੇ ਫਾਇਦੇ ਸੰਬੰਧੀ ਲੋਕਾਂ ਨੂੰ ਸਮਝਾਉਣ 'ਚ ਨਾਕਾਮ ਰਹਿਣ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਦਾਰ ਸਮਝਦੀ ਹੈ ਤਾਂ ਅਕਾਲੀਆਂ ਦੇ ਸਾਹਮਣੇ ਐਨ. ਡੀ. ਏ. ਛੱਡਣ ਤੋਂ ਇਲਾਵਾ ਕੋਈ ਰਾਸਤਾ ਨਹੀਂ ਸੀ ਬਚਿਆ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਐਨ. ਡੀ. ਏ. ਨੂੰ ਛੱਡਣ ਦਾ ਅਕਾਲੀ ਦਲ ਦਾ ਫੈਸਲਾ ਉਨ੍ਹਾਂ ਵਲੋਂ ਬੋਲੇ ਜਾਣ ਵਾਲੇ ਝੂਠ ਅਤੇ ਬੇਈਮਾਨੀ ਦੀ ਕਹਾਣੀ ਦਾ ਅੰਤ ਹੈ, ਜਿਸ ਦਾ ਨਤੀਜਾ ਬਿੱਲਾਂ ਦੇ ਮੁੱਦੇ 'ਤੇ ਉਨ੍ਹਾਂ ਦੇ ਇੱਕਲੇ ਪੈ ਜਾਣ ਦੇ ਰੂਪ 'ਚ ਸਾਹਮਣੇ ਆਇਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਹਾਲਤ ਅੱਗੇ ਖੂੰਹ ਤੇ ਪਿੱਛੇ ਖੱਡ ਵਾਲੀ ਬਣ ਗਈ ਸੀ ਕਿਉਂਕਿ ਉਸ ਨੇ ਮੂਲਭੂਤ ਦੌਰ 'ਚ ਖੇਤੀ ਆਰਡੀਨੈਂਸਾਂ ਦੇ ਮੁੱਦੇ 'ਤੇ ਅਸੂਲਾਂ ਨਾਲ ਭਰਪੂਰ ਸਟੈਂਡ ਨਹੀਂ ਲਿਆ ਸੀ ਪਰ ਬਾਅਦ 'ਚ ਕਿਸਾਨਾਂ ਵਲੋਂ ਕੀਤੇ ਗਏ ਭਾਰੀ ਗੁੱਸੇ ਕਾਰਣ ਉਸ ਨੇ ਅਚਾਨਕ ਹੀ ਇਸ ਮੁੱਦੇ 'ਤੇ ਯੂ. ਟਰਨ ਲੈ ਲਿਆ।