ਅਕਾਲੀ ਦਲ ਦਾ ਜਵਾਬੀ ਵਾਰ, ਕੇਸ ਕਤਲ ਕਰਨ ਵਾਲੇ ਸਿੱਧੂ ਨੂੰ ਕੀਤਾ ਜਾਵੇ ਤਲਬ

09/14/2018 7:22:55 PM

ਅੰਮ੍ਰਿਤਸਰ : ਬਾਦਲਾਂ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕਾਰਵਾਈ ਦੀ ਮੰਗ ਕਰਨ ਵਾਲੇ ਨਵਜੋਤ ਸਿੱਧੂ ਖਿਲਾਫ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸੈਕਟਰੀ ਅਤੇ ਅਕਾਲੀ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵੱਡਾ ਹਮਲਾ ਬੋਲਿਆ ਹੈ। ਸਿਰਸਾ ਨੇ ਕਿਹਾ ਕਿ ਕੇਸਾਂ ਦੀ ਸੰਭਾਲ ਨਾ ਕਰਨ ਵਾਲੇ ਨਵਜੋਤ ਸਿੱਧੂ ਨੂੰ ਸਭ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਤਲਬ ਕੀਤਾ ਜਾਣਾ ਚਾਹੀਦਾ ਹੈ। ਸਿਰਸਾ ਨੇ ਕਿਹਾ ਕਿ ਕਦੇ ਰਾਧੇ ਮਾਂ ਦੇ ਦਰਬਾਰ ਜਾਣਾ ਵਾਲਾ ਅਤੇ ਕਦੇ ਸਿਰਸਾ ਵਾਲੇ ਸਾਧ ਦੀ ਗੱਲ ਕਰਨ ਵਾਲਾ ਵਿਅਕਤੀ ਕਦੇ ਸਿੱਖ ਨਹੀਂ ਹੋ ਸਕਦਾ। ਇਸ ਲਈ ਸਿੱਧੂ ਨੂੰ ਸ੍ਰੀ ਅਕਾਲ ਤਖਤ ਸਾਹਿਬ ਜਾਣ ਦਾ ਕੋਈ ਅਧਿਕਾਰ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਨੂੰ ਸਭ ਤੋਂ ਪਹਿਲਾਂ ਸਿੱਧੂ ਨੂੰ ਹੀ ਤਲਬ ਕਰਨਾ ਚਾਹੀਦਾ ਹੈ। 

ਫਰੀਦਕੋਟ ਰੈਲੀ ਦੀ ਮਨਜ਼ੂਰੀ ਨਾ ਦਿੱਤੇ ਜਾਣ 'ਤੇ ਸਿਰਸਾ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਐਮਰਜੈਂਸੀ ਦੇ ਦਿਨਾਂ ਦੀ ਯਾਦ ਕਰਵਾਉਂਦਾ ਹੈ। ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਵੀ ਇਹੀ ਪਾਲਿਸੀ ਰਹੀ ਸੀ, ਉਹ ਅਕਾਲੀ ਦਲ ਨੂੰ ਖਤਮ ਕਰਨਾ ਚਾਹੁੰਦੀ ਸੀ ਜਿਸ ਦਾ ਅੰਜਾਮ ਪੂਰੇ ਦੇਸ਼ ਨੂੰ ਭੁਗਤਣਾ ਪਿਆ ਸੀ। 

ਸਿਰਸਾ ਨੇ ਕਿਹਾ ਕਿ ਕਾਂਗਰਸ ਦੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਪਹਿਲਾਂ ਲੋਕਾਂ ਨੇ, ਫਿਰ ਮੀਡੀਆ ਨੇ ਅਤੇ ਹੁਣ ਅਦਾਲਤ ਨੇ ਵੀ ਨਾਕਾਰ ਦਿੱਤਾ ਹੈ। ਲੋਕਾਂ ਦੀ ਕਚਹਿਰੀ ਵਿਚ ਕਾਂਗਰਸ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਲੋਕਾਂ ਦਾ ਉਤਸ਼ਾਹ ਦੇਖ ਕੇ ਹੀ ਅਕਾਲੀ ਦਲ ਦੀ ਇਹ ਰੈਲੀ ਰੱਦ ਕੀਤੀ ਗਈ ਹੈ।


Related News