ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦਾ ਤਾਨਾਸ਼ਾਹੀ ਫਰਮਾਨ ਗੈਰਸੰਵਿਧਾਨਕ : ਗਰਗ
Wednesday, Jul 31, 2024 - 05:51 PM (IST)
ਭਵਾਨੀਗੜ੍ਹ (ਕਾਂਸਲ) : ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਭੂੰਦੜ ਵਲੋਂ ਦਲ ਦੇ ਸੀਨੀਅਰ ਆਗੂਆਂ ਨੂੰ ਪਾਰਟੀ ਵਿਚੋਂ ਕੱਢਣ ਦਾ ਤਾਨਾਸ਼ਾਹੀ ਫਰਮਾਨ ਗੈਰਸੰਵਿਧਾਨਕ ਅਤੇ ਬੌਖਲਾਹਟ ਵਿਚ ਲਿਆ ਗਿਆ ਗਲਤ ਫੈਸਲਾ ਹੈ। ਜਿਸ ਦੀ ਜਿੰਨੀ ਨਿਖ਼ੇਧੀ ਕੀਤੀ ਜਾਵੇ, ਘੱਟ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਪੱਤਕਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਹੋਂਦ ਨੂੰ ਬਚਾਉਣ ਲਈ ਤਿੱਖਾ ਸੰਘਰਸ਼ ਕਰਨ ਦੇ ਬਾਵਜੂਦ ਵੀ ਹਰ ਚੋਣ ਵਿਚ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਜਿਹੇ ਚਿੰਤਾਜਨਕ ਹਾਲਾਤ ’ਚ ਹੋਂਦ ਨੂੰ ਸੰਭਾਲਣ ਲਈ ਵਧੀਆ ਫੈਸਲੇ ਲੈਣ ਦੀ ਥਾਂ ’ਤੇ ਦਲ ਦੇ ਕੁਝ ਆਗੂਆਂ ਵਲੋਂ ਪਾਰਟੀ ਪ੍ਰਧਾਨ ਨੂੰ ਦਲ ਦੀ ਨੁਮਾਇੰਦਗੀ ਬਦਲਣ ਦੇ ਦਿੱਤੇ ਸੁਝਾਅ ’ਤੇ ਅਮਲ ਕਰਨ ਦੀ ਥਾਂ ਸੁਝਾਅ ਦੇਣ ਵਾਲੇ ਆਗੂਆਂ ਨੂੰ ਹੀ ਦਲ ਵਿਚੋਂ ਬਾਹਰ ਦਾ ਰਸਤਾ ਦਿਖਾ ਦੇਣ ਦਾ ਫੈਸਲਾ ਬਹੁਤ ਹੀ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਪਰ ਪੰਥ ਵਿਰੋਧੀ ਫੈਸਲੇ ਲੈਣ ਦੇ ਇਲਜ਼ਾਮਾਂ ਦੇ ਚੱਲਦਿਆਂ ਹਾਲਾਤ ਬਹੁਤ ਸੰਵੇਦਨਸ਼ੀਲ ਬਣੇ ਹੋਏ ਹਨ ਤੇ ਅਹਿਜੇ ਨਾਜ਼ੁਕ ਸਮੇਂ ਜਦੋਂ ਪੰਜਾਬ ਦੇ ਲੋਕਾਂ ਵੱਲੋਂ ਪਾਰਟੀ ਪ੍ਰਧਾਨ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਕੇ ਉਨ੍ਹਾਂ ਨੂੰ ਤੁਰੰਤ ਅਗਵਾਈ ਤੋਂ ਪਾਸੇ ਹੋਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੋਵੇ ਤਾਂ ਬਾਦਲ ਨੂੰ ਵੀ ਚਾਪਲੂਸਾਂ ਦੇ ਘੇਰੇ ’ਚੋਂ ਨਿਕਲ ਕੇ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਹੈ ਪਰ ਇਸ ਦੇ ਉਲਟ ਪਾਰਟੀ ਪ੍ਰਧਾਨ ਵੱਲੋਂ ਤਾਨਾਸ਼ਾਹੀ ਅਤੇ ਆਪਹੁਦਰੇ ਹੁਕਮ ਜਾਰੀ ਕਰਕੇ ਦਲ ਨੂੰ ਹੋਰ ਨਿਘਾਰ ਵੱਲ ਲਿਜਾਣ ਅਤੇ ਦਲ ਵਿਚ ਲੋਕਤੰਤਰਿਕ ਵਿਚਾਰਧਾਰਾ ਨੂੰ ਬੁਰੀ ਤਰ੍ਹਾਂ ਮਧੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਨੂੰ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਇਸ ਤਰ੍ਹਾਂ ਦੇ ਤਾਨਾਸ਼ਾਹੀ ਫਰਮਾਨਾਂ ਨੂੰ ਤੁਰੰਤ ਰੱਦ ਕਰਕੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਆਪਣੀ ਜਿੱਦ ਛੱਡ ਕੇ ਪਾਰਟੀ ਦੀ ਮਜ਼ਬੂਤੀ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਮੌਜੂਦ ਅਮਰੀਕ ਸਿੰਘ, ਸੋਹਨ ਲਾਲ, ਗੁਰਦੀਪ ਸਿੰਘ ਪਨਵਾਂ ਤੇ ਮਿੱਠੂ ਸਿੰਘ ਰੇਤਗੜ੍ਹ ਸਮੇਤ ਹੋਰ ਆਗੂਆਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂਆਂ ਨੂੰ ਦਲ ’ਚੋਂ ਕੱਢੇ ਜਾਣ ’ਤੇ ਪਾਰਟੀ ਪ੍ਰਧਾਨ ਤੇ ਅਨੁਸ਼ਾਸਨੀ ਕਮੇਟੀ ਦੀ ਨਿਖੇਧੀ ਕੀਤੀ।