ਕਾਂਗਰਸੀ-ਅਕਾਲੀ ਭੁੱਲੇ ਕਿਸਾਨਾਂ ਨੂੰ, ''ਆਪ'' ਫੜੇਗੀ ਪੀੜਤਾਂ ਦਾ ਹੱਥ : ਖਹਿਰਾ
Sunday, Sep 17, 2017 - 06:27 AM (IST)
ਜਲੰਧਰ (ਬੁਲੰਦ) - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਅੱਜ ਸਰਕਟ ਹਾਊਸ 'ਚ ਇਕ ਬੈਠਕ ਕਰ ਕੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਆਏ ਉਨ੍ਹਾਂ ਕਿਸਾਨ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਵੰਡੀ, ਜਿਨ੍ਹਾਂ ਦਾ ਕੋਈ ਮੈਂਬਰ ਕਰਜ਼ੇ ਦੀ ਮਾਰ ਨਾ ਸਹਿੰਦੇ ਹੋਏ ਆਤਮਹੱਤਿਆ ਕਰ ਗਿਆ। ਇਸ ਮੌਕੇ ਖਹਿਰਾ ਨੇ 7 ਪੀੜਤ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਵੰਡੇ ਤੇ ਕਈ ਹੋਰਨਾਂ ਨੂੰ ਢਾਈ-ਢਾਈ ਹਜ਼ਾਰ ਰੁਪਏ ਦੀ ਪੈਨਸ਼ਨ ਪਾਰਟੀ ਦੀ ਸਹਾਇਤਾ ਨਾਲ ਲਗਵਾਈ।ਇਸ ਮੌਕੇ ਖਹਿਰਾ ਨੇ ਕਾਂਗਰਸ ਅਤੇ ਅਕਾਲੀ ਦਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਨ੍ਹਾਂ ਦੋਵਾਂ ਪਾਰਟੀਆਂ ਨੇ ਪੰਜਾਬ 'ਚ ਕਈ ਦਹਾਕਿਆਂ ਤੱਕ ਰਾਜ ਕੀਤਾ ਪਰ ਕਿਸਾਨੀ ਦੀ ਹਾਲਤ 'ਚ ਕੋਈ ਸੁਧਾਰ ਨਹੀਂ ਆ ਸਕਿਆ। ਕਾਂਗਰਸ ਦੇ ਰਾਜ 'ਚ ਕਿਸਾਨਾਂ ਦੀਆਂ ਆਤਮਹੱਤਿਆਵਾਂ ਹੋਰ ਵਧੀਆਂ ਹਨ। ਖਹਿਰਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ 'ਚ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦੇ ਜੋ ਵਾਅਦੇ ਕੀਤੇ ਸਨ, ਸਭ ਹਵਾਈ ਸਾਬਿਤ ਹੋਏ ਹਨ। ਕਿਸਾਨਾਂ 'ਤੇ 1 ਲੱਖ ਕਰੋੜ ਦਾ ਕਰਜ਼ਾ ਹੈ ਪਰ ਕੈਪਟਨ ਸਰਕਾਰ ਨੇ ਵਿਧਾਨ ਸਭਾ 'ਚ ਪਾਸ ਬਜਟ 'ਚ ਸਿਰਫ 1500 ਕਰੋੜ ਰੁਪਏ ਕਰਜ਼ਾ ਮਾਫੀ ਲਈ ਰੱਖੇ, ਜਿਸਦਾ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਤਮਹੱਤਿਆ ਨਹੀਂ ਕਰਨੀ ਚਾਹੀਦੀ, ਸਗੋਂ ਝੂਠੇ ਵਾਅਦੇ ਕਰਨ ਵਾਲੇ ਨੇਤਾਵਾਂ ਨੂੰ ਫੜਨਾ ਚਾਹੀਦਾ ਹੈ। ਇਸ ਮੌਕੇ ਗੜ੍ਹਸ਼ੰਕਰ ਦੇ ਵਿਧਾਇਕ ਜੈ ਸਿੰਘ ਵੀ ਮੌਜੂਦ ਸਨ।
