ਦਿੱਲੀ ਹਾਰ ਨੇ ਖੜਕਾਇਆ ਪੰਜਾਬ ਦਾ ਗਠਜੋੜ, ਹਿਲਜੁਲ ਨੂੰ ਬਰੇਕਾਂ

02/15/2020 11:20:13 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ 10 ਸਾਲ ਲਗਾਤਾਰ ਰਾਜਭਾਗ ਦਾ ਆਨੰਦ ਲੈਣ ਵਾਲੇ ਅਕਾਲੀ-ਭਾਜਪਾ ਗਠਜੋੜ ਨੂੰ ਹੁਣ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਸਿਆਸੀ ਤੌਰ 'ਤੇ ਪੰਜਾਬ 'ਚ ਬੁਰੀ ਤਰ੍ਹਾਂ ਖੜਕਾ ਦਿੱਤਾ ਹੈ। ਪੰਜਾਬ ਦੇ ਚੋਟੀ ਦੇ ਸ਼ਹਿਰ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਜਲੰਧਰ ਆਦਿ ਦੀਆਂ ਸਿਆਸੀ ਸਰਗਰਮੀਆਂ ਨੂੰ ਲੱਗਦਾ ਹੈ ਜਿਵੇਂ ਗ੍ਰਹਿਣ ਲਗ ਗਿਆ ਹੋਵੇ ਕਿਉਂਕਿ ਲੋਕ ਸਭਾ ਚੋਣਾਂ ਤੋਂ ਬਾਅਦ ਅਕਾਲੀ-ਭਾਜਪਾ ਗਠਜੋੜ ਤੇਜ਼ੀ ਨਾਲ ਉੱਠ ਕੇ ਸੱਤਾ ਵੱਲ ਹਮੇਸ਼ਾ ਵਧਦਾ ਦਿਖਾਈ ਦਿੰਦਾ ਹੁੰਦਾ ਸੀ ਪਰ 10 ਸਾਲ ਰਾਜ ਕਰਨ ਤੋਂ ਬਾਅਦ ਅਜੇ ਤੱਕ ਪੰਜਾਬੀਆਂ ਦੇ ਪੰਥਕ ਹਲਕਿਆਂ ਦਾ ਗੁੱਸਾ ਠੰਡਾ ਨਹੀਂ ਹੋਇਆ, ਜਦੋਂ ਕਿ ਸ਼ਹਿਰਾਂ 'ਚ ਬੈਠੀ ਭਾਜਪਾ ਵੀ ਕੈਪਟਨ ਸਰਕਾਰ ਦੀਆਂ ਨਾਲਾਇਕੀਆਂ ਨੂੰ ਜਗ-ਜ਼ਾਹਰ ਕਰਨ ਵਿਚ ਸਫਲ ਨਹੀਂ ਹੋ ਸਕੀ।
ਬਾਕੀ ਦਿੱਲੀ ਦੇ ਚੋਣ ਦੰਗਲ 'ਚ ਜੋ ਹੋਇਆ, ਉਸ ਦਾ ਪਰਛਾਵਾਂ ਵੀ ਪੰਜਾਬ 'ਚ ਇਸ ਗਠਜੋੜ 'ਤੇ ਪੈਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਉਂਦੀਆਂ ਚਾਰ ਸੀਟਾਂ 'ਤੇ ਅਕਾਲੀ ਦਲ ਨੂੰ ਬੇਦਖਲ ਕਰ ਦਿੱਤਾ ਅਤੇ ਖੁਦ ਆਪ ਚੋਣ ਲੜੀ ਪਰ ਫਿਰ ਵੀ ਹਾਰ ਗਈ। ਇਸ ਹਾਰ ਲਈ ਕੌਣ ਜ਼ਿੰਮੇਵਾਰ ਹੈ, ਇਸ ਸਬੰਧੀ ਭਾਵੇਂ ਅਜੇ ਕੁਝ ਵੀ ਆਖਣਾ ਮੁਸ਼ਕਲ ਹੈ ਪਰ ਇਹ ਗੱਲ ਭਾਜਪਾ ਨੂੰ ਹਜ਼ਮ ਨਹੀਂ ਹੋ ਰਹੀ ਕਿ ਜਿਨ੍ਹਾਂ ਹਲਕਿਆਂ 'ਚ ਸਿੱਖ ਭਾਵ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨੀ ਸੀ ਜਿੱਥੋਂ ਦੇ ਲੱਖਾਂ ਦੀ ਗਿਣਤੀ 'ਚ ਬੈਠੇ ਸਿੱਖ ਵੋਟਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਪੀਲ ਨੂੰ ਨਜ਼ਰਅੰਦਾਜ਼ ਕਰ ਕੇ 'ਆਪ' ਦੀ ਗੱਡੀ ਚੜ੍ਹ ਗਏ, ਜਿਸ ਨਾਲ ਦਿੱਲੀ ਵਿਚ ਅਕਾਲੀ ਦਲ ਦੀ ਤਸਵੀਰ ਸਾਫ ਦਿਸ ਗਈ ਹੈ।
ਇਸ ਲਈ ਦਿੱਲੀ ਵਾਲੇ ਤਾਂ ਪਹਿਲਾਂ ਹੀ ਅਕਾਲੀ ਦਲ ਤੋਂ ਖਫਾ ਸਨ। ਹੁਣ ਪੰਜਾਬ 'ਚ ਬੈਠੇ ਨੇਤਾ ਵੀ ਸ਼੍ਰੋਮਣੀ ਅਕਾਲੀ ਦਲ ਨਾਲ 2022 ਦੇ ਗਠਜੋੜ ਲਈ ਨੱਕ-ਬੁੱਲ੍ਹ ਮਾਰਨ ਲਗ ਪਏ ਹਨ, ਜਿਸ ਦਾ ਪ੍ਰਮਾਣ ਜਲੰਧਰ ਦੀ ਰੈਲੀ ਅਤੇ ਹੋਰ ਮੀਟਿੰਗਾਂ ਹਨ। ਇਸ ਸਭ ਕੁਝ ਦੇਖ ਕੇ ਹੁਣ ਲਗਦਾ ਹੈ ਕਿ ਪੰਜਾਬ 'ਚ ਬੈਠੀ ਭਾਜਪਾ ਆਉਣ ਵਾਲੇ ਦਿਨਾਂ ਵਿਚ ਕੋਈ ਨਵਾਂ ਰਾਜਸੀ ਸੱਪ ਨਾ ਕੱਢ ਦੇਵੇ, ਜਦੋਂਕਿ ਦੂਜੇ ਪਾਸੇ ਅਕਾਲੀ ਦਲ 'ਚ ਬੈਠੇ ਭਾਜਪਾ ਵੱਲੋਂ ਦਿੱਲੀ 'ਚ ਕੀਤੀ ਜੱਗੋਂ ਤੇਰ੍ਹਵੀਂ ਤੋਂ ਖਫਾ ਨੇਤਾ ਆਪਣੇ ਪ੍ਰਧਾਨ ਨੂੰ ਬਸਪਾ ਦੇ ਹਾਥੀ ਦੀ ਸਵਾਰੀ ਦੀ ਸਲਾਹ ਦੇਣ ਲੱਗ ਪਏ ਹਨ, ਜਿਸ ਕਰ ਕੇ ਗਠਜੋੜ ਹੁਣ ਢਿੱਲੇ ਰਵੱਈਏ ਵਾਲਾ ਹੁੰਦਾ ਦਿਖਾਈ ਦੇ ਰਿਹਾ ਹੈ।


Babita

Content Editor

Related News