ਲੁਧਿਆਣਾ ਦੇ ਅਕਾਲੀਆਂ ਨੂੰ ਮਿਲਣਗੇ ਨਵੇਂ ਪ੍ਰਧਾਨ

Friday, Jun 21, 2019 - 11:34 AM (IST)

ਲੁਧਿਆਣਾ ਦੇ ਅਕਾਲੀਆਂ ਨੂੰ ਮਿਲਣਗੇ ਨਵੇਂ ਪ੍ਰਧਾਨ

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ ਵੱਡੀ ਰੱਦੋਬਦਲ ਅਤੇ ਨਵੇਂ ਸਿਰੇ ਤੋਂ ਸੀਨੀਅਰ ਨੇਤਾਵਾਂ ਨੂੰ ਅਹੁਦੇਦਾਰੀਆਂ ਅਤੇ ਜਥੇਬੰਦੀ ਦਾ ਵਿਸਥਾਰ ਕਰਨ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ 'ਚ ਹੋਈ ਮੀਟਿੰਗ ਦੌਰਾਨ ਵੱਡੇ ਕੱਦ ਦੇ ਆਗੂਆਂ ਨੇ ਇਸ ਮਾਮਲੇ ਨੂੰ ਹਰੀ ਝੰਡੀ ਦੇ ਦਿੱਤੀ ਹੈ। ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਮੋਹਰ ਲੱਗਣੀ ਬਾਕੀ ਹੈ। ਸੂਤਰਾਂ ਨੇ ਦੱਸਿਆ ਕਿ ਨਵੇਂ ਹਲਕਾ ਇੰਚਾਰਜ ਜਾਂ ਅਦਲਾ-ਬਦਲੀ ਜਾਂ ਕਈਆਂ ਦੀ ਛੁੱਟੀ ਇਸ ਵਿਚ ਸ਼ਾਮਲ ਦੱਸੀ ਜਾ ਰਹੀ ਹੈ।

ਪਤਾ ਲੱਗਾ ਹੈ ਕਿ ਲੁਧਿਆਣਾ ਜ਼ਿਲੇ ਦੇ ਦਿਹਾਤੀ ਹਲਕੇ ਜਗਰਾਓਂ ਨੂੰ ਨਵਾਂ ਪ੍ਰਧਾਨ ਮਿਲਣ ਜਾ ਰਿਹਾ ਹੈ, ਜੋ ਸਾਬਕਾ ਚੇਅਰਮੈਨ ਸ਼੍ਰੋਮਣੀ ਕਮੇਟੀ ਮੈਂਬਰ ਜਗਰਾਓਂ ਤੋਂ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਲੁਧਿਆਣਾ ਜ਼ਿਲੇ ਦੇ ਦੋ ਦਿਹਾਤੀ ਹਲਕਿਆਂ ਵਿਚ ਰਾਖਵੀਆਂ ਸੀਟਾਂ ਲਈ ਨਵੇਂ ਉਮੀਦਵਾਰਾਂ 'ਤੇ ਵੀ ਸਰਚ ਮਾਰੀ ਜਾ ਰਹੀ ਹੈ, ਜਿਨ੍ਹਾਂ ਵਿਚ ਇਕ ਸਾਬਕਾ ਸਰਪੰਚ ਜੋ ਤਿੰਨ ਵਾਰ ਪ੍ਰਧਾਨ ਮੰਤਰੀ ਤੋਂ ਐਵਾਰਡ ਲੈ ਚੁੱਕਾ ਹੈ। ਦੂਜਾ ਸ਼੍ਰੋਮਣੀ ਕਮੇਟੀ ਦਾ ਚੋਟੀ ਦਾ ਮੈਂਬਰ ਜੋ ਪਿਛਲੇ ਸਾਲ ਵੱਡੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਲੁਧਿਆਣਾ ਸ਼ਹਿਰ ਵਿਚ ਦੋ ਪ੍ਰਧਾਨਾਂ ਬਾਰੇ ਗੰਭੀਰਤਾ ਨਾਲ ਗੱਲਬਾਤ ਹੋਣ ਦੀ ਵੀ ਖ਼ਬਰ ਹੈ।


author

Gurminder Singh

Content Editor

Related News