ਨਵਾਂ ਅਕਾਲੀ ਦਲ ਵਿਰੋਧੀਆਂ ਦੀ ਨੀਂਦ ਹਰਾਮ ਕਰ ਦੇਵੇਗਾ : ਬੋਨੀ ਅਜਨਾਲਾ

Sunday, Dec 16, 2018 - 09:16 AM (IST)

ਨਵਾਂ ਅਕਾਲੀ ਦਲ ਵਿਰੋਧੀਆਂ ਦੀ ਨੀਂਦ ਹਰਾਮ ਕਰ ਦੇਵੇਗਾ : ਬੋਨੀ ਅਜਨਾਲਾ

ਅਜਨਾਲਾ (ਵਰਿੰਦਰ) - ਟਕਸਾਲੀ ਅਕਾਲੀ ਆਗੂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੀ ਅਗਵਾਈ 'ਚ ਬਣ ਰਿਹਾ ਨਵਾਂ ਸ਼੍ਰੋਮਣੀ ਅਕਾਲੀ ਦਲ ਵਿਰੋਧੀ ਧਿਰਾਂ ਦੀ  ਨੀਂਦ  ਹਰਾਮ ਕਰ ਦੇਵੇਗਾ। ਇਹ ਪ੍ਰਗਟਾਵਾ ਅੱਜ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ 16 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਬਣਾਏ ਜਾ ਰਹੇ ਨਵੇਂ ਅਕਾਲੀ ਦਲ ਦੀਆਂ ਤਿਆਰੀਆਂ ਸਬੰਧੀ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਕੁਰਬਾਨੀਆਂ ਦੇ ਕੇ ਬਣਾਏ ਗਏ ਸ਼੍ਰੋਮਣੀ ਅਕਾਲੀ ਦਲ 'ਤੇ ਕਬਜ਼ਾਧਾਰਕ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੇ ਇਸ ਦਲ ਨੂੰ ਨਿੱਜੀ ਜਗੀਰ ਸਮਝਿਆ ਹੋਇਆ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਹੋਣ ਇਨ੍ਹਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਤੇ ਬਹੁਤ ਹੀ ਵੱਡੇ ਪੱਧਰ 'ਤੇ ਬਣ ਰਹੇ ਨਵੇਂ ਢਾਂਚੇ 'ਚ ਆਪ-ਮੁਹਾਰੇ ਸ਼ਾਮਿਲ ਹੋ ਕੇ ਬਾਦਲਾਂ ਦੀਆਂ ਜੜ੍ਹਾਂ ਹਿਲਾ ਦੇਣਗੇ।

ਬੋਨੀ ਅਜਨਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਕਿ ਸਿੱਖਾਂ ਦੀ ਨੁਮਾਇੰਦਾ ਜਮਾਤ ਪਾਰਟੀ ਹੈ, ਵੱਲੋਂ ਡੇਰਾ ਮੁਖੀ ਰਾਮ ਰਹੀਮ ਨੂੰ ਆਪਣੇ ਨਿੱਜੀ ਮੁਫਾਦਾਂ ਲਈ  ਦਿੱਤੀ ਗਈ ਮੁਆਫੀ ਨੂੰ ਲੋਕ ਮਨਾਂ ਵਿਚ ਰੋਹ ਭਰੀ ਬੈਠੇ ਹਨ ਅਤੇ ਬਾਦਲ ਪਰਿਵਾਰ ਨੂੰ ਆਉਣ ਵਾਲੀਆਂ ਸਾਰੀਆਂ ਚੋਣਾਂ 'ਚ ਬੁਰੀ ਤਰ੍ਹਾਂ ਹਰਾਉਣ ਲਈ ਉਤਾਵਲੇ ਹੋਏ ਬੈਠੇ ਹਨ ਤੇ ਬੇਸਬਰੀ ਨਾਲ ਚੋਣਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੋ ਕਿ ਆਪਸ ਵਿਚ ਘਿਉ-ਖਿਚੜੀ ਹੋਣ ਕਰ ਕੇ ਇਨ੍ਹਾਂ ਦੇ ਵਿਰੋਧ 'ਚ ਲਾਏ ਗਏ ਬਰਗਾੜੀ ਮੋਰਚੇ ਨੂੰ ਵੀ ਕੈਪਟਨ ਵੱਲੋਂ ਖਤਮ ਕਰਵਾ ਦਿੱਤਾ ਗਿਆ ਹੈ, ਦਾ ਵਿਰੋਧ ਸਮੂਹ ਸਿੱਖ ਪੰਥ ਵੱਲੋਂ ਜਾਰੀ ਹੈ।

ਬੋਨੀ ਅਜਨਾਲਾ ਨੇ ਕਿਹਾ ਕਿ ਜੋ ਨਵੇਂ ਅਕਾਲੀ ਦਲ ਦਾ ਢਾਂਚਾ ਤਿਆਰ ਹੁੰਦਿਆਂ ਹੀ ਇਸ ਵਿਚ ਵੱਡੇ ਪੱਧਰ 'ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ ਤੇ ਜੋ ਅਹੁਦੇਦਾਰ ਸੁਖਬੀਰ ਬਾਦਲ ਦੀ ਅਗਵਾਈ 'ਚ ਇਨ੍ਹਾਂ ਤੋਂ ਆਪਣੇ-ਆਪ ਨੂੰ ਘੁਟਣ ਮਹਿਸੂਸ ਕਰ ਰਹੇ ਹਨ, ਵੀ ਜਲਦ ਹੀ ਇਨ੍ਹਾਂ ਨੂੰ ਤਿਲਾਂਜਲੀ ਦੇ ਕੇ ਨਵੇਂ ਅਕਾਲੀ ਦਲ ਵਿਚ ਸ਼ਾਮਿਲ ਹੋਣਗੇ। ਇਸ ਮੌਕੇ ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਅੰਮ੍ਰਿਤਸਰ ਵਿਖੇ ਹੋ ਰਹੀ ਇਕੱਤਰਤਾ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਤਾਂ ਜੋ ਵਿਰੋਧੀ ਧਿਰਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਜਾ ਸਕੇ।


author

Baljeet Kaur

Content Editor

Related News