ਡੇਂਗੂ ਲਾਰਵਾ ਖਤਮ ਕਰਨ ਲਈ 6 ਟੀਮਾਂ ਗਠਿਤ
Sunday, Nov 03, 2019 - 10:22 AM (IST)

ਅਜਨਾਲਾ (ਬਾਠ) : ਲੋਕਾਂ 'ਤੇ ਕਹਿਰ ਬਣ ਕੇ ਵਰ੍ਹ ਰਹੇ ਡੇਂਗੂ ਵਾਇਰਲ ਨੂੰ ਰੋਕਣ ਲਈ ਸਿਹਤ ਵਿਭਾਗ ਪੰਜਾਬ ਦੀਆਂ ਟੀਮਾਂ ਨੇ ਕਮਾਂਡ ਸੰਭਾਲ ਲਈ ਹੈ ਅਤੇ ਸਿਵਲ ਸਰਜਨ ਅੰਮ੍ਰਿਤਸਰ ਦੇ ਨਿਰਦੇਸ਼ਾਂ ਹੇਠ ਸ਼ਹਿਰ ਨੂੰ 6 ਹਿੱਸਿਆਂ 'ਚ ਵੰਡ ਕੇ ਐਂਟੀ-ਲਾਰਵਾ 6 ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਅੱਜ ਇਥੇ ਐੱਸ. ਐੱਮ. ਓ. ਅਜਨਾਲਾ ਡਾ. ਓਮ ਪ੍ਰਕਾਸ਼ ਨੇ ਉਕਤ ਟੀਮਾਂ ਦੇ ਅਧਿਕਾਰੀਆਂ ਦੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ 6 ਟੀਮਾਂ 'ਚ 24 ਮੈਂਬਰ ਕੰਮ ਕਰਨਗੇ। ਇਕ ਟੀਮ 'ਚ 2 ਮਲਟੀਪਰਪਜ਼ ਅਤੇ 2 ਸਪ੍ਰੇਅ ਵਰਕਰ ਸ਼ਾਮਿਲ ਕੀਤੇ ਗਏ ਹਨ, ਜੋ ਸ਼ਹਿਰ ਦੇ ਚੱਪੇ-ਚੱਪੇ 'ਤੇ ਡੇਂਗੂ ਲਾਰਵੇ ਨੂੰ ਨਸ਼ਟ ਕਰਨ ਲਈ ਮੁੱਖ ਤੌਰ 'ਤੇ ਕੰਮ ਕਰਨਗੇ।
ਉਨ੍ਹਾਂ ਕਿਹਾ ਕਿ ਉਕਤ ਟੀਮਾਂ ਦੇ ਮੈਂਬਰ ਰੋਜ਼ਾਨਾ 700 ਘਰਾਂ 'ਚ ਵਿਜ਼ਟ ਕਰ ਕੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪ੍ਰਭਾਵਿਤ ਥਾਵਾਂ ਸਮੇਤ ਹਰ ਘਰ, ਗਲੀ-ਮੁਹੱਲੇ ਤੇ ਖਾਲੀ ਪਈਆਂ ਥਾਵਾਂ 'ਤੇ ਐਂਟੀ-ਲਾਰਵਾ ਸਪ੍ਰੇਅ ਦਾ ਛਿੜਕਾਅ ਕਰਨਗੇ। ਟੀਮਾਂ ਮੰਦਰਾਂ, ਮਸਜਿਦਾਂ, ਗਿਰਜਾਘਰਾਂ, ਗੁਰਦੁਆਰਿਆਂ ਤੇ ਗਲੀ-ਮੁਹੱਲਿਆਂ ਦੇ ਮੁਖੀਆਂ ਨੂੰ ਮਿਲ ਕੇ ਡੇਂਗੂ ਪ੍ਰਤੀ ਜਾਗਰੂਕ ਕਰਦਿਆਂ ਉਨ੍ਹਾਂ ਦੁਆਰਾ ਧਾਰਮਿਕ ਅਸਥਾਨਾਂ 'ਤੇ ਆਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਨ ਲਈ ਲਿਟਰੇਚਰ ਦੇਣਗੀਆਂ ਤਾਂ ਜੋ ਬਹੁਗਿਣਤੀ ਨੂੰ ਡੇਂਗੂ ਬੁਖਾਰ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸੇ ਦਰਮਿਆਨ ਟੀਮਾਂ ਦੁਆਰਾ ਸਥਾਨਕ ਸਕੂਲਾਂ ਦੇ ਮੁਖੀਆਂ ਤੱਕ ਪਹੁੰਚ ਕਰ ਕੇ ਬੱਚਿਆਂ ਨੂੰ ਫੁੱਲ ਡਰੈੱਸ ਪੁਆਉਣ ਲਈ ਪ੍ਰੇਰਿਤ ਕੀਤਾ ਜਾਵੇਗਾ।
ਐੱਸ. ਐੱਮ. ਓ. ਅਜਨਾਲਾ ਨੇ ਪ੍ਰਾਈਵੇਟ ਹਸਪਤਾਲਾਂ ਤੇ ਮੈਡੀਕਲ ਸਟੋਰਾਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੇ ਸ਼ੱਕੀ ਮਰੀਜ਼ਾਂ ਦਾ ਰੈਪਿਡ ਕਾਰਡ ਟੈਸਟ ਨਾ ਕੀਤਾ ਜਾਵੇ ਕਿਉਂਕਿ ਇਹ ਟੈਸਟ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਨਹੀਂ ਹੈ। ਉਨ੍ਹਾਂ ਕਿਹਾ ਕਿ ਡੇਂਗੂ ਦੇ ਸ਼ੱਕੀ ਮਰੀਜ਼ ਆਪਣਾ ਡੇਂਗੂ ਟੈਸਟ ਸਿਵਲ ਹਸਪਤਾਲ ਅਜਨਾਲਾ ਜਾਂ ਗੁਰੂ ਨਾਨਕ ਦੇਵ ਹਸਪਤਾਲ ਅਜਨਾਲਾ ਤੋਂ ਕਰਵਾਉਣ, ਜੋ ਕਿ ਸਰਕਾਰ ਦੁਆਰਾ ਮੁਫਤ ਹੈ।