ਹੁਣ ਦਮਦਮੀ ਟਕਸਾਲ ਨੇ ਵੀ ਕਾਲੀ ਸੂਚੀ ''ਤੇ ਕੇਂਦਰ ਸਰਕਾਰ ਅਤੇ ਬਾਦਲਾਂ ਨੂੰ ਘੇਰਿਆ

Wednesday, Sep 18, 2019 - 10:38 AM (IST)

ਹੁਣ ਦਮਦਮੀ ਟਕਸਾਲ ਨੇ ਵੀ ਕਾਲੀ ਸੂਚੀ ''ਤੇ ਕੇਂਦਰ ਸਰਕਾਰ ਅਤੇ ਬਾਦਲਾਂ ਨੂੰ ਘੇਰਿਆ

ਅਜਨਾਲਾ (ਬਾਠ) : ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਦੇ ਕਾਲੀ ਸੂਚੀ ਸਬੰਧੀ ਬਿਆਨ ਤੋਂ ਬਾਅਦ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਹੈੱਡ ਕੁਆਰਟਰ ਤੋਂ ਜਾਰੀ ਬਿਆਨ 'ਚ ਜਥੇਦਾਰ ਸਿੰਘ ਸਾਹਿਬ ਭਾਈ ਅਮਰੀਕ ਸਿੰਘ ਅਜਨਾਲਾ ਨੇ ਬੜੇ ਸਖਤ ਲਹਿਜ਼ੇ 'ਚ ਕਿਹਾ ਕਿ ਕੇਂਦਰ ਸਰਕਾਰ ਵਲੋਂ ਸਿੱਖਾਂ ਦੇ ਨਾਵਾਂ ਦੀ ਕਾਲੀ ਸੂਚੀ ਬਾਰੇ ਸੱਚਾਈ ਕੀ ਹੈ, ਇਹ ਤਾਂ ਪਤਾ ਨਹੀਂ। ਅਕਾਲੀ ਦਲ ਬਾਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਜੋ ਕਥਿਤ ਤੌਰ 'ਤੇ ਕੇਂਦਰ ਸਰਕਾਰ ਦੇ ਝੂਠੇ ਗਵਾਹ ਹਨ, ਜਿਨ੍ਹਾਂ ਨੂੰ ਆਪ 5 ਦਿਨਾਂ ਬਾਅਦ ਕਾਲੀ ਸੂਚੀ ਖਤਮ ਹੋਣ ਬਾਰੇ ਪਤਾ ਲੱਗਦਾ ਹੈ, 'ਮਾਂ ਜੰਮੀ ਨਾ, ਪੁੱਤ ਬਨੇਰੇ 'ਤੇ' ਕਹਾਵਤ ਵਾਂਗ ਮੋਦੀ ਤੇ ਅਮਿਤ ਸ਼ਾਹ ਦੇ ਗੁਣ ਗਾਉਂਦੇ ਨਹੀਂ ਥੱਕ ਰਹੇ।

ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਕੌਮ ਅਜਿਹੇ ਲਾਲੀਪੌਪ ਨਾਲ ਹੁਣ ਪਰਚਣ ਵਾਲੀ ਨਹੀਂ ਅਤੇ ਹਕੀਕੀ ਰੂਪ 'ਚ ਨਤੀਜਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਤੇ ਪ੍ਰਕਾਸ਼ ਸਿੰਘ ਬਾਦਲ ਬਹਿਬਲ ਕਲਾਂ ਗੋਲੀ ਕਾਂਡ, ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਬੇਅਦਬੀ ਕਾਂਡ ਤੇ ਕੋਟਕਪੂਰਾ ਗੋਲੀਕਾਂਡ 'ਚ ਬੁਰੀ ਤਰ੍ਹਾਂ ਫਸ ਚੁੱਕੇ ਹਨ, ਜੋ ਬਿਨਾਂ ਸੋਚੇ-ਸਮਝੇ ਕੇਂਦਰ ਸਰਕਾਰ ਦੇ ਸਿੱਖ ਕੌਮ ਪ੍ਰਤੀ ਹਰ ਝੂਠੇ ਐਲਾਨਾਂ ਦਾ ਸਵਾਗਤ ਕਰਦਿਆਂ ਸਿੱਖ ਕੌਮ 'ਚ ਖਤਮ ਹੋ ਚੁੱਕੀ ਆਪਣੀ ਸਾਖ ਬਹਾਲ ਕਰਨਾ ਚਾਹੁੰਦੇ ਹਨ। ਬਾਦਲ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲੇ 'ਤੇ ਲੋਕਾਂ ਦੀ ਸਿੱਖ ਕੌਮ ਦੀ ਕਚਹਿਰੀ 'ਚ ਪਿੰਡ ਦੀਆਂ ਸੱਥਾਂ, ਸ਼ਹਿਰਾਂ ਤੇ ਗਲੀ-ਮੁਹੱਲਿਆਂ 'ਚ ਕਥਿਤ ਤੌਰ 'ਤੇ ਦੋਸ਼ੀ ਸਾਬਿਤ ਹੋ ਚੁੱਕਾ ਹੈ।

ਸਿੰਘ ਸਾਹਿਬ ਅਜਨਾਲਾ ਨੇ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਸਖਤ ਲਫਜ਼ਾਂ 'ਚ ਕਿਹਾ ਕਿ ਜੇਕਰ ਤੁਹਾਡੇ 'ਚ ਸਿੱਖਾਂ ਵਾਲੀ ਅਣਖ ਤੇ ਗੈਰਤ ਬਚੀ ਹੈ ਤਾਂ ਉਹ ਦੋਵੇਂ ਪਤੀ-ਪਤਨੀ ਕੇਂਦਰੀ ਗ੍ਰਹਿ ਮੰਤਰਾਲੇ ਕੋਲੋਂ ਅਧਿਕਾਰਤ ਤੌਰ 'ਤੇ ਕਾਲੀ ਸੂਚੀ ਤੇ ਸੂਚੀ ਵਿਚਲੇ ਨਾਵਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਵਾਉਣ। ਜੇਕਰ ਅਜਿਹਾ ਨਹੀਂ ਕਰਵਾ ਸਕਦੇ ਤਾਂ 7 ਦਿਨਾਂ ਦੇ ਅੰਦਰ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਕਿਉਂਕਿ ਕੇਂਦਰ ਸਰਕਾਰ ਨੇ ਸਿੱਖਾਂ ਅਤੇ ਪੰਜਾਬ ਸਬੰਧੀ ਜੋ ਵੀ ਹੱਕ ਜਾਂ ਵਿਰੋਧ 'ਚ ਫੈਸਲੇ ਲਏ ਹਨ, ਕਿਸੇ ਇਕ ਮਾਮਲੇ ਦੀ ਵੀ ਜਾਣਕਾਰੀ ਅਕਾਲੀ ਦਲ ਬਾਦਲ ਕੋਲ ਪਹਿਲਾਂ ਨਹੀਂ ਰਹੀ। ਸਿੱਖ ਕੌਮ ਅਤੇ ਪੰਜਾਬ ਨਾਲ ਸਬੰਧਤ ਹਰੇਕ ਮਾਮਲੇ ਦੀ ਜਾਣਕਾਰੀ ਇਨ੍ਹਾਂ ਨੂੰ ਅਖਬਾਰਾਂ ਰਾਹੀਂ ਹੀ ਪ੍ਰਾਪਤ ਹੁੰਦੀ ਰਹੀ ਹੈ।


author

Baljeet Kaur

Content Editor

Related News