''ਕੈਪਟਨ ਬੇਅਦਬੀ ਕਰਨ ਵਾਲਿਆਂ ਨੂੰ ਸਰਕਾਰੀ ਸਰਪ੍ਰਸਤੀ ਦੇ ਕੇ ਅੱਗ ਨਾਲ ਨਾ ਖੇਡ''

06/08/2019 9:15:43 AM

ਅਜਨਾਲਾ (ਬਾਠ) : ਸਾਬਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਸਮੇਂ ਪੰਜਾਬ 'ਚ ਉਕਤ ਸਰਕਾਰ ਦੀ ਮਿਲੀਭੁਗਤ ਨਾਲ ਗਿਣੀ-ਮਿਥੀ ਸਾਜ਼ਿਸ਼ ਤਹਿਤ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕਥਿਤ ਦੋਸ਼ੀਆਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜਬਰ-ਜ਼ਨਾਹ ਕੇਸ 'ਚ ਸਜ਼ਾ ਜ਼ਾਫਤਾ ਸਾਧ ਗੁਰਮੀਤ ਰਾਮ ਰਹੀਮ ਨੂੰ ਕੈਪਟਨ ਸਰਕਾਰ ਜਲਦ ਤੋਂ ਜਲਦ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਕਰ ਕੇ ਸਜ਼ਾਵਾਂ ਦੇਵੇ, ਨਾ ਕਿ ਇਨ੍ਹਾਂ ਨੂੰ ਆਪਣੀ ਕਥਿਤ ਤੌਰ 'ਤੇ ਸਰਕਾਰੀ ਸਰਪ੍ਰਸਤੀ ਦੇ ਕੇ ਸਿੱਖ ਕੌਮ ਨਾਲ ਧ੍ਰੋਹ ਕਮਾਉਂਦਿਆਂ ਅੱਗ ਨਾਲ ਖੇਡੇ। ਇਹ ਪ੍ਰਗਟਾਵਾ ਜੂਨ 1984 ਦੇ ਸ਼ਹੀਦਾਂ ਦੀ ਯਾਦ 'ਚ ਸਥਾਨਕ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ (ਜਥਾ ਭਿੰਡਰਾਂ) ਦੇ ਹੈੱਡਕੁਆਰਟਰ ਵਿਖੇ ਕਰਵਾਏ ਗਏ ਸਾਲਾਨਾ ਕੀਰਤਨ ਤੇ ਢਾਡੀ ਦਰਬਾਰ 'ਚ ਹਾਜ਼ਰੀ ਭਰਨ ਪਹੁੰਚੇ ਮੁਤਵਾਜ਼ੀ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਤਖਤ ਸ੍ਰੀ ਦਮਦਮਾ ਸਾਹਿਬ (ਸਾਬੋ ਕੀ ਤਲਵੰਡੀ) ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਦੇ ਮੁਤਵਾਜ਼ੀ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਾਂਝੇ ਤੌਰ 'ਤੇ ਜਾਣਕਾਰੀ ਦਿੰਦਿਆਂ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਬਰਗਾੜੀ ਮੋਰਚੇ ਨੂੰ ਫੇਲ ਕਰਨ ਲਈ ਹਰ ਹਰਬਾ ਵਰਤ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਬਰਗਾੜੀ ਮੋਰਚਾ ਖਤਮ ਨਹੀਂ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਸਜ਼ਾਵਾਂ ਦਿਵਾਉਣ ਤੱਕ ਸ਼ਾਂਤਮਈ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਤੇ ਮੁੱਖ ਸਲਾਹਕਾਰ ਸਰਬਜੀਤ ਸਿੰਘ ਜੰਮੂ ਵੀ ਹਾਜ਼ਰ ਸਨ। ਕੀਰਤਨ ਦਰਬਾਰ 'ਚ ਹਾਜ਼ਰੀ ਭਰਨ ਵਾਲਿਆਂ 'ਚ ਹਜ਼ੂਰੀ ਰਾਗੀ ਕੁਲਵਿੰਦਰ ਸਿੰਘ ਦਮਦਮੀ ਟਕਸਾਲ ਅਜਨਾਲਾ, ਉਸਤਾਦ ਅਨੂਪ ਸਿੰਘ ਅਜਨਾਲਾ ਵਾਲੇ, ਰਾਗੀ ਦਵਿੰਦਰ ਸਿੰਘ ਬੋਦਲਾਂ ਵਾਲੇ, ਭਾਈ ਰਣਧੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਬਲਕਾਰ ਸਿੰਘ ਵਿਦਿਆਰਥੀ ਦਮਦਮੀ ਟਕਸਾਲ, ਗਿਆਨੀ ਜਤਿੰਦਰ ਸਿੰਘ, ਭਾਈ ਦਵਿੰਦਰ ਸਿੰਘ ਹਰੀਏਵਾਲ ਕਵੀਸ਼ਰ, ਭਾਈ ਜਸਵਿੰਦਰ ਸਿੰਘ ਸ਼ਾਂਤ ਢਾਡੀ ਆਦਿ ਨੇ ਗੁਰੂ ਸ਼ਬਦ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਮੌਕੇ ਭਾਈ ਜਗਦੀਸ਼ ਸਿੰਘ, ਭਾਈ ਨਵਦੀਪ ਸਿੰਘ, ਭਾਈ ਬਚਿੱਤਰ ਸਿੰਘ, ਬਾਬਾ ਰੇਸ਼ਮ ਸਿੰਘ ਖਖਰਾਣੇ ਵਾਲੇ, ਬਾਬਾ ਹਰਭਜਨ ਸਿੰਘ ਕੁੱਲੀਆਂ ਵਾਲੇ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਦੇ ਪ੍ਰਮੁੱਖ ਅਤੇ ਅਹੁਦੇਦਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।


Baljeet Kaur

Content Editor

Related News