ਏਅਰਪੋਰਟ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਇਕ ਨੌਜਵਾਨ ਦੀ ਮੌਤ

03/14/2020 6:36:36 PM

ਮੋਹਾਲੀ (ਰਾਣਾ) : ਏਅਰਪੋਰਟ ਰੋਡ 'ਤੇ ਹੋਏ ਵਾਪਰੇ ਹਾਦਸੇ ਵਿਚ ਇਕ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਹਾਦਸਾ ਕਰਨ ਵਾਲਾ ਕਾਰ ਚਾਲਕ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ। ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਮੋਟਰਸਾਈਕਲ ਚਾਲਕ ਨੂੰ ਜ਼ਖਮੀ ਹਾਲਤ ਵਿਚ ਆਟੋ ਵਿਚ ਬਿਠਾ ਕੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਥੇ ਹੀ ਜ਼ਖ਼ਮੀ ਕਾਰ ਚਾਲਕ ਨੂੰ ਵੀ ਕਾਰ 'ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ । ਹਾਦਸੇ ਵਿਚ ਮਾਰੇ ਗਏ ਵਿਅਕਤੀ ਦੀ ਪਹਿਚਾਣ ਬਲਜੀਤ ਸਿੰਘ ਪੁੱਤਰ ਕਿਰਪਾਲ ਸਿੰਘ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਰੂਪ ਵਿਚ ਹੋਈ ਹੈ। ਉਹ ਜੀ. ਐੱਮ. ਸੀ. ਐੱਚ. 32 ਵਿਚ ਕੰਮ ਕਰਦਾ ਸੀ।

ਮੌਕੇ 'ਤੇ ਪਹੁੰਚੀ ਬਲੌਂਗੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਦੁਪਹਿਰ ਕਰੀਬ 1 ਵਜੇ ਦੇ ਆਸਪਾਸ ਏਅਰਪੋਰਟ ਰੋਡ 'ਤੇ ਖਰੜ ਵਲੋਂ ਇਕ ਤੇਜ਼ ਰਫਤਾਰ ਕਾਲੇ ਰੰਗ ਦੀ ਕਰੂਜ ਕਾਰ ਆ ਰਹੀ ਸੀ, ਜਿਸ ਨੂੰ ਖਰੜ ਨਿਵਾਸੀ ਗਗਨਦੀਪ ਸਿੰਘ ਪੁੱਤਰ ਦੀਦਾਰ ਸਿੰਘ ਨਿਵਾਸੀ ਚੁੰਗੀ ਕਿਲਾ ਖਰੜ ਚਲਾ ਰਿਹਾ ਸੀ। ਤੇਜ਼ ਰਫਤਾਰ ਹੋਣ ਕਾਰਨ ਕਾਰ ਚਾਲਕ ਗਗਨਦੀਪ ਸਿੰਘ ਤੋਂ ਬੇਕਾਬੂ ਹੋ ਗਈ ਅਤੇ ਏਅਰਪੋਰਟ ਸੜਕ ਵਿਚਕਾਰ ਬਣੇ ਡਿਵਾਈਡਰ ਉਪਰ ਚੜ੍ਹਦੇ ਹੋਏ ਲੋਹੇ ਦੀ ਰੇਲਿੰਗ ਨਾਲ ਜੰਪ ਕਰਕੇ ਮੋਹਾਲੀ ਸਾਈਡ ਤੋਂ ਆ ਰਹੇ ਬਾਈਕ ਚਾਲਕ ਬਲਜੀਤ ਸਿੰਘ ਨਾਲ ਜਾ ਟਕਰਾਈ । ਬਾਈਕ ਨਾਲ ਟਕਰਾਉਣ ਤੋਂ ਬਾਅਦ ਕਾਰ ਕਰੀਬ 200 ਮੀਟਰ ਤਕ ਬਾਈਕ ਚਾਲਕ ਨੂੰ ਘੜੀਸਦੀ ਲੈ ਗਈ । ਇਸ ਦੌਰਾਨ ਮੋਹਾਲੀ ਸਾਈਡ ਤੋਂ ਆ ਰਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਟਰੱਕ ਨਾਲ ਟਕਰਾ ਕੇ ਕਾਰ ਘੁੰਮ ਗਈ ਅਤੇ ਸੜਕ ਦੇ ਇਕ ਸਾਈਡ ਖੜੀ ਹੋ ਗਈ । 

ਇਸ ਦੌਰਾਨ ਬਾਈਕ ਦਾ ਅਗਲਾ ਟਾਇਰ ਵੀ ਕਾਰ ਵਿਚ ਫਸ ਚੁੱਕਾ ਸੀ । ਬਾਈਕ ਚਾਲਕ ਵੀ ਘਿਸਰਦਾ ਹੋਇਆ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਨਜ਼ਦੀਕ ਖੜ੍ਹੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਚੁੱਕਿਆ ਅਤੇ ਇਕ ਆਟੋ ਵਿਚ ਉਸ ਨੂੰ ਸਿਵਲ ਹਸਪਤਾਲ ਮੋਹਾਲੀ ਪਹੁੰਚਾਇਆ । ਜਿੱਥੇ ਪੁੱਜਦੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਮੌਕੇ ਉੱਤੇ ਪਹੁੰਚੀ ਬਲੌਂਗੀ ਪੁਲਸ ਨੇ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।


Gurminder Singh

Content Editor

Related News