ਏਅਰ ਕੁਆਲਿਟੀ ’ਚ ਸੁਧਾਰ ਲਈ ਮਿਲ ਕੇ ਕੰਮ ਕਰਨਗੇ 10 ਵਿਭਾਗ : ਮੰਤਰੀ ਆਸ਼ੂ
Thursday, Dec 17, 2020 - 01:04 AM (IST)
ਲੁਧਿਆਣਾ,(ਹਿਤੇਸ਼)-ਮਹਾਨਗਰ ਦੀ ਏਅਰ ਕੁਆਲਿਟੀ ’ਚ ਸੁਧਾਰ ਲਈ ਯਤਨ ਇਕਦਮ ਤੇਜ਼ ਹੋ ਗਏ ਹਨ, ਜਿਸ ਤਹਿਤ ਕੇੇਂਦਰ ਸਰਕਾਰ ਵੱਲੋਂ ਨੈਸ਼ਨਲ ਕਲੀਨ ਏਅਰ ਪ੍ਰੋਗਰਾਮ ਨੂੰ ਲਾਗੂ ਕਰਨ ਦੇ ਲਈ ਜਾਰੀ ਗ੍ਰਾਂਟ ਖਰਚ ਕਰਨ ਸਬੰਧੀ ਯੋਜਨਾ ਬਦਾਉਣ ਨੂੰ ਲੈ ਕੇ ਮੀਟਿੰਗ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ’ਚ ਹੋਈ। ਜਿੱਥੇ ਮੇਅਰ–ਕਮਿਸ਼ਨਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।
ਆਸ਼ੂ ਨੇ ਕਿਹਾ ਕਿ ਉਦਯੋਗਿਕ ਸ਼ਹਿਰ ਵਿਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਦਿਨ-ਬ-ਦਿਨ ਗੰਭੀਰ ਰੂਪ ਧਾਰਨਕਰ ਰਹੀ ਹੈ। ਜਿਸ ਦਾ ਅਸਰ ਲੋਕਾਂ ਦੀ ਸਿਹਤ ’ਤੇ ਵੀ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਏਅਰ ਕੁਆਲਿਟੀ ’ਚ ਸੁਧਾਰ ਲਈ ਜਲਦ ਪੁਖਤਾ ਕਦਮ ਚੁੱਕਣ ਦੀ ਲੋੜ ਹੈ, ਜਿਸ ਮੁਹਿੰਮ ਨੂੰ ਸਫਲ ਬਣਾਉਣ ਲਈ ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਫਸਰਾਂ ਨੇ ਦੱਸਿਆ ਕਿ ਏਅਰ ਕੁਆਲਿਟੀ ਮੈਨੇਜਮੈਂਟ ਲਈ ਬਣਾਏ ਐਕਸ਼ਨ ਪਲਾਨ ਨੂੰ ਸੀ. ਪੀ. ਸੀ. ਬੀ. ਤੋਂ ਮਨਜ਼ੂਰੀ ਮਿਲ ਗਈ ਹੈ। ਆਸ਼ੂ ਨੇ ਕਿਹਾ ਕਿ ਇਸ ਯੋਜਨਾ ਨੂੰ ਜਲਦ ਸ਼ੁਰੂ ਕਰਨ ਅਤੇ ਡੈੱਡਲਾਈਨ ਮੁਤਾਬਕ ਪੂਰਾ ਕਰਨ ਲਈ ਰੈਗੂਲਰ ਮਾਨੀਟਰਿੰਗ ਕੀਤੀ ਜਾਵੇਗੀ।