''ਵਿੰਟਰ ਸੀਜ਼ਨ'' ਲਈ ਏਅਰ ਇੰਡੀਆ ਦਾ ਖਾਸ ਤੋਹਫਾ, ਧਰਮਸ਼ਾਲਾ ਲਈ ਉਡਾਣ ਸ਼ੁਰੂ
Saturday, Nov 16, 2019 - 12:37 PM (IST)

ਚੰਡੀਗੜ੍ਹ (ਲਲਨ) : ਸ਼ਹਿਰ ਵਾਸੀਆਂ ਲਈ ਇੰਟਰਨੈਸ਼ਨਲ ਏਅਰਪੋਰਟ ਅਥਾਰਟੀ ਵਲੋਂ ਵਿੰਟਰ ਸੀਜ਼ਨ ਦਾ ਤੋਹਫਾ ਦਿੰਦੇ ਹੋਏ ਚੰਡੀਗੜ੍ਹ-ਧਰਮਸ਼ਾਲਾ ਉਡਾਣ ਸ਼ੁਰੂ ਕੀਤੀ ਗਈ ਹੈ। ਇਹ ਸੇਵਾ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫਸਰ ਪ੍ਰਿੰਸੀ ਨੇ ਦੱਸਿਆ ਕਿ ਇਹ ਉਡਾਣ ਏਅਰ ਇੰਡੀਆ ਏਅਰਲਾਈਨਜ਼ ਵਲੋਂ ਸ਼ੁਰੂ ਕੀਤੀ ਗਈ ਹੈ। ਇਹ ਉਡਾਣ ਸਵੇਰੇ 9.15 ਵਜੇ ਧਰਮਸ਼ਾਲਾ ਤੋਂ ਚੰਡੀਗੜ੍ਹ ਪੁੱਜੇਗੀ, ਜਦੋਂ ਕਿ ਚੰਡੀਗੜ੍ਹ ਤੋਂ ਧਰਮਸ਼ਾਲਾ ਲਈ 9.40 ਵਜੇ ਉਡਾਣ ਭਰੇਗੀ। ਇਸ ਉਡਾਣ ਦਾ ਕਿਰਾਇਆ 1698 ਰੁਪਏ ਤੋਂ ਸ਼ੁਰੂ ਹੋਵੇਗਾ। ਉੱਥੇ ਹੀ ਉਨ੍ਹਾਂ ਦੱਸਿਆ ਕਿ ਇਹ ਉਡਾਣ ਹਫਤੇ 'ਚ 6 ਦਿਨ ਚੱਲੇਗੀ ਅਤੇ ਐਤਵਾਰ ਨੂੰ ਬੰਦ ਰਹੇਗੀ।