ਹਵਾਈ ਫਾਇਰ ਕਰ ਕੇ 4 ਲੁਟੇਰਿਅਾਂ ਨੇ ਲੁੱਟੇ ਲੱਖਾਂ ਰੁਪਏ (ਵੀਡੀਓ)

Tuesday, Jun 26, 2018 - 10:23 AM (IST)

ਅੰਮ੍ਰਿਤਸਰ,  (ਸੰਜੀਵ)-  ਹਵਾ ਵਿਚ ਫਾਇਰ ਕਰ ਕੇ 4 ਅਣਪਛਾਤੇ ਲੁਟੇਰੇ ਰੇਡੀਏਂਟ ਕੰਪਨੀ ਦੇ ਕੁਲੈਕਸ਼ਨ ਏਜੰਟ ਕੁਲਵਿੰਦਰ ਸਿੰਘ ਨਿਵਾਸੀ ਅਜਨਾਲਾ ਰੋਡ ਤੋਂ 20 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਲੁੱਟ ਕੇ ਲੈ ਗਏ। ਵਾਰਦਾਤ ਸ਼ਾਮ 4.30 ਵਜੇ ਦੇ ਕਰੀਬ ਹੋਈ, ਜਦੋਂ ਕੁਲਵਿੰਦਰ ਸਿੰਘ ਬੈਗ ਵਿਚ ਕੈਸ਼ ਪਾ ਕੇ ਜਮ੍ਹਾ ਕਰਵਾਉਣ ਲਈ ਬੈਂਕ ਨੂੰ ਜਾ ਰਿਹਾ ਸੀ। ਕੁਲਵਿੰਦਰ  ਦੇ ਅਨੁਸਾਰ ਉਸ ਦੇ ਬੈਗ ਵਿਚ 20 ਲੱਖ ਰੁਪਏ ਦੇ ਕਰੀਬ ਕੈਸ਼ ਸੀ, ਜਦੋਂ ਕਿ ਪੁਲਸ ਇਸ ਗੱਲ ਤੋਂ ਮਨ੍ਹਾ ਕਰ ਰਹੀ ਹੈ ਅਤੇ ਉਸ ਦਾ ਕਹਿਣਾ ਹੈ ਕਿ ਬੈਗ ਵਿਚ ਕੈਸ਼  8 ਤੋਂ 10 ਲੱਖ ਰੁਪਏ ਸੀ ਕਿਉਂਕਿ ਕੁਲਵਿੰਦਰ ਇਕੱਠੇ ਕੀਤੇ ਗਏ ਕੈਸ਼ ’ਚੋਂ ਕਾਫ਼ੀ ਪੈਸਾ ਬੈਂਕ ਵਿਚ ਜਮ੍ਹਾ ਕਰਵਾ ਚੁੱਕਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਸੀ. ਪੀ. ਜਗਮੋਹਨ ਸਿੰਘ, ਏ. ਡੀ. ਸੀ. ਪੀ. ਜਗਜੀਤ ਸਿੰਘ ਵਾਲੀਆ ਪੁਲਸ ਬਲ ਦੇ ਨਾਲ ਮੌਕੇ ’ਤੇ ਪੁੱਜੇ ਤੇ ਅਣਪਛਾਤੇ ਲੁਟੇਰਿਆਂ ਦੇ ਵਿਰੁੱਧ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।  
 ®ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪਿਛਲੇ ਕਰੀਬ 5 ਸਾਲਾਂ ਤੋਂ ਰੇਡੀਏਂਟ ਕੰਪਨੀ ਵਿਚ ਕੰਮ ਕਰ ਰਿਹਾ ਹੈ। ਕੰਪਨੀ ਸ਼ਹਿਰ ਦੇ ਵੱਡੇ-ਵੱਡੇ ਸਟੋਰ ਤੇ ਮਾਲਜ਼ ਤੋਂ ਕੈਸ਼ ਇਕੱਠਾ ਕਰ ਕੇ ਬੈਂਕ ਵਿਚ ਜਮ੍ਹਾ ਕਰਵਾਉਣ ਦਾ ਕੰਮ ਕਰਦੀ ਹੈ। ਅੱਜ 4.30 ਵਜੇ ਦੇ ਕਰੀਬ ਉਹ ਕੈਸ਼ ਇਕੱਠਾ ਕਰ ਕੇ ਇਕ ਬੈਗ ਵਿਚ ਭਰ ਕੇ ਆਪਣੇ ਐਕਟਿਵਾ ਸਕੂਟਰ ’ਤੇ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਜਾ ਰਿਹਾ ਸੀ। ਜਦੋਂ ਉਹ ਟਰੀਲੀਅਮ ਮਾਲ ਦੇ ਇਕ ਸਟੋਰ ਤੋਂ ਕੈਸ਼ ਇਕੱਠਾ ਕਰ ਕੇ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਬਾਹਰ ਨਿਕਲਿਆ ਤੇ ਬੈਗ ਆਪਣੀ ਪਿੱਠ ’ਤੇ ਪਾ ਕੇ ਐਕਟਿਵਾ ’ਤੇ ਬੈਂਕ ਜਾ ਰਿਹਾ ਸੀ ਤਾਂ ਰਸਤੇ ਵਿਚ ਦੋ ਮੋਟਰਸਾਈਕਲਾਂ ’ਤੇ ਸਵਾਰ 4 ਲੁਟੇਰਿਆਂ ਨੇ ਉਸ ਨੂੰ ਘੇਰਾ ਪਾਇਆ ਤੇ ਬੈਗ ਖੋਹਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਕੁਲਵਿੰਦਰ ਸਕੂਟਰ ਤੋਂ ਆਪਣਾ ਸੰਤੁਲਨ ਖੋਹ ਬੈਠਾ ਅਤੇ ਉਹ ਸਡ਼ਕ ’ਤੇ ਡਿੱਗ ਗਿਆ। ਇੰਨੇ ਵਿਚ ਇਕ ਲੁਟੇਰੇ ਨੇ ਹਵਾ ਵਿਚ ਫਾਇਰ ਕੀਤਾ ਅਤੇ ਦੂਜੇ ਨੇ ਕੁਲਵਿੰਦਰ ਦੀ ਪਿੱਠ ਤੋਂ ਬੈਗ ਖੋਹਿਆ ਤੇ ਚਾਰੋਂ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।  ਪੁਲਸ ਵਾਰਦਾਤ ਥਾਂ ਦੇ ਨੇਡ਼ੇ ਦੁਕਾਨਾਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ ਤੇ ਲੁਟੇਰਿਆਂ ਦਾ ਸੁਰਾਗ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਪਿਛਲੇ 3 ਮਹੀਨੇ ਪਹਿਲਾਂ ਇਸ ਸਡ਼ਕ ’ਤੇ ਸਥਿਤ ਕੈਮਿਸਟ ਦੀ ਦੁਕਾਨ ਵਿਚ ਗੋਲੀਆਂ ਚਲਾ ਕੇ ਦੋ ਨਾਕਾਬਪੋਸ਼ ਲੁਟੇਰੇ 1.25 ਲੱਖ ਰੁਪਏ ਦੀ ਨਕਦੀ ਲੁੱਟ  ਕੇ ਲੈ ਗਏ ਸਨ। ਵਾਰਦਾਤ ਦੇ ਸਮੇਂ ਲੁਟੇਰਿਆਂ ਦੇ ਦੋ ਸਾਥੀ ਦੁਕਾਨ ਦੇ ਬਾਹਰ ਮੋਟਰਸਾਈਕਲ ’ਤੇ ਖਡ਼੍ਹੇ ਸਨ। ਅੱਜ ਵੀ ਉਸੇ ਤਰ੍ਹਾਂ 4 ਮੋਟਰਸਾਈਕਲ ਸਵਾਰ ਲੁਟੇਰੇ ਆਏ ਤੇ ਕੁਲਵਿੰਦਰ ਤੋਂ ਲੱਖਾਂ ਰੁਪਏ ਖੋਹ  ਕੇ ਲੈ ਗਏ।
 ਪੁਲਸ 3 ਮਹੀਨੇ ਪਹਿਲਾਂ ਹੋਈ ਇਸ ਵਾਰਦਾਤ ਨੂੰ ਅਜੇ ਤੱਕ ਸੁਲਝਾ ਨਹੀਂ ਸਕੀ, ਜਦੋਂ ਕਿ ਲੁਟੇਰਿਆਂ ਨੇ ਇਕ ਵਾਰ ਫਿਰ ਉਸ ਸਡ਼ਕ ’ਤੇ ਵਾਰਦਾਤ  ਨੂੰ ਅੰਜਾਮ ਦੇ ਦਿੱਤਾ। ਕੈਮਿਸਟ ਦੀ ਦੁਕਾਨ ’ਤੇ ਹੋਈ ਵਾਰਦਾਤ ਵਿਚ ਵੀ ਲੁਟੇਰਿਆਂ ਨੇ ਪਿਸਟਲ ਨਾਲ ਫਾਇਰਿੰਗ ਕੀਤੀ ਸੀ ਤੇ ਅੱਜ ਦੀ ਵਾਰਦਾਤ ਵਿਚ ਵੀ ਲੁਟੇਰਿਆਂ ਨੇ ਹਵਾ ਵਿਚ ਗੋਲੀਆਂ ਚਲਾਈਆਂ ਹਨ।  
ਕੀ ਕਹਿਣਾ ਹੈ ਡੀ. ਸੀ. ਪੀ. ਦਾ?
ਡੀ. ਸੀ. ਪੀ.  ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਸ਼ਹਿਰ ਵਿਚ ਹਾਈ ਅਲਰਟ ਕਰ ਦਿੱਤਾ ਗਿਆ ਹੈ ਤੇ  ਜਗ੍ਹਾ-ਜਗ੍ਹਾ ਲਾਏ ਗਏ ਨਾਕਿਆਂ ਦੇ ਦੌਰਾਨ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਬਹੁਤ  ਛੇਤੀ ਹੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


Related News