ਪੰਜਾਬ ਸਰਕਾਰ 1 ਕਰੋੜ ਦੀ ਰਿਸ਼ਵਤ ਠੁਕਰਾਉਣ ਵਾਲੇ AIG ਮਨਮੋਹਨ ਕੁਮਾਰ ਨੂੰ ਕਰੇਗੀ ਸਨਮਾਨਿਤ
Thursday, Oct 20, 2022 - 09:55 AM (IST)
ਜਲੰਧਰ (ਧਵਨ) : ਪੰਜਾਬ ਸਰਕਾਰ ਜਲਦ ਹੀ 1 ਕਰੋੜ ਦੀ ਰਿਸ਼ਵਤ ਠੁਕਰਾਉਣ ਵਾਲੇ ਵਿਜੀਲੈਂਸ ਬਿਊਰੋ ਦੇ ਏ. ਆਈ. ਜੀ. ਮਨਮੋਹਨ ਕੁਮਾਰ ਨੂੰ ਸਨਮਾਨਿਤ ਕਰੇਗੀ। ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਨਿਰਦੇਸ਼ਕ ਵਰਿੰਦਰ ਸ਼ਰਮਾ ਨੇ ਏ. ਆਈ. ਜੀ. ਮਨਮੋਹਨ ਕੁਮਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ’ਤੇ ਬੀਤੇ ਦਿਨ ਮੁਲਾਕਾਤ ਕੀਤੀ। ਮੀਟਿੰਗ ’ਚ ਸੂਬੇ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਵੀ ਹਾਜ਼ਰ ਸਨ। ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਰਿੰਦਰ ਸ਼ਰਮਾ ਇਸ ਸਬੰਧ ’ਚ ਇਕ ਪੱਤਰ ਸੂਬੇ ਦੇ ਮੁੱਖ ਸਕੱਤਰ ਨੂੰ ਭੇਜਣਗੇ, ਜਿਸ ’ਚ ਏ. ਆਈ. ਜੀ. ਦਾ ਸਨਮਾਨ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਵੱਲੋਂ ਹਾਈਟੈੱਕ ਏਅਰਕ੍ਰਾਫਟ ਕਿਰਾਏ 'ਤੇ ਲੈਣ ਦੀ ਤਿਆਰੀ
ਮੁੱਖ ਸਕੱਤਰ ਇਸ ਪ੍ਰਸਤਾਵ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਇਜਾਜ਼ਤ ਲੈਣ ਲਈ ਭੇਜਣਗੇ। ਜ਼ਿਕਰਯੋਗ ਹੈ ਕਿ ਏ. ਆਈ. ਜੀ. ਮਨਮੋਹਨ ਕੁਮਾਰ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ 50 ਲੱਖ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰਵਾਇਆ ਸੀ। ਸੁੰਦਰ ਸ਼ਾਮ ਅਰੋੜਾ ਨੇ ਏ. ਆਈ. ਜੀ. ਨੂੰ 1 ਕਰੋੜ ਦੀ ਰਿਸ਼ਵਤ ਦੇਣ ਦੀ ਗੱਲ ਆਖੀ ਸੀ। ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਦੌਰਾਨ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਰਿੰਦਰ ਸ਼ਰਮਾ ਅਤੇ ਏ. ਆਈ. ਜੀ. ਮਨਮੋਹਨ ਕੁਮਾਰ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਅਧਿਕਾਰੀਆਂ ’ਤੇ ਮਾਣ ਹੈ, ਜਿਨ੍ਹਾਂ ਨੇ ਸਾਰੇ ਅਧਿਕਾਰੀਆਂ ਸਾਹਮਣੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਟੋਲ ਪਲਾਜ਼ੇ ਅਜੇ ਨਹੀਂ ਹੋਣਗੇ ਬੰਦ, ਜਾਣੋ ਕੀ ਹੈ ਕਾਰਨ
ਦੱਸਿਆ ਜਾਂਦਾ ਹੈ ਕਿ ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ ਵਰਿੰਦਰ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਹਿਲੀ ਵਾਰ ਕਿਸੇ ਮੁੱਖ ਮੰਤਰੀ ਨੇ ਅਫ਼ਸਰਾਂ ਦਾ ਸਨਮਾਨ ਕੀਤਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਜੀਲੈਂਸ ਕੋਲ ਭ੍ਰਿਸ਼ਟਾਚਾਰ ਨਾਲ ਸਬੰਧਿਤ ਕਈ ਮਾਮਲੇ ਹਨ। ਉਨ੍ਹਾਂ ਕਿਹਾ ਕਿ ਵਿਜੀਲੈਂਸ ’ਚ ਸਟਾਫ਼ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪੱਧਰ ’ਤੇ ਕਾਨੂੰਨ ਨਾਲ ਸਬੰਧਿਤ ਅਧਿਕਾਰੀਆਂ ਨੂੰ ਵੀ ਵਿਜੀਲੈਂਸ ਬਿਊਰੋ ਨਾਲ ਜੋੜਿਆ ਜਾਵੇ ਤਾਂ ਜੋ ਭ੍ਰਿਸ਼ਟਾਚਾਰ ਨਾਲ ਸਬੰਧਿਤ ਮਾਮਲਿਆਂ ’ਚ ਨਾਲੋ-ਨਾਲ ਕਾਨੂੰਨੀ ਰਾਏ ਲਈ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ