ਪੰਜਾਬ ਪੁਲਸ ਦੀ AGTF ਟੀਮ ‘ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ’ ਨਾਲ ਸਨਮਾਨਿਤ
Monday, Oct 31, 2022 - 07:59 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਪੁਲਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐੱਫ.) ਪੰਜਾਬ ਦੀ 16 ਮੈਂਬਰੀ ਟੀਮ ਨੂੰ ਸਾਲ 2022 ਲਈ ‘ਕੇਂਦਰੀ ਗ੍ਰਹਿ ਮੰਤਰੀ ਸਪੈਸ਼ਲ ਆਪ੍ਰੇਸ਼ਨ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ ਹੈ। ਪੁਰਸਕਾਰ ਜੇਤੂਆਂ ’ਚ ਏ. ਜੀ. ਟੀ. ਐੱਫ. ਦੇ ਮੁਖੀ ਏ. ਡੀ. ਜੀ. ਪੀ. ਪ੍ਰਮੋਦ ਬਾਨ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਡੀ. ਆਈ. ਜੀ. ਗੁਰਪ੍ਰੀਤ ਸਿੰਘ ਭੁੱਲਰ, ਏ. ਆਈ. ਜੀ. ਗੁਰਮੀਤ ਸਿੰਘ ਚੌਹਾਨ, ਏ. ਆਈ. ਜੀ. ਸੰਦੀਪ ਗੋਇਲ, ਡੀ. ਐੱਸ. ਪੀ. ਬਿਕਰਮਜੀਤ ਸਿੰਘ ਬਰਾੜ, ਐੱਸ. ਆਈ. ਸੁਖਪ੍ਰੀਤ ਸਿੰਘ, ਐੱਸ. ਆਈ. ਸੁਮਿਤ ਗੋਇਲ, ਐੱਸ. ਆਈ. ਨਿਤਿਨ ਕੁਮਾਰ, ਐੱਸ. ਆਈ. ਸ਼ਗਨਜੀਤ ਸਿੰਘ, ਐੱਸ. ਆਈ. ਕੁਲਵਿੰਦਰ ਸਿੰਘ, ਐੱਸ. ਓ. ਰਾਹੁਲ ਕੁਮਾਰ ਚੇਚੀ, ਐੱਸ. ਆਈ. ਮੋਨਿੰਦਰ ਸਿੰਘ, ਐੱਸ. ਆਈ. ਰਾਹੁਲ ਸ਼ਰਮਾ, ਐੱਸ. ਆਈ. ਗੁਰਪ੍ਰੀਤ ਸਿੰਘ, ਐੱਸ. ਆਈ. ਅਵਤਾਰ ਸਿੰਘ ਅਤੇ ਏ. ਐੱਸ. ਆਈ. ਸੁਖਜਿੰਦਰ ਸਿੰਘ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ’ਤੇ ਖ਼ੁਫ਼ੀਆ ਸੂਹਾਂ ਦੀ ਵਰਤੋਂ ਕਰਦਿਆਂ ਅਤੇ ਪੰਜਾਬ ਪੁਲਸ ਦੀਆਂ ਫੀਲਡ ਯੂਨਿਟਾਂ ਦੇ ਤਾਲਮੇਲ ਨਾਲ ਸੂਬੇ ’ਚੋਂ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਏ. ਡੀ. ਜੀ. ਪੀ. ਪ੍ਰਮੋਦ ਬਾਨ ਦੀ ਅਗਵਾਈ ਹੇਠ ਏ. ਜੀ. ਟੀ. ਐੱਫ. ਦਾ ਗਠਨ ਕੀਤਾ ਗਿਆ ਸੀ ਤਾਂ ਜੋ ਕਾਨੂੰਨ ਤੇ ਵਿਵਸਥਾ ’ਚ ਲੋਕਾਂ ਦਾ ਵਿਸ਼ਵਾਸ ਮੁੜ ਬਹਾਲ ਕੀਤਾ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ : ਮੋਰਬੀ ਹਾਦਸਾ : ਪੁਲ ਦੀ ਮੁਰੰਮਤ ਕਰਨ ਵਾਲੀ ਕੰਪਨੀ ਦੇ ਸਟਾਫ਼ ਸਮੇਤ 9 ਨੂੰ ਕੀਤਾ ਗ੍ਰਿਫ਼ਤਾਰ
ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਪੰਜਾਬ ਗੌਰਵ ਯਾਦਵ ਨਿੱਜੀ ਤੌਰ ’ਤੇ ਏ. ਜੀ. ਟੀ. ਐੱਫ. ਦੇ ਕੰਮਕਾਜ ਦੀ ਨਿਗਰਾਨੀ ਕਰ ਰਹੇ ਹਨ। ਏ. ਜੀ. ਟੀ. ਐੱਫ. ਟੀਮ ਨੂੰ ਵਧਾਈ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਇਨ੍ਹਾਂ ਅਧਿਕਾਰੀਆਂ/ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣ ਲਈ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਮਾਨਤਾ ਪੂਰੇ ਪੰਜਾਬ ਪੁਲਸ ਬਲ ਦਾ ਹੌਸਲਾ ਵਧਾਏਗੀ ਅਤੇ ਉਨ੍ਹਾਂ ਨੂੰ ਹੋਰ ਲਗਨ ਅਤੇ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗੀ। ਏ. ਜੀ. ਟੀ. ਐੱਫ. ਦੇ ਗਠਨ ਤੋਂ ਬਾਅਦ ਫੋਰਸ ਨੇ ਕਈ ਦਲੇਰਾਨਾ ਕਾਰਵਾਈਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ, ਜਿਸ ਦੇ ਨਤੀਜੇ ਵਜੋਂ ਬਹੁਤ ਸਾਰੇ ਗੈਂਗਸਟਰਾਂ ਨੂੰ ਮਾਰ-ਮੁਕਾਇਆ/ਗ੍ਰਿਫ਼ਤਾਰ ਕੀਤਾ ਗਿਆ, ਜਦਕਿ ਬਹੁਤ ਸਾਰੇ ਸਮਾਜ ਵਿਰੋਧੀ ਤੱਤ ਮਜਬੂਰਨ ਸੂਬਾ ਛੱਡ ਗਏ।
ਏ. ਜੀ. ਟੀ. ਐੱਫ. ਦੇ ਇਨ੍ਹਾਂ ਵਿਸ਼ੇਸ਼ ਆਪ੍ਰੇਸ਼ਨਾਂ ’ਚ ਦੋ ਖ਼ਤਰਨਾਕ ਗੈਂਗਸਟਰਾਂ ਨੂੰ ਮਾਰ-ਮੁਕਾਇਆ ਗਿਆ ਅਤੇ 12 ਗੈਂਗਸਟਰਾਂ ਦੀ ਸਮੇਂ ਸਿਰ ਗ੍ਰਿਫ਼ਤਾਰੀ ਕੀਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਦੇ ਕਬਜ਼ੇ ’ਚੋਂ 24 ਹਥਿਆਰ, 1.05 ਕਿਲੋਗ੍ਰਾਮ ਹੈਰੋਇਨ ਅਤੇ 79.27 ਲੱਖ ਰੁਪਏ ਦੀ ਡਰੱਗ ਮਨੀ, 11 ਵਾਹਨ ਅਤੇ ਇਕ ਪੁਲਸ ਦੀ ਵਰਦੀ ਬਰਾਮਦ ਕੀਤੀ ਗਈ, ਜਿਸ ਨਾਲ ਸਰਹੱਦ ਪਾਰ ਤੋਂ ਨਸ਼ਿਆਂ/ਹਥਿਆਰਾਂ ਦੀ ਤਸਕਰੀ ਨੂੰ ਸਫਲਤਾਪੂਰਵਕ ਠੱਲ੍ਹ ਪਈ ਅਤੇ ਪੰਜਾਬ ’ਚ ਸਨਸਨੀਖੇਜ਼ ਜੁਰਮ ਕਰਨ ਦੀਆਂ ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ।
ਇਹ ਖ਼ਬਰ ਵੀ ਪੜ੍ਹੋ : MP ਰਵਨੀਤ ਬਿੱਟੂ ਨੇ ਅੰਮ੍ਰਿਤਪਾਲ ਬਾਰੇ ਬੋਲਦਿਆਂ ‘ਆਪ’ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ