ਖੇਤੀ ਸੁਧਾਰ ਬਿੱਲ ਖਿਲਾਫ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਕਾਲ ਕਰੇ ਕੈਪਟਨ ਸਰਕਾਰ : ਬੈਂਸ

06/23/2020 11:25:12 PM

ਜਲੰਧਰ : ਲੋਕ ਇਨਸਾਫ਼ ਪਾਰਟੀ ਵੱਲੋਂ ਖੇਤੀ ਸੁਧਾਰ ਆਰਡੀਨੈਂਸ ਦੇ ਖ਼ਿਲਾਫ਼ ਅੰਮ੍ਰਿਤਸਰ ਦੇ ਜਿਲ੍ਹਿਆਂ ਵਾਲਾ ਬਾਗ ਤੋਂ ਚੰਡੀਗੜ੍ਹ ਤੱਕ ਰੋਸ ਸਾਈਕਲ ਰੈਲੀ ਕੱਢੀ ਜਾ ਰਹੀ ਹੈ। ਇਸੇ ਦੌਰਾਨ ਅੱਜ ਲੋਕ ਇਨਸਾਫ਼ ਪਾਰਟੀ ਦਾ ਇਹ ਰੋਸ ਮਾਰਚ ਜਲੰਧਰ ਪੁੱਜਿਆ। ਇਸ ਮੌਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ 'ਜਗ ਬਾਣੀ' ਦੇ ਪੱਤਰਕਾਰ ਰਮਨ ਸੋਢੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਇਸ ਮੁੱਦੇ 'ਤੇ ਸਰਕਾਰ ਰਾਜਨੀਤੀ ਨਾ ਕਰੇ ਬਲਕਿ ਤੁਰੰਤ ਵਿਧਾਨ ਸਭਾ ਦਾ ਸੈਸ਼ਨ ਕਾਲ ਕਰਕੇ ਇਸ ਬਿੱਲ ਨੂੰ ਖਤਮ ਕਰੇ ਅਤੇ ਕੇਂਦਰ ਸਰਕਾਰ ਨੂੰ ਇਹ ਵਾਪਸ ਭੇਜੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਕੰਮ ਕਰਦੀ ਹੈ ਤਾਂ ਉਹ ਵੀ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ 'ਚ ਨਾਲ ਖੜ੍ਹੇ ਹਨ।

ਬੈਂਸ ਨੇ ਕਿਹਾ ਕਿ ਇਸ ਆਰਡੀਨੈਂਸ ਨਾਲ ਪੰਜਾਬ ਵਿੱਚ ਪਿੰਡਾਂ ਦਾ ਸੁਧਾਰ ਅਤੇ ਕਿਸਾਨਾਂ ਦਾ ਵਿਕਾਸ ਬਿਲਕੁਲ ਖ਼ਤਮ ਹੋ ਜਾਵੇਗਾ ਕਿਉਂਕਿ ਇਸ ਆਰਡੀਨੈਂਸ ਦੇ ਮੁਤਾਬਕ ਵੱਡੇ-ਵੱਡੇ ਕਾਰਪੋਰੇਟ ਹਾਊਸ ਕਿਸਾਨਾਂ ਤੋਂ ਅੱਧੀ ਕੀਮਤ ਵਿੱਚ ਉਨ੍ਹਾਂ ਦਾ ਅਨਾਜ ਅਤੇ ਹੋਰ ਖੇਤੀਬਾੜੀ ਦਾ ਸਾਮਾਨ ਖਰੀਦਣਗੇ ਅਤੇ ਦੋ-ਦੋ ਤਿੰਨ-ਤਿੰਨ ਸਾਲ ਜੇ ਕਿਸਾਨਾਂ ਦੀ ਪੇਮੈਂਟ ਨਾ ਹੋਈ ਤਾਂ ਪੰਜਾਬ ਵਿੱਚ ਕਿਸਾਨ ਅਤੇ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਹੋ ਕਾਰਨ ਹੈ ਕਿ ਲੋਕ ਇਨਸਾਫ ਪਾਰਟੀ ਇਸ ਆਰਡੀਨੈਂਸ ਦੇ ਖ਼ਿਲਾਫ਼ ਸਾਈਕਲ ਰੋਸ ਰੈਲੀ ਕਰ ਰਹੀ ਹੈ।

ਸਿਮਰਜੀਤ ਬੈਂਸ ਨੇ ਕਿਹਾ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਸੁਧਾਰ ਬਿੱਲ ਪੰਜਾਬ ਦੀ ਕਿਸਾਨੀ ਦਾ ਕੇਵਲ ਉਜਾੜਾ ਕਰਨ ਲਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਅਨੁਸਾਰ ਖੇਤੀ ਸਥਿਤੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰਾਂ ਕੋਲ ਹੈ ਪਰ ਕੇਂਦਰ ਸਰਕਾਰ ਸੂਬਿਆਂ ਦੀਆਂ ਸਰਕਾਰਾਂ ਦੇ ਅਧਿਕਾਰਾਂ 'ਤੇ ਡਾਕਾ ਮਾਰ ਰਹੀ ਹੈ। ਇਹ ਬਿੱਲ ਕਾਰਪੋਰੇਟਸ ਘਰਾਣਿਆਂ ਕੋਲੋਂ ਕਿਸਾਨਾਂ ਦੀ ਲੁੱਟ ਕਰਵਾਉਣ ਦਾ ਇਹ ਖੁਫੀਆ ਰਸਤਾ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਕੌਡੀਆਂ ਦੇ ਭਾਅ ਖ਼ਰੀਦ ਕੇ ਕਿਸਾਨਾਂ ਨੂੰ ਜ਼ਮੀਨ ਰਹਿਤ ਕੀਤਾ ਜਾਵੇਗਾ। ਜਿਸ ਨੂੰ ਪਾਰਟੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।
 


Deepak Kumar

Content Editor

Related News