ਕਿਸਾਨ ਅੰਦੋਲਨ: ਸਥਿਤੀਆਂ ਅਨੁਸਾਰ ਲਏ ਜਾਣਗੇ ਅਗਲੇ ਫ਼ੈਸਲੇ: ਜੋਗਿੰਦਰ ਸਿੰਘ ਉਗਰਾਹਾਂ

Friday, Dec 11, 2020 - 05:24 PM (IST)

ਕਿਸਾਨ ਅੰਦੋਲਨ: ਸਥਿਤੀਆਂ ਅਨੁਸਾਰ ਲਏ ਜਾਣਗੇ ਅਗਲੇ ਫ਼ੈਸਲੇ: ਜੋਗਿੰਦਰ ਸਿੰਘ ਉਗਰਾਹਾਂ

ਨਵੀਂ ਦਿੱਲੀ : ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। 16ਵੇਂ ਦਿਨ 'ਚ ਪਹੁੰਚੇ ਇਸ ਕਿਸਾਨੀ ਘੋਲ ਨੇ ਕੇਂਦਰ ਸਰਕਾਰ ਨੂੰ ਗੰਭੀਰਤਾ ਨਾਲ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ । ਜਿੱਥੇ ਇੱਕ ਪਾਸੇ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਅੜੇ ਹਨ, ਉੱਥੇ ਹੀ ਦੂਜੇ ਪਾਸੇ ਕੇਂਦਰ ਵਲੋਂ 10 ਤਜਵੀਜ਼ਾਂ ਭੇਜੀਆਂ ਗਈਆਂ ਸਨ ਤਾਂ ਜੋ ਗੱਲ ਕਿਸੇ ਤਣ ਪੱਤਣ ਲੱਗ ਸਕੇ ਪਰ ਕਿਸਾਨ ਜਥੇਬੰਦੀਆਂ ਨੇ ਇਹ ਮੰਗਾਂ ਨੂੰ ਸਿਰੇ ਤੋਂ ਖ਼ਾਰਜ ਕਰਦਿਆਂ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ:  ਕਿਸਾਨ ਅੰਦੋਲਨ ਦੇ ਹੱਕ 'ਚ ਆਏ ਧਰਮਿੰਦਰ, ਟਵੀਟ ਕਰਕੇ ਸਰਕਾਰ ਨੂੰ ਆਖੀ ਇਹ ਗੱਲ

ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਸਾਨੀ ਘੋਲ ਦੀ ਅਗਲੀ ਰਣਨੀਤੀ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ। ਉਗਰਾਹਾਂ ਨੇ ਕਿਹਾ ਕਿ 8 ਤਾਰੀਖ਼ ਨੂੰ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਣ ਕਾਰਨ ਜਥੇਬੰਦੀਆਂ ਨੇ ਅਗਲਾ ਸੰਘਰਸ਼ ਉਲੀਕਿਆ ਹੈ ਕਿ ਕਾਰਪੋਰੇਟ ਘਰਾਣਿਆਂ ਦਾ ਬਾਇਕਾਟ ਕੀਤਾ ਜਾਵੇਗਾ। ਇਸਤੋਂ ਇਲਾਵਾ 12 ਦਸੰਬਰ ਨੂੰ ਜੈਪੁਰ-ਦਿੱਲੀ ਸ਼ਾਹਰਾਹ ਜਾਮ ਕੀਤਾ ਜਾਵੇਗਾ ਅਤੇ ਟੋਲ ਪਲਾਜ਼ੇ ਫਰੀ ਕੀਤੇ ਜਾਣਗੇ। 14 ਦਸੰਬਰ ਨੂੰ ਪੂਰੇ ਦੇਸ਼ ਵਿੱਚ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਉਗਰਾਹਾਂ ਨੇ ਦੱਸਿਆ ਕਿ ਭਾਜਪਾ ਦੇ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਅੰਨਾ ਹਜਾਰੇ ਦੀ ਕੇਂਦਰ ਸਰਕਾਰ ਨੂੰ ਚਿਤਾਵਨੀ, ‘ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਕਰਾਂਗੇ ਜਨ ਅੰਦੋਲਨ’

8 ਤਾਰੀਖ਼ ਨੂੰ ਅਮਿਤ ਸ਼ਾਹ ਨਾਲ ਕੁਝ ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ਸਬੰਧੀ ਗੱਲਬਾਤ ਕਰਦਿਆਂ ਉਗਰਾਹਾਂ ਨੇ ਕਿਹਾ ਕਿ ਸਾਨੂੰ ਆਸ ਸੀ ਕਿ ਸ਼ਾਇਦ ਕਿਸਾਨਾਂ ਲਈ ਕੁਝ ਖ਼ਾਸ ਹੋਵੇਗਾ ਪਰ ਇਸ ਬੈਠਕ ਨੇ ਸਾਰਾ ਕੁਝ ਸਾਫ਼ ਕਰ ਦਿੱਤਾ ਕਿ ਕੇਂਦਰ ਸਰਕਾਰ ਕਾਨੂੰਨ ਰੱਦ ਕਰਨ ਬਾਰੇ ਗੰਭੀਰ ਨਹੀਂ ਹੈ ।ਬੱਸ਼ੱਕ ਇਸ ਬੈਠਕ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਨਹੀਂ ਸੱਦਿਆ ਗਿਆ ਸੀ ਪਰ ਅਸੀਂ ਸਾਰੇ ਇੱਕ ਹਾਂ ਅਤੇ ਇਹ ਘੋਲ ਰਲ ਕੇ ਹੀ ਅੱਗੇ ਵਧੇਗਾ। ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਮੁੜ ਇਸੇ ਮੁੱਦੇ 'ਤੇ ਤਜਵੀਜ਼ਾਂ ਬਾਰੇ ਗੱਲਬਾਤ ਕਰਨ ਲਈ ਸੱਦਾ ਦੇਵੇਗੀ ਤਾਂ ਅਸੀਂ ਆਪਣੀ ਗੱਲ 'ਤੇ ਬਜ਼ਿੱਦ ਹਾਂ ਤੇ ਰਹਾਂਗੇ। ਅਸੀਂ ਕਾਨੂੰਨ ਰੱਦ ਕਰਨ ਦੇ ਫ਼ੈਸਲੇ ਤੋਂ ਇਲਾਵਾ ਕੋਈ ਸਮਝੌਤਾ ਸਵੀਕਾਰ ਨਹੀਂ ਕਰਾਂਗੇ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਅੰਤਰਰਾਸ਼ਟਰੀ ਬਾਕਸਰ ਸੁਮਿਤ ਟਰੈਕਟਰ 'ਤੇ ਗਿਆ ਲਾੜੀ ਵਿਆਹੁਣ (ਵੇਖੋ ਤਸਵੀਰਾਂ)

ਮਨੁੱਖੀ ਅਧਿਕਾਰ ਦਿਹਾੜੇ 'ਤੇ ਜੇਲ੍ਹਾਂ 'ਚ ਬੰਦ ਅਤੇ ਹਕੂਮਤ ਦੇ ਸ਼ਿਕਾਰ ਬੁੱਧੀਜੀਵੀਆਂ ਦੇ ਪੋਸਟਰਾਂ ਨੂੰ ਕਿਸਾਨੀ ਅੰਦੋਲਨ 'ਚ ਉਭਾਰਨ ਦੇ ਮੁੱਦੇ ਸਬੰਧੀ ਪੁੱਛੇ ਸਵਾਲ ਦਾ ਉੱਤਰ ਦਿੰਦਿਆਂ ਉਗਰਾਹਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਸਾਲਾਂ ਤੋਂ ਇਹ ਦਿਹਾੜੇ ਮਨਾਉਂਦੀ ਆ ਰਹੀ ਹੈ ।ਅਸੀਂ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਵਾਲੇ ਹਰ ਯੋਧੇ ਨੂੰ ਸਲਾਮ ਕਰਦੇ ਹਾਂ ਤੇ ਖ਼ਾਸ ਦਿਨ ਦਿਹਾੜੇ ਮੌਕੇ ਉਨ੍ਹਾਂ ਨੂੰ ਯਾਦ ਕਰਦੇ ਹਾਂ।ਅਸੀਂ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਵੀ ਮਨਾਉਂਦੇ ਹਾਂ,ਭਗਤ ਸਿੰਘ ਦਾ ਵੀ ਤੇ ਕਰਤਾਰ ਸਿੰਘ ਸਰਾਭੇ ਦਾ ਵੀ।  ਜਿੱਥੇ ਕਿਤੇ ਵੀ ਮਨੁੱਖਤਾ 'ਤੇ ਜ਼ੁਲਮ ਹੋਵੇਗਾ ਅਸੀਂ ਉਸਦੇ ਵਿਰੁੱਧ ਆਵਾਜ਼ ਉਠਾਵਾਂਗੇ। ਅਸੀਂ 84 'ਚ ਜਾਨਾਂ ਗੁਆਉਣ ਵਾਲਿਆਂ ਦੀ ਗੱਲ ਕਰਦੇ ਹਾਂ।ਕੱਲ੍ਹ ਮਨੁੱਖੀ ਅਧਿਕਾਰਾਂ ਦਾ ਦਿਹਾੜਾ ਸੀ ਤੇ ਭਾਰਤ 'ਚ ਘੱਟ ਗਿਣਤੀਆਂ 'ਤੇ ਹੋ ਰਹੇ ਜ਼ੁਲਮ ਖ਼ਿਲਾਫ਼ ਬੋਲਣ ਵਾਲਿਆਂ ਨੂੰ ਯਾਦ ਕਰਨਾ ਸਾਡੀ ਜਥੇਬੰਦੀ ਦਾ ਅਸੂਲ ਹੈ।ਜ਼ੁਲਮ ਵਿਰੁੱਧ ਬੋਲਣ ਕਾਰਨ ਸਾਡੇ ਕਈ ਜੁਝਾਰੂਆਂ ਨੂੰ ਆਪਣੀਆਂ ਜਾਨਾਂ ਵੀ ਗੁਆਉਣੀਆਂ ਪਈਆਂ ਹਨ।ਸੋ ਇਸ ਦਿਹਾੜੇ ਉਨ੍ਹਾਂ ਨੂੰ ਯਾਦ ਕਰਨਾ ਸਾਡਾ ਫ਼ਰਜ਼ ਹੈ।   

ਨੋਟ: ਕਿਸਾਨ ਜਥੇਬੰਦੀਆਂ ਦੀ ਰਣਨੀਤੀ ਸਬੰਧੀ ਕੀ ਹੈ ਤੁਹਾਡੀ ਰਾਏ,ਕੁਮੈਂਟ ਕਰਕੇ ਦੱਸੋ


author

cherry

Content Editor

Related News