ਨਰਮੇ ਦੀ ਫਸਲ ਨੂੰ ਕੀੜਿਆਂ ਤੋਂ ਬਚਾਉਣ ਲਈ ਮੋਬਾਇਲ ਐਪ ਨਾਲ ਨਜ਼ਰ ਰੱਖੇਗਾ ਖੇਤੀਬਾੜੀ ਵਿਭਾਗ

06/13/2017 3:44:58 PM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)— ਨਰਮੇ ਦੀ ਖੇਤੀ 'ਤੇ ਨਜ਼ਰ ਰੱਖਣ ਲਈ ਖੇਤੀਬਾੜੀ ਵਿਭਾਗ ਵੱਲੋਂ ਮੋਬਾਇਲ ਐਪ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਜ਼ਿਲੇ 'ਚ ਨਰਮੇ ਦੀ ਫਸਲ ਨੂੰ ਕੀੜੇ-ਮਕੌੜਿਆਂ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਇਆ ਜਾ ਸਕੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਜਗਤਾਰ ਸਿੰਘ ਬਰਾੜ ਨੇ ਦੱਸਿਆ ਕਿ ਜ਼ਿਲੇ 'ਚ ਕਪਾਹ ਦੀ ਖੇਤੀ ਲਈ ਚੁਣੇ ਗਏ 70 ਪਿੰਡਾਂ 'ਚ ਇਸ ਮੁਹਿੰਮ ਨੂੰ ਸਫਲਤਾ ਨਾਲ ਚਲਾਉਣ ਲਈ 35 ਸਕਾਊਟ ਅਤੇ 4 ਸੁਪਰਵਾਈਜ਼ਰ ਨਿਯੁਕਤ ਕੀਤੇ ਗਏ ਹਨ। ਬਰਾੜ ਨੇ ਅੱਗੇ ਦੱਸਿਆ ਕਿ ਚੌਕਸੀ ਟੀਮਾਂ ਵੱਲੋਂ ਚੁਣੇ ਗਏ ਪਿੰਡਾਂ 'ਚੋਂ 10 ਕਿਸਾਨ ਪ੍ਰਤੀ ਪਿੰਡ ਸਰਵੇ ਕਰਕੇ ਕਿਸਾਨ ਦੇ ਖੇਤ 'ਚ ਹੀ ਨਰਮੇ ਦੀ ਫਸਲ ਸੰਬੰਧੀ ਅਪਡੇਟ ਕੀਤਾ ਜਾਵੇਗਾ, ਜਿਸ ਦੀ ਜਾਣਕਾਰੀ ਕੁਝ ਸਮੇਂ ਅੰਦਰ ਹੀ ਬਲਾਕ, ਜ਼ਿਲਾ ਅਤੇ ਸਟੇਟ ਪੱਧਰ 'ਤੇ ਪਹੁੰਚ ਜਾਵੇਗੀ। ਕਪਾਹ ਦੀ ਫਸਲ ਬਾਰੇ ਅਪਡੇਟ ਮਿਲਦੇ ਹੀ ਸਬੰਧਿਤ ਅਧਿਕਾਰੀ ਤੁਰੰਤ ਹਰਕਤ 'ਚ ਆ ਜਾਣਗੇ ਅਤੇ ਕਿਸਾਨਾਂ ਦੀ ਨਰਮੇ ਦੀ ਫਸਲ ਨੂੰ ਨੁਕਸਾਨ ਤੋਂ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।
260 ਕਿਸਾਨ ਜਾਗਰੂਕਤਾ ਕੈਂਪ ਲਗਾ ਚੁੱਕਾ ਹੈ ਵਿਭਾਗ: 
ਬਰਾੜ ਨੇ ਦੱਸਿਆ ਕਿ ਨਰਮੇ ਦੀ ਫਸਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਖੇਤੀਬਾੜੀ ਵਿਭਾਗ ਹੁਣ ਤੱਕ 251 ਪਿੰਡ ਪੱਧਰੀ, 8 ਬਲਾਕ ਪੱਧਰੀ ਅਤੇ 1 ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਾ ਕੇ ਜ਼ਿਲੇ ਦੇ ਕਿਸਾਨਾਂ ਨੂੰ ਜਾਗਰੂਕ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਸਤੰਬਰ 2017 ਤੱਕ 140 ਪਿੰਡ ਪੱਧਰੀ, 12 ਬਲਾਕ ਪੱਧਰੀ ਅਤੇ 1 ਜ਼ਿਲਾ ਪੱਧਰੀ ਕੈਂਪ ਲਗਾਏ ਜਾਣਗੇ। 
ਉਨ੍ਹਾਂ ਦੱਸਿਆ ਕਿ ਨਰਮੇ 'ਤੇ ਚਿੱਟੀ ਮੱਖੀ ਦੇ ਹਮਲੇ ਨੂੰ ਲੈ ਕੇ ਪਹਿਲਾਂ ਤੋਂ 1 ਜ਼ਿਲਾ ਪੱਧਰੀ ਅਤੇ 4 ਬਲਾਕ ਪੱਧਰੀ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਹਰੇਕ ਮੰਗਲਵਾਰ ਅਤੇ ਵੀਰਵਾਰ ਨੂੰ ਨਿਰੀਖਣ ਕਰ ਕੇ ਕੀੜੇ-ਮਕੌੜਿਆਂ ਸੰਬੰਧੀ ਆਪਣੀ ਰਿਪੋਰਟ ਤਿਆਰ ਕਰਦੀਆਂ ਹਨ। ਵਿਭਾਗ ਵੱਲੋਂ ਨਰਮੇ ਦੀ ਫਸਲ ਲਈ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਤਹਿਤ ਇਸ ਸਾਲ ਜ਼ਿਲੇ 'ਚ 10 ਹਜ਼ਾਰ ਹੈਕਟੇਅਰ ਰਕਬਾ ਲਿਆਂਦਾ ਗਿਆ ਹੈ।


Related News