ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ ''ਤੇ ਸਾਧੇ ਤਿੱਖੇ ਨਿਸ਼ਾਨੇ

Thursday, Sep 03, 2020 - 05:57 PM (IST)

ਵੱਡੇ ਬਾਦਲ ਨੇ ਲੰਬੇ ਸਮੇਂ ਬਾਅਦ ਤੋੜੀ ਚੁੱਪੀ, ਕਾਂਗਰਸ ''ਤੇ ਸਾਧੇ ਤਿੱਖੇ ਨਿਸ਼ਾਨੇ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ): ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਲੰਬੇ ਸਮੇਂ ਬਾਅਦ ਲੰਬੀ ਜ਼ਿਲ੍ਹੇ ਦੇ ਪਿੰਡ ਬਾਦਲ ਆਪਣੇ ਗ੍ਰਹਿ ਵਿਖੇ ਚੁੱਪੀ ਤੋੜਦਿਆਂ ਵੀਡੀਓ ਸੰਦੇਸ਼ ਰਾਹੀਂ ਲੋਕਾਂ ਦੇ ਰੂਬਰੂ ਹੁੰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਅਜ਼ਾਦੀ, ਪੰਜਾਬ ਦੇ ਹਿੱਤਾਂ ਦੀ ਰਾਖ਼ੀ ਅਤੇ ਕਿਸਾਨੀ ਦੀ ਬਿਹਤਰੀ ਲਈ ਲੰਬਾ ਸੰਘਰਸ਼ ਕੀਤਾ ਹੈ ਅਤੇ ਦੇਸ਼ ਦੀ ਅਮਨ-ਸ਼ਾਂਤੀ ਲਈ ਬਣਦੇ ਜ਼ਰੂਰੀ ਕਦਮ ਚੁੱਕੇ ਹਨ। ਪਾਰਟੀ ਨੇ ਪੰਜਾਬ ਦੇ ਹਿੱਤਾਂ ਲਈ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਹਰ ਲੜਾਈ ਅੱਗੇ ਹੋ ਕੇ ਲੜੀ ਹੈ।

ਇਹ ਵੀ ਪੜ੍ਹੋ: ਸ਼ਰਮਨਾਕ : ਦੁਕਨਦਾਰ ਨੇ ਦੁਕਾਨ 'ਚ ਨਾਬਾਲਗ ਕੁੜੀ ਨਾਲ ਕੀਤਾ ਗਲਤ ਕੰਮ

ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਅਗਾਂਹਵਧੂ ਅਤੇ ਲੰਬੀ ਸੋਚ ਰੱਖ ਕੇ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ 'ਚ ਫੋਕਲ ਪੁਆਇੰਟ ਬਣਾਏ ਗਏ ਤਾਂ ਜੋ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਫੋਕਲ ਪੁਆਇੰਟਾਂ 'ਤੇ ਹੋ ਸਕੇ। ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ, ਸੂਬੇ ਦਾ ਸਰਬਪੱਖੀ ਵਿਕਾਸ ਕੀਤਾ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਐੱਮ.ਐੱਸ.ਪੀ. ਦੇ ਮੁੱਦੇ 'ਤੇ ਰਾਜਨੀਤੀ ਕਰਕੇ ਉਹ ਲੋਕ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ, ਜਿਨ੍ਹਾਂ ਦੀ ਪੰਜਾਬ ਨੂੰ ਕੋਈ ਦੇਣ ਹੀ ਨਹੀਂ ਹੈ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਨਾਲ ਕੀਤੀ ਗਈ ਗੱਲਬਾਤ ਉਪਰੰਤ ਇਹ ਵਿਸ਼ਵਾਸ਼ ਦੁਆਇਆ ਗਿਆ ਹੈ ਕਿ ਐੱਮ.ਐੱਸ.ਪੀ. ਕਿਸੇ ਵੀ ਹਾਲਤ 'ਚ ਖ਼ਤਮ ਨਹੀਂ ਹੋਵੇਗੀ।

ਇਹ ਵੀ ਪੜ੍ਹੋ: ਕੋਰੋਨਾ ਆਫ਼ਤ: ਆਰਥਿਕ ਨਿਘਾਰ ਕਾਰਨ ਮਾਪਿਆਂ ਨੇ ਨਵਜਨਮੀ ਬੱਚੀ ਨੂੰ ਮਾਨਵਤਾ ਪੰਘੂੜੇ 'ਚ ਛੱਡਿਆ

ਬਾਦਲ ਨੇ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰੀ ਮੰਤਰੀ ਦੀ ਚਿੱਠੀ ਵੀ ਲਿਆਂਦੀ ਗਈ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਅਸਿੱਧੇ ਤੌਰ 'ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਅੱਜ ਉਹ ਲੋਕ ਵਿਰੋਧ ਕਰ ਰਹੇ ਹਨ, ਜਿਨ੍ਹਾਂ ਨੇ ਸੂਬੇ ਲਈ ਕੁੱਝ ਨਹੀਂ ਕੀਤਾ, ਸਗੋਂ ਉਸ ਪਾਰਟੀ ਦੀਆਂ ਵਜ਼ਾਰਤਾਂ ਸੰਭਾਲੀਆਂ ਹਨ, ਜਿਸਨੇ ਸਿੱਖੀ ਦਾ ਘਾਣ ਕੀਤਾ ਹੈ ਅਤੇ ਸ੍ਰੀ ਹਰਮੰਦਰ ਸਾਹਿਬ 'ਤੇ ਹਮਲਾ ਕੀਤਾ ਤੇ ਹਰ ਪੱਖ ਤੋਂ ਉਸ ਪਾਰਟੀ ਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਹੈ। ਐੱਸ.ਵਾਈ.ਐੱਲ. ਦੇ ਮੁੱਦੇ 'ਤੇ ਬੋਲਦਿਆਂ ਪ੍ਰਕਾਸ਼ ਸਿੰਘ ਬਾਦਲ ਫ਼ਿਰ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਿਆ ਅਤੇ ਕਿਹਾ ਕਿ ਜਦੋਂ ਇੰਦਰਾ ਗਾਂਧੀ ਨੇ ਐੱਸ.ਵਾਈ.ਐੱਲ. ਦਾ ਨੀਂਹ ਪੱਥਰ ਰੱਖਿਆ ਸੀ ਤਾਂ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਮੁਬਾਰਕਬਾਦ ਦਿੱਤੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਕਾਂਗਰਸ ਵੱਲੋਂ ਗੁੰਮਰਾਹਕੁੰਨ ਪ੍ਰਚਾਰ ਕਰਕੇ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ, ਲੋਕਾਂ ਨੂੰ ਇਸ ਪ੍ਰਚਾਰ ਤੋਂ ਸੁਚੇਤ ਹੋਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਲੋਕ ਹਿੱਤਾਂ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ: ਸੁਖਬੀਰ ਸਿੰਘ ਬਾਦਲ ਨੇ ਕੀਤੀ ਸਕਾਲਰਸ਼ਿਪ ਘਪਲੇ 'ਚ ਸੀ.ਬੀ.ਆਈ. ਜਾਂਚ ਦੀ ਮੰਗ


author

Shyna

Content Editor

Related News