ਫਰਜ਼ੀ ਸਰਟੀਫਿਕੇਟ ਨਾਲ ਬਣੇ ਖੇਤੀਬਾੜੀ ਇੰਸਪੈਕਟਰ ਦਾ ਮਾਮਲਾ ਉਲਝਿਆ

03/13/2018 2:57:42 PM

ਅਬੋਹਰ (ਸੁਨੀਲ)—ਮੌਜੂਦਾ ਸਮੇਂ ਵਿਚ ਬਲਾਕ ਖੂਈਆਂ ਸਰਵਰ ਸਥਿਤ ਖੇਤੀਬਾੜੀ ਵਿਭਾਗ ਵਿਚ ਸਬ- ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਇਕ ਅਧਿਕਾਰੀ 'ਤੇ ਸੁੰਦਰ ਨਗਰੀ ਵਾਸੀ ਵਿਜੈ ਕੁਮਾਰ ਪੁੱਤਰ ਅਮੀਰ ਚੰਦ ਨੇ ਫਰਜ਼ੀ ਦਸਤਾਵੇਜ਼ ਲਾ ਕੇ ਨੌਕਰੀ ਪ੍ਰਾਪਤ ਕਰਨ ਦੇ ਦੋਸ਼ ਲਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ, ਐਡੀਸ਼ਨਲ ਚੀਫ ਸੈਕਟਰੀ ਖੇਤੀਬਾੜੀ ਵਿਭਾਗ, ਪੰਜਾਬ ਤੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਨੂੰ ਸ਼ਿਕਾਇਤ ਭੇਜ ਕੇ ਉਕਤ ਅਧਿਕਾਰੀ ਨੂੰ ਜਲਦ ਬਰਖਾਸਤ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜਦਾ ਇਸ ਮਾਮਲੇ ਨੇ ਤੂਲ ਫੜ ਲਿਆ ਤੇ ਸਥਾਨਕ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਰਣਵੀਰ ਯਾਦਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਬਾਰੇ ਵਿਚ ਗੁਆਂਢੀ ਸੂਬਾ ਰਾਜਸਥਾਨ ਦੇ ਜ਼ਿਲਾ ਸ਼੍ਰੀ ਗੰਗਾਨਗਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸਪੱਸ਼ਟੀਕਰਨ ਮੰਗਿਆ ਗਿਆ ਹੈ। ਜਦ ਇਸ ਬਾਰੇ ਵਿਚ ਸ਼੍ਰੀ ਗੰਗਾਨਗਰ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਸਤੀਸ਼ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ, ਜਿਸ ਕਾਰਨ ਇਹ ਲੱਗਦਾ ਹੈ ਕਿ ਇਹ ਮਾਮਲਾ ਦੋ ਸਰਕਾਰਾਂ ਦੇ ਵਿਭਾਗ ਵਿਚ ਉਲਝਦਾ ਨਜ਼ਰ ਆ ਰਿਹਾ ਹੈ। 
ਜ਼ਿਕਰਯੋਗ ਹੈ ਕਿ ਵਿਜੈ ਕੁਮਾਰ ਪੁੱਤਰ ਅਮੀਰ ਚੰਦ ਵਾਸੀ ਗਲੀ ਨੰ. 13 ਸੁੰਦਰ ਨਗਰੀ ਅਬੋਹਰ ਨੇ ਆਪਣੀ ਸ਼ਿਕਾਇਤ ਵਿਚ ਲਿਖਿਆ ਕਿ ਮੌਜੂਦਾ ਸਮੇਂ ਵਿਚ ਬਲਾਕ ਖੂਈਆਂ ਸਰਵਰ (ਅਬੋਹਰ) ਸਥਿਤ ਖੇਤੀਬਾੜੀ ਵਿਭਾਗ ਤੇ ਸਾਧੁਵਾਲੀ (ਸ਼੍ਰੀ ਗੰਗਾਨਗਰ) ਵਾਸੀ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਵਿਜੈ ਸਿੰਘ ਪੁੱਤਰ ਸਰੂਪ ਨੇ ਕਥਿਤ ਰੂਪ ਨਾਲ ਫਰਜ਼ੀ ਦਸਤਾਵੇਜ਼ ਲਾ ਕੇ ਨੌਕਰੀ ਪ੍ਰਾਪਤ ਕੀਤੀ ਹੈ। ਵਿਜੈ ਸਿੰਘ ਨੇ ਜਿਸ ਫਰਮ (ਠਾਕਰ ਦਾਸ ਰਾਜਿੰਦਰ ਕੁਮਾਰ ਸ਼੍ਰੀ ਵਿਜੈ ਨਗਰ, ਰਾਜਸਥਾਨ) 'ਤੇ ਕੰਮ ਕਰਨ ਦਾ ਤਜਰਬਾ ਸਰਟੀਫਿਕੇਟ ਲਾਇਆ ਹੈ, ਉਸ ਦਾ ਕਹਿਣਾ ਹੈ ਕਿ ਵਿਜੈ ਸਿੰਘ ਨੇ ਕਦੇ ਉਨ੍ਹਾਂ ਦੇ ਇਥੇ ਨੌਕਰੀ ਨਹੀਂ ਕੀਤੀ। ਜਦ ਇਸ ਬਾਰੇ ਵਿਚ ਸਬ-ਇੰਸਪੈਕਟਰ ਵਿਜੈ ਸਿੰਘ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਮੋਬਾਇਲ ਬੰਦ ਆ ਰਿਹਾ ਸੀ।


Related News