ਸ਼ੀਰੋਜ਼ ਹੈਂਗਆਊਟ ਕੈਫ਼ੇ : ਤੇਜ਼ਾਬੀ ਹਮਲਿਆਂ ਦੇ ਪੀੜਤਾਂ ਦੀ ਦਾਸਤਾਨ

Friday, Jan 10, 2020 - 01:25 PM (IST)

ਸ਼ੀਰੋਜ਼ ਹੈਂਗਆਊਟ ਕੈਫ਼ੇ : ਤੇਜ਼ਾਬੀ ਹਮਲਿਆਂ ਦੇ ਪੀੜਤਾਂ ਦੀ ਦਾਸਤਾਨ

ਅੰਮ੍ਰਿਤਸਰ, ਆਗਰਾ (ਹਰਪ੍ਰੀਤ ਸਿੰਘ ਕਾਹਲੋ) : ਇਕ ਪਾਸਿਓਂ ਸੜੀ ਚਮੜੀ ਦਾ ਚਿਹਰਾ ਜਦੋਂ ਮੇਰੇ ਸਾਹਮਣੇ ਆਇਆ ਤਾਂ ਉਸ ਨੇ ਮੈਨੂੰ ਜੀ ਆਇਆਂ ਨੂੰ ਕਿਹਾ। ਲੰਮੀ ਮੁਸਕਾਨ ਫੈਲਾਉਣ ਦੇ ਨਾਲ ਉਸ ਦਾ ਮੂੰਹ ਇਕ ਪਾਸਿਓਂ ਬਹੁਤਾ ਖਿੱਚਿਆ ਗਿਆ।
ਇਹ ਰੁੱਕਈਆ ਸੀ।
ਮੁਕੰਮਲ ਜਨਾਨੀ।
ਸਮੇਂ ਦੀ ਥਾਪ 'ਤੇ ਜ਼ਿੰਦਗੀ ਦੇ ਕੋੜੇ ਮਿੱਠੇ ਤਜਰਬਿਆਂ 'ਚੋਂ ਲੰਘੀ ਹੋਈ ਨਹਾਇਤ ਹੀ ਸਿਆਣੀ ਅਤੇ ਸੁਲਝੀ ਹੋਈ-ਰੁੱਕਈਆ! 'ਜਗ ਬਾਣੀ' ਦੀ ਵਿਸ਼ੇਸ਼ ਲੜੀ 'ਚ ਰੁੱਕਈਆ ਦੀ ਕਹਾਣੀ ਅਗਲੇ ਹਿੱਸੇ 'ਚ ਕਹਾਂਗਾ ਪਰ ਰੁੱਕਈਆ ਮਾਰਫਤ ਅੱਜ ਤੁਹਾਨੂੰ ਆਗਰੇ ਦੇ 'ਸ਼ੀਰੋਜ਼ ਹੈਂਗਆਊਟ ਕੈਫ਼ੇ' ਬਾਰੇ ਦੱਸਣਾ ਚਾਹੁੰਦਾ ਹਾਂ। ਇਹ ਕੈਫ਼ੇ ਰੁੱਕਈਆ ਜਿਹੀਆਂ ਕੁੜੀਆਂ ਨੇ ਨਹਾਇਤ ਹੀ ਮੁਹੱਬਤ ਨਾਲ ਬਣਾਇਆ ਹੈ। ਇਹ ਇਸ ਉਮੀਦ ਨਾਲ ਉਸਰਿਆ ਹੈ ਕਿ ਇਸ ਐਬਨਾਰਮਲ ਦੁਨੀਆ ਦੇ ਬੰਦੇ ਇਨ੍ਹਾਂ ਕੁੜੀਆਂ ਨਾਲ ਆ ਕੇ ਇੱਥੇ ਗੱਲਬਾਤ ਕਰਨ ਅਤੇ ਸਮਝਣ ਕਿ ਜ਼ਬਰਦਸਤੀ ਦੀ ਖਾਹਿਸ਼ ਰੱਖਦੇ ਬੰਦਿਆਂ ਨੇ ਕੀ ਬਰਬਾਦ ਕੀਤਾ ਹੈ। ਇਸ ਬਰਬਾਦੀ 'ਚ ਇਨ੍ਹਾਂ ਕੁੜੀਆਂ ਦੇ ਸੁਪਨੇ ਵੀ ਸਾੜ ਦਿੱਤੇ ਗਏ ਅਤੇ ਚਿਹਰੇ ਵੀ ਪਰ ਧੁਰ ਅੰਦਰ ਮਨ 'ਚ ਬੁਲੰਦ ਹੌਸਲਿਆਂ ਨੂੰ, ਵਿਚਾਰਾਂ ਦੀ ਖੂਬਸੂਰਤੀ ਨੂੰ, ਧੁਰ ਅੰਦਰ ਦੀ ਮੁਹੱਬਤ ਨੂੰ ਕੋਈ ਤੇਜ਼ਾਬ ਨਾ ਸਾੜ ਸਕਿਆ।

PunjabKesariਆਗਰੇ ਅੰਜੁਮਦ ਬਾਨੋ ਉਰਫ ਮੁਮਤਾਜ਼ ਅਤੇ ਸ਼ਾਹ ਜਹਾਨ ਦੀ ਮੁਹੱਬਤ ਦੀ ਨਿਸ਼ਾਨੀ ਤਾਜ ਮਹੱਲ ਵੇਖਣ ਜਾਓ ਤਾਂ ਉੱਥੋਂ ਨੇੜੇ ਹੀ 'ਸ਼ੀਰੋਜ਼ ਹੈਂਗਆਊਟ ਕੈਫ਼ੇ' ਹੈ। ਇਸ ਕੈਫ਼ੇ 'ਤੇ ਆ ਕੇ ਰੁੱਕਈਆ, ਗੀਤਾ, ਨੀਤੂ, ਡੋਲੀ, ਮਧੂ ਜੀ ਨਾਲ ਮਿਲਿਓ ਜ਼ਰੂਰ ਅਤੇ ਇਕ ਕੱਪ ਕੌਫੀ ਅਤੇ ਆਪਣਾ ਮਨਪਸੰਦ ਕੁਝ ਵੀ ਖਾ ਸਕਦੇ ਹੋ। ਖਾਣ ਤੋਂ ਬਾਅਦ ਪੈਸੇ ਵੀ ਤੈਅ ਨਹੀਂ ਕੀਤੇ ਜਾਣਗੇ ਕਿਉਂਕਿ ਇਸ ਕੈਫ਼ੇ ਦਾ ਦਸਤੂਰ ਹੈ ਕਿ ਖਾਓ ਆਪਣੀ ਮਰਜ਼ੀ ਦਾ ਅਤੇ ਪੈਸੇ ਵੀ ਓਨੇ ਹੀ ਦਿਓ, ਜਿੰਨੀ ਤੁਹਾਡੀ ਇੱਛਾ ਹੈ।
PunjabKesari
ਸਾਡਾ ਪਤਾ ਅਤੇ ਅਸੀਂ
ਇਹ ਦੋ ਮੁੰਡੇ ਸਨ। ਆਸ਼ੀਸ਼ ਅਤੇ ਆਲੋਕ। ਦਿੱਲੀ 'ਚ ਪੱਤਰਕਾਰੀ ਦੀ ਪੜ੍ਹਾਈ ਕਰਦਿਆਂ ਹੀ ਮਨ 'ਚ ਵਿਚਾਰ ਸੀ ਕਿ ਕੁਝ ਅਜਿਹਾ ਕਰਨ ਦੀ ਲੋੜ ਹੈ, ਜੋ ਪੱਤਰਕਾਰੀ ਵਿਚ ਸਾਨੂੰ ਕੋਈ ਅਰਥ ਦੇਵੇ। ਕਾਂਗਰਸ ਦੀ ਸਰਕਾਰ ਸੀ। ਦੇਸ਼ 'ਚ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਸੀ। 175000 ਕਰੋੜ ਦਾ 2-ਜੀ ਸਪੈਕਟ੍ਰਮ ਘਪਲੇ ਨੇ ਦੇਸ਼ ਅੰਦਰ ਗੁੱਸੇ ਦੀ ਲਹਿਰ ਦੌੜਾ ਦਿੱਤੀ। ਰੈੱਡ ਟੇਪ ਤੋਂ ਲੈ ਕੇ ਕੋਲਗੇਟ ਘਪਲੇ ਤੱਕ ਇਹ ਸਿਲਸਿਲਾ ਲੰਮੀ ਕਤਾਰ ਦਾ ਬਣ ਗਿਆ ਸੀ। ਇਨ੍ਹਾਂ ਘਟਨਾਵਾਂ ਨੇ 2011 'ਚ ਅੰਨਾ ਅੰਦੋਲਨ ਖੜ੍ਹਾ ਕਰ ਦਿੱਤਾ। ਟਾਈਮ ਰਸਾਲੇ ਮੁਤਾਬਕ ਅੰਨਾ ਅੰਦੋਲਨ ਦੀ ਖ਼ਬਰ 2011 ਦੀਆਂ ਟਾਪ 10 ਖ਼ਬਰਾਂ 'ਚੋਂ ਇਕ ਸੀ। ਇਸ ਅੰਦੋਲਨ ਦਾ ਬਾਅਦ 'ਚ ਕੀ ਬਣਿਆ, ਉਹ ਵੱਖਰੀ ਗੱਲ ਹੈ ਪਰ ਇਸ ਅੰਦੋਲਨ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਕ ਦਿਸ਼ਾ ਦਿੱਤੀ। ਅਲੋਕ ਅਤੇ ਆਸ਼ੀਸ਼ ਲਈ ਵੀ ਇਹ ਖਾਸ ਅਰਥ ਲੈ ਕੇ ਆਇਆ। ਇਸੇ ਅੰਦੋਲਨ 'ਚੋਂ ਦੋਵਾਂ ਨੌਜਵਾਨਾਂ ਨੇ ਤੇਜ਼ਾਬੀ ਹਮਲਿਆਂ ਅਤੇ ਪੀੜਤਾਂ ਲਈ ਕੰਮ ਕਰਨਾ ਸ਼ੁਰੂ ਕੀਤਾ। ਆਸ਼ੀਸ਼ ਮੁਤਾਬਕ ਅੱਜ ਵੀ ਦੇਸ਼ ਵਿਚ ਤੇਜ਼ਾਬੀ ਹਮਲਿਆਂ ਦੀਆਂ ਸ਼ਿਕਾਰ ਕੁੜੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਲੈ ਕੇ ਦੇਸ਼ 'ਚ ਕਿਤੇ ਵੀ ਕੋਈ ਅਜਿਹਾ ਮੁਕੰਮਲ ਬੰਦੋਬਸਤ ਨਹੀਂ ਜਿੱਥੇ ਇਨਸਾਫ ਲਈ ਜੂਝਦੀਆਂ ਕੁੜੀਆਂ ਨੂੰ ਆਸਰਾ ਮਿਲ ਸਕੇ। ਇਸ ਸਭ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਬਾਹਰੋਂ ਜਬਰਨ ਘੁਸਪੈਠ ਕੀਤੇ ਰਿਫਿਊਜੀਆਂ ਲਈ ਡਿਟੈਨਸ਼ਨ ਸੈਂਟਰ ਤਾਂ ਬਣ ਰਹੇ ਹਨ ਪਰ ਤੇਜ਼ਾਬੀ ਹਮਲਿਆਂ ਦੀ ਪੀੜਤਾਂ ਦੀ ਜ਼ਿੰਦਗੀ ਨੂੰ ਮੁੜ ਤਰਤੀਬ 'ਚ ਲਿਆਉਣ ਲਈ, ਇਨ੍ਹਾਂ ਪੀੜਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਕੋਲ ਕਿਸੇ ਤਰ੍ਹਾਂ ਦਾ ਕੋਈ ਮੁਕੰਮਲ ਪ੍ਰੋਗਰਾਮ ਨਹੀਂ ਹੈ।

PunjabKesariਇਸ ਮਸਲੇ ਬਾਰੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐੱਚ. ਸੀ ਅਰੋੜਾ (ਹਰੀ ਚੰਦ ਅਰੋੜਾ) ਦੱਸਦੇ ਹਨ ਪੰਜਾਬ ਸਰਕਾਰ ਨੇ 20 ਜੂਨ 2017 ਤੋਂ ਤੇਜ਼ਾਬ ਪੀੜਤਾਂ ਲਈ ਸੁਪਰੀਮ ਕੋਰਟ ਦੀਆਂ ਹਦਾਇਤਾਂ ਤਹਿਤ ਇਹ ਯਕੀਨੀ ਤਾਂ ਬਣਾਇਆ ਹੈ ਕਿ ਪੀੜਤ ਨੂੰ ਉਮਰ ਭਰ 8000 ਪ੍ਰਤੀ ਮਹੀਨਾ ਪੈਨਸ਼ਨ ਮਿਲੇਗੀ ਪਰ ਇਸ ਕਾਰਵਾਈ 'ਚ ਕਾਗਜ਼ੀ ਕਾਰਵਾਈ ਸੌਖੀ ਨਹੀਂ ਹੈ। ਇਸ ਗੱਲ ਨੂੰ ਗੁਰਦਾਸਪੁਰ ਦੀ ਮਨਦੀਪ ਕੌਰ ਦੇ ਹਵਾਲੇ ਨਾਲ ਸਮਝਿਆ ਜਾ ਸਕਦਾ ਹੈ। ਮਨਦੀਪ ਅਤੇ ਉਸ ਦੀ ਭੈਣ ਕੁਲਜੀਤ 'ਤੇ 2004 'ਚ ਹਮਲਾ ਹੋਇਆ ਸੀ। ਇਸ ਤੇਜ਼ਾਬੀ ਹਮਲੇ 'ਚ ਕੁਲਜੀਤ ਦੀ ਮੌਤ ਹੋ ਗਈ ਪਰ ਮਨਦੀਪ ਕੌਰ ਆਪਣੇ ਝੁਲਸੇ ਸਰੀਰ ਨਾਲ ਜ਼ਿੰਦਾ ਹੈ। ਮਨਦੀਪ ਕੌਰ ਨੂੰ ਪੈਨਸ਼ਨ ਨਾ ਮਿਲਣ ਦਾ ਕਾਰਣ ਇਹ ਦੱਸਿਆ ਗਿਆ ਸੀ ਕਿ ਉਸ ਦਾ ਸਰੀਰ 40 ਫੀਸਦੀ ਤੋਂ ਘੱਟ ਝੁਲਸਿਆ ਹੈ। ਵਿੱਤੀ ਮੁਆਵਜ਼ੇ ਲਈ ਅਜਿਹੀ ਜਵਾਬਤਲਬੀ ਮਨਦੀਪ ਕੌਰ ਲਈ ਵੱਡੀ ਮਾਨਸਿਕ ਤਸ਼ੱਦਦ ਸੀ।
PunjabKesari
ਐੱਚ. ਸੀ. ਅਰੋੜਾ ਸਿਵਲ ਰਿਟ ਪਟੀਸ਼ਨ ਨੰਬਰ 3669 ਦੇ ਹਵਾਲੇ ਨਾਲ ਮਲਕੀਤ ਸਿੰਘ ਦੇ ਕੇਸ ਦਾ ਵੀ ਜ਼ਿਕਰ ਕਰਦੇ ਹਨ। ਤੇਜ਼ਾਬੀ ਹਮਲੇ 'ਚ ਔਰਤ ਲਈ ਮੁਆਵਜ਼ਾ ਤਾਂ ਹੈ ਪਰ ਹਮਲੇ ਦਾ ਸ਼ਿਕਾਰ ਮਰਦਾਨਾ ਪੀੜਤ ਨੂੰ ਅਜਿਹੀ ਕੋਈ ਪੈਨਸ਼ਨ ਨਹੀਂ ਹੈ ਜਦੋਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ 'ਚ ਭਾਵੇਂ ਉਹ ਬੰਦਾ ਹੋਏ ਜਾਂ ਜਨਾਨੀ ਪੀੜਤ ਦਾ ਜ਼ਿਕਰ ਹੈ। ਡਿਸਏਬਿਲਟੀ ਐਕਟ 2016 ਦੇ ਮੁਤਾਬਕ ਤੇਜ਼ਾਬੀ ਹਮਲੇ ਦਾ ਸ਼ਿਕਾਰ ਬੰਦਾ ਵੀ ਇਸ ਦਾ ਹੱਕ ਰੱਖਦਾ ਹੈ, ਜੋ ਕਿ ਚੰਦਰਹਾਸ ਦੀ ਪਟੀਸ਼ਨ ਤੋਂ ਸਾਫ ਹੋਇਆ ਹੈ। ਆਸ਼ੀਸ਼ ਵੀ ਇਨ੍ਹਾਂ ਬਾਰੀਕੀਆਂ ਅਤੇ ਬੇਬਸੀਆਂ ਦੀ ਗੱਲ ਦੱਸਦੇ ਹਨ ਪਰ ਇਸ ਸਭ ਦੇ ਬਾਵਜੂਦ ਸ਼ੀਰੋਜ਼ ਕੈਫ਼ੇ ਨੂੰ ਪੀੜਤਾਂ ਨੇ ਆਪਣੀ ਬਦੌਲਤ ਆਪਣੇ ਲਈ ਤਿਆਰ ਕੀਤਾ ਹੈ। ਇਸ ਦੀ ਕਹਾਣੀ ਅੰਨਾ ਅੰਦੋਲਨ ਤੋਂ ਬਾਅਦ 'ਸਟਾਪ ਐਸਿਡ ਅਟੈਕ' ਮੁਹਿੰਮ ਤੱਕ ਪਹੁੰਚਦੀ ਹੈ।

PunjabKesari
8 ਮਾਰਚ 2013
ਮਾਰਚ ਦੀ 8 ਤਰੀਕ ਆਲਮੀ ਔਰਤ ਦਿਹਾੜਾ ਹੁੰਦਾ ਹੈ। ਇਸ ਦਿਨ 300 ਤੇਜ਼ਾਬੀ ਹਮਲੇ ਦੀਆਂ ਪੀੜਤਾਂ ਨੇ ਮਿਲ ਕੇ 'ਸਟਾਪ ਐਸਿਡ ਅਟੈਕ' ਮੁਹਿੰਮ ਸ਼ੁਰੂ ਕੀਤੀ। ਇਸ ਮੁਹਿੰਮ 'ਚ ਆਲੋਕ ਅਤੇ ਆਸ਼ੀਸ਼ ਨਾਲ ਲਕਸ਼ਮੀ ਵੀ ਸ਼ਾਮਲ ਹੋ ਗਈ। 15 ਸਾਲ ਦੀ ਉਮਰ 'ਚ ਲਕਸ਼ਮੀ 'ਤੇ 2005 'ਚ ਤੇਜ਼ਾਬੀ ਹਮਲਾ ਹੋਇਆ ਸੀ। ਲਕਸ਼ਮੀ ਤੇਜ਼ਾਬੀ ਹਮਲੇ ਦੀਆਂ ਪੀੜਤਾਂ ਲਈ ਸਭ ਤੋਂ ਵੱਡਾ ਚਿਹਰਾ ਬਣ ਕੇ ਉਭਰੀ ਅਤੇ ਉਸ ਨੇ ਆਪਣੀ ਲੜਾਈ ਨੂੰ ਸਾਰੇ ਪੀੜਤਾਂ ਦੀ ਲੜਾਈ ਬਣਾ ਦਿੱਤਾ। 2006 'ਚ ਲਕਸ਼ਮੀ ਨੇ ਜਨਹਿਤ ਪਟੀਸ਼ਨ ਪਾਈ ਸੀ ਤਾਂ ਜੋ ਤੇਜ਼ਾਬ ਦੀ ਵਿਕਰੀ ਬੰਦ ਕੀਤੀ ਜਾਵੇ। ਇਸ 'ਚ ਨਾਲੋਂ ਨਾਲ ਇਹ ਵੀ ਯਕੀਨੀ ਬਣਾਉਣ ਦਾ ਸੰਘਰਸ਼ ਸੀ ਕਿ ਪੀੜਤਾਂ ਨੂੰ ਇਲਾਜ, ਮਾਨਸਿਕ ਸਹਾਰਾ ਅਤੇ ਮੁਆਵਜ਼ਾ ਮਿਲ ਸਕੇ। ਸਟਾਪ ਐਸਿਡ ਅਟੈਕ ਮੁਹਿੰਮ ਤੋਂ ਕਈ ਅਹਿਮ ਫੈਸਲੇ ਨਿਕਲ ਕੇ ਆਏ। ਇਸ ਮੁਹਿੰਮ ਵਿਚੋਂ ਹੀ ਸ਼ੀਰੋਜ਼ ਕੈਫ਼ੇ ਬਣਿਆ। ਇਸੇ ਮੁਹਿੰਮ 'ਚੋਂ ਹੀ ਲਕਸ਼ਮੀ ਦਾ ਵਿਆਹ ਆਲੋਕ ਨਾਲ ਹੋਇਆ। ਸ਼ੀਰੋਜ਼ ਕੈਫ਼ੇ ਨੂੰ ਬਣਾਉਣ ਦੀ ਸ਼ੁਰੂਆਤ 'ਚ ਆਸ਼ੀਸ਼ ਅਤੇ ਆਲੋਕ ਨਾਲ ਲਕਸ਼ਮੀ ਦਾ ਖਾਸ ਸਾਥ ਰਿਹਾ ਹੈ।
PunjabKesari
10 ਦਸੰਬਰ 2014
2013 'ਚ ਸਟਾਪ ਐਸਿਡ ਅਟੈਕ ਮੁਹਿੰਮ, ਲਕਸ਼ਮੀ ਵਲੋਂ ਪਾਈ ਪਟੀਸ਼ਨ, 226ਵੀਂ ਲਾਅ ਕਮਿਸ਼ਨ ਰਿਪੋਰਟ, ਜਸਟਿਸ ਜੇ. ਐੱਸ. ਵਰਮਾ ਕਮੇਟੀ ਦੀ ਰਿਪੋਰਟ ਦੇ ਸਾਂਝੇ ਉੱਦਮ ਦਾ ਨਤੀਜਾ ਸੀ ਕਿ ਤੇਜ਼ਾਬੀ ਹਮਲੇ ਨੂੰ ਸਿਰਫ ਹਲਕਾ ਸਰੀਰਕ ਨੁਕਸਾਨ ਨਾ ਮੰਨ ਕੇ ਵੱਡਾ ਜੁਰਮ ਮੰਨਿਆ ਗਿਆ। ਇਸੇ ਸਿਲਸਿਲੇ 'ਚ ਦੋਸ਼ੀ ਨੂੰ ਘੱਟੋ-ਘੱਟ 10 ਅਤੇ ਉਮਰ ਕੈਦ ਦੀ ਸਜ਼ਾ ਤੈਅ ਹੋਈ। ਪੀੜਤ ਨੂੰ 3 ਲੱਖ ਰੁਪਏ ਦੇ ਮੁਆਵਜ਼ੇ 'ਚੋਂ ਪਹਿਲੇ 15 ਦਿਨ 'ਚ 1 ਲੱਖ ਅਤੇ ਅਗਲੇ 2 ਮਹੀਨਿਆਂ 'ਚ 2 ਲੱਖ ਰੁਪਏ ਦੇਣ ਦਾ ਬੰਦੋਬਸਤ ਕੀਤਾ ਗਿਆ। ਲਕਸ਼ਮੀ/ਯੂਨੀਅਨ ਆਫ ਇੰਡੀਆ ਕੇਸ ਤੋਂ ਬਾਅਦ ਪੁਆਇਜ਼ਨ ਐਕਟ 1919 'ਚ ਬਦਲਾਅ ਕੀਤੇ ਗਏ ਅਤੇ ਦੀ ਪੁਆਇਜ਼ਨ ਪੋਜ਼ੈਸ਼ਨ ਐਂਡ ਸੇਲਸ ਰੂਲ 2013 ਹੋਂਦ ਵਿਚ ਆਇਆ। ਸਟਾਪ ਐਸਿਡ ਅਟੈਕ ਮੁਹਿੰਮ ਦੀ ਮੰਗ ਸੀ ਕਿ ਪੀੜਤਾਂ ਲਈ ਕਾਨੂੰਨੀ ਲੜਾਈ ਦੀ ਸਹਾਇਤਾ, ਹਸਪਤਾਲ 'ਚ ਬਿਨਾਂ ਦੇਰੀ ਸਿਹਤ ਸਹੂਲਤਾਂ ਅਤੇ ਪੀੜਤ ਨੂੰ ਜਜ਼ਬਾਤੀ ਮਜ਼ਬੂਤੀ ਦੇਣ ਦਾ ਪ੍ਰਬੰਧ ਕੀਤਾ ਜਾਵੇ। ਇਸੇ ਸਿਲਸਿਲੇ 'ਚ 2 ਫਰਵਰੀ 2014 ਨੂੰ ਆਸ਼ੀਸ਼ ਅਤੇ ਆਲੋਕ ਵੱਲੋਂ ਛਾਂਵ ਫਾਊਂਡੇਸ਼ਨ ਬਣਾਈ ਗਈ। ਅਖੀਰ 10 ਦਸੰਬਰ 2014 ਨੂੰ ਆਗਰੇ ਸ਼ੀਰੋਜ਼ ਹੈਂਗਆਊਟ ਕੈਫ਼ੇ ਦੀ ਨੀਂਹ ਰੱਖੀ ਗਈ, ਜਿਸ ਨੂੰ ਇੱਥੇ ਤੇਜ਼ਾਬੀ ਹਮਲੇ ਦੇ ਪੀੜਤਾਂ ਵੱਲੋਂ ਚਲਾਇਆ ਜਾਂਦਾ ਹੈ।
PunjabKesari
ਸ਼ੀਰੋਜ਼ ਕੈਫ਼ੇ ਕਿਉਂ?
ਇਸ ਨੂੰ ਸਮਝਣ ਲਈ ਇਸ ਦੀ ਜ਼ਰੂਰੀ ਤਸਵੀਰ ਵੇਖਣ ਦੀ ਲੋੜ ਹੈ। ਪੜਤਾਲ ਵਿਚ ਇਹ ਗੱਲਾਂ ਸਾਹਮਣੇ ਆਈਆਂ ਹਨ ਕਿ 76 ਫੀਸਦੀ ਹਮਲੇ 21 ਤੋਂ 30 ਸਾਲ ਦੀ ਉਮਰ ਦੀਆਂ ਕੁੜੀਆਂ 'ਤੇ ਹੋਏ ਹਨ। 83 ਫੀਸਦੀ ਹਮਲੇ ਜਨਤਕ ਥਾਵਾਂ 'ਤੇ ਹੀ ਅੰਜਾਮ ਦਿੱਤੇ ਗਏ। ਇਨ੍ਹਾਂ ਵਿਚ 70 ਫੀਸਦੀ ਪੀੜਤ ਔਰਤਾਂ ਹੀ ਸਨ ਅਤੇ 75 ਫੀਸਦੀ ਕੇਸਾਂ ਵਿਚ ਔਰਤਾਂ 21 ਤੋਂ 40 ਫੀਸਦੀ ਸੜ ਗਈਆਂ। 51 ਫੀਸਦੀ ਕੇਸਾਂ 'ਚ ਇਹ ਗੱਲ ਸਾਹਮਣੇ ਆਈ ਕਿ ਹਮਲਾ ਕਰਨ ਵਾਲਾ ਜਾਣ-ਪਛਾਣ ਵਾਲਾ ਕੋਈ ਨੇੜਲਾ ਹੀ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜੇ ਮੁਤਾਬਕ 2014 'ਚ 309 ਕੇਸ ਤੇਜ਼ਾਬੀ ਹਮਲੇ ਦੇ ਦਰਜ ਕੀਤੇ ਗਏ ਹਨ। ਇਨ੍ਹਾਂ 'ਚੋਂ ਉੱਤਰ ਪ੍ਰਦੇਸ਼ 'ਚ 195, ਮੱਧ ਪ੍ਰਦੇਸ਼ 'ਚ 53 ਕੇਸ ਸਭ ਤੋਂ ਵੱਧ ਹਨ। ਇਹ ਵੱਡੀ ਅਣਗਹਿਲੀ ਦਾ ਹਿੱਸਾ ਹੈ ਕਿ ਰਿਕਾਰਡ ਬਿਊਰੋ ਦੇ ਅੰਕੜੇ ਨਾਲੋਂ ਅਸਲ ਤਸਵੀਰ ਖਤਰਨਾਕ ਹੈ, ਜਿਵੇਂ ਕਿ ਸਾਨੂੰ ਕਈ ਪੀੜਤ ਅਜਿਹੇ ਮਿਲੇ, ਜਿਨ੍ਹਾਂ ਦੀ ਐੱਫ. ਆਈ. ਆਰ. ਨਹੀਂ ਹੋਈ ਸੀ।
PunjabKesari
ਅਜਿਹੇ 'ਚ ਇਹ ਕੈਫੇ ਤੇਜ਼ਾਬੀ ਹਮਲੇ ਦੀਆਂ ਪੀੜਤਾਂ ਅਤੇ ਸਮਾਜ ਵਿਚ ਇਕ ਪੁਲ ਦਾ ਕੰਮ ਕਰਦਾ ਹੈ। ਇਸ ਦੇ ਮੁੱਖ ਮਕਸਦ ਕੁਝ ਇੰਝ ਹਨ।
1. ਤੇਜ਼ਾਬੀ ਹਮਲੇ ਦੀ ਪੀੜਤਾਂ ਦਾ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਹ ਨਾ ਪੜ੍ਹ ਸਕੀਆਂ ਅਤੇ ਨਾ ਉਨ੍ਹਾਂ ਦਾ ਕੋਈ ਭਵਿੱਖ ਬਿਹਤਰ ਹੋਇਆ। ਕੈਫੇ ਉਨ੍ਹਾਂ ਨੂੰ ਆਤਮ-ਨਿਰਭਰ ਬਣਾ ਰਿਹਾ ਹੈ।
2. ਪੀੜਤ ਆਮ ਸਮਾਜ ਤੋਂ ਕੱਟੇ ਗਏ ਹਨ। ਉਨ੍ਹਾਂ ਨਾਲ ਗੱਲ ਕਰਦਿਆਂ ਆਮ ਸਮਾਜ 'ਚ ਸਹਿਜਤਾ ਨਹੀਂ ਹੈ। ਕੈਫੇ 'ਚ ਲੋਕ ਖਾਣ-ਪੀਣ ਬਹਾਨੇ ਉਨ੍ਹਾਂ ਨਾਲ ਗੱੱਲਬਾਤ ਕਰਦੇ ਹਨ। ਇੰਝ ਉਹ ਆਪਣੀ ਦੁਨੀਆ ਨਾਲ ਆਮ ਲੋਕਾਂ ਨੂੰ ਜਾਣੂ ਕਰਵਾ ਰਹੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ।
3. ਇਸ ਨਾਲ ਆਮ ਸਮਾਜ 'ਚ ਤੇਜ਼ਾਬੀ ਹਮਲਿਆਂ ਦੀ ਮਾਨਸਿਕਤਾ ਬਾਰੇ ਅਤੇ ਪੀੜਤਾਂ ਦੀ ਦੁਨੀਆ ਬਾਰੇ ਜਾਗਰੂਕਤਾ ਪਹੁੰਚਦੀ ਹੈ।
4. ਆਗਰੇ ਵਿਦੇਸ਼ੀ ਸੈਲਾਨੀ ਵੀ ਆਉਂਦੇ ਹਨ ਤੇ ਇੰਝ ਤੇਜ਼ਾਬੀ ਹਮਲਿਆਂ ਬਾਰੇ ਗੱਲਬਾਤ ਸੰਸਾਰ ਭਰ 'ਚ ਜਾਂਦੀ ਹੈ ਅਤੇ ਇਹ ਇਨ੍ਹਾਂ ਕੁੜੀਆਂ ਨੂੰ ਆਤਮ-ਵਿਸ਼ਵਾਸ ਦਿੰਦਾ ਹੈ।
5. ਸਟਾਪ ਐਸਿਡ ਅਟੈਕ ਦੇ 3 ਮਕਸਦ ਪੂਰੇ।
5. 1 : ਕਾਨੂੰਨੀ ਮਦਦ।
5. 2 : ਸਿਹਤ ਸਹੂਲਤਾਂ ਦੀ ਮਦਦ
5. 3 : ਜਜ਼ਬਾਤੀ ਸਹਾਰਾ-ਆਤਮ ਨਿਰਭਰ ਜ਼ਿੰਦਗੀ ਅਤੇ ਆਤਮ ਵਿਸ਼ਵਾਸ।


author

Baljeet Kaur

Content Editor

Related News