ਐਕਟਿਵਾ ''ਚ ਵਸੂਲੀ ਕੀਮਤ ਮੁਤਾਬਕ ਤੇਲ ਨਾ ਪਾਉਣ ''ਤੇ ਹੰਗਾਮਾ

Monday, Jun 11, 2018 - 06:25 AM (IST)

ਐਕਟਿਵਾ ''ਚ ਵਸੂਲੀ ਕੀਮਤ ਮੁਤਾਬਕ ਤੇਲ ਨਾ ਪਾਉਣ ''ਤੇ ਹੰਗਾਮਾ

ਲੁਧਿਆਣਾ, (ਖੁਰਾਣਾ)- ਰਾਹੋਂ ਰੋਡ 'ਤੇ ਸਥਿਤ ਐੱਸ. ਆਰ. ਕੰਪਨੀ ਨਾਲ ਸਬੰਧਿਤ ਪੈਟਰੋਲ ਪੰਪ 'ਤੇ ਸ਼ਨੀਵਾਰ ਦੇਰ ਰਾਤ ਪੰਪ ਕਰਮਚਾਰੀਆਂ ਤੇ ਐਕਟਿਵਾ ਸਵਾਰ ਚਾਲਕ 'ਚ ਵਸੂਲੀ ਗਈ ਕੀਮਤ ਤੋਂ ਘੱਟ ਮਾਤਰਾ 'ਚ ਤੇਲ ਪਾਉਣ ਨੂੰ ਲੈ ਕੇ ਹੰਗਾਮਾ ਹੋ ਗਿਆ। ਨੌਬਤ ਗਾਲੀ-ਗਲੋਚ ਤੱਕ ਪਹੁੰਚ ਗਈ। ਮੌਕੇ 'ਤੇ ਪਹੁੰਚੇ ਪੁਲਸ ਕਰਮਚਾਰੀਆਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਕੇ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ। ਸ਼ਿਕਾਇਤਕਰਤਾ ਐਕਟਿਵਾ ਸਵਾਰ ਕੈਲਾਸ਼ ਨਗਰ ਨਿਵਾਸੀ ਮੰਗਾ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੈਟਰੋਲ ਪੰਪ 'ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਆਪਣੇ ਵਾਹਨ ਵਿਚ 100 ਰੁਪਏ ਦਾ ਪੈਟਰੋਲ ਪਵਾਉਣ ਲਈ ਪਹੁੰਚਿਆ। ਮੰਗਾ ਨੇ ਦੋਸ਼ ਲਾਇਆ ਕਿ ਇਸ ਦੌਰਾਨ ਉਸ ਦੇ ਵਾਹਨ ਦੀ ਟੈਂਕੀ 'ਚ ਤੇਲ ਭਰਨ ਲਈ ਕਰਮਚਾਰੀ ਵੱਲੋਂ ਕਥਿਤ ਨੋਜ਼ਲ ਤਾਂ ਪਾਈ ਗਈ, ਜਦ ਕਿ ਮੀਟਰ ਚੱਲਣ ਤੋਂ ਬਾਅਦ ਵੀ ਪੈਟਰੋਲ ਨਹੀਂ ਭਰਿਆ ਗਿਆ। ਇਸ ਗੱਲ ਨੂੰ ਲੈ ਕੇ ਦੋਵਾਂ ਧਿਰਾਂ 'ਚ ਜੰਮ ਕੇ ਬਹਿਸਬਾਜ਼ੀ ਹੋਣ ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਕੰਟਰੋਲ ਰੂਮ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਪੁਲਸ ਨੇ ਮੌਕਾ ਸੰਭਾਲਦਿਆਂ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ।
ਸ਼ਿਕਾਇਤਕਰਤਾ ਮੰਗਾ ਨੇ ਦੋਸ਼ ਲਾਇਆ ਕਿ ਉਹ ਆਪਣੀ ਐਕਟਿਵਾ ਨੂੰ ਉਕਤ ਪੈਟਰੋਲ ਪੰਪ 'ਤੇ ਤੇਲ ਨਾ ਹੋਣ 'ਤੇ ਧੱਕਾ ਲਾ ਕੇ ਲਿਆਇਆ ਸੀ । ਜਿਥੇ 100 ਰੁਪਏ ਦਾ ਤੇਲ ਭਰਵਾਇਆ ਪਰ ਇਸ ਦੌਰਾਨ ਸ਼ੱਕ ਹੋਣ 'ਤੇ ਜਦੋਂ ਉਸ ਨੇ ਪੰਪ ਕਰਮਚਾਰੀਆਂ ਨੂੰ ਐਕਟਿਵਾ ਦੀ ਟੈਂਕੀ 'ਚੋਂ ਤੇਲ ਕੱਢ ਕੇ ਚੈੱਕ ਕਰਨ ਦੀ ਗੱਲ ਕਹੀ ਤਾਂ ਉਹ ਭੜਕ ਗਏ ਅਤੇ ਵਿਵਾਦ ਖੜ੍ਹਾ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਦੀ ਐਕਟਿਵਾ 'ਚ ਬਿਲਕੁਲ ਤੇਲ ਨਹੀਂ ਭਰਿਆ ਗਿਆ।
ਕੀ ਕਹਿੰਦੇ ਹਨ ਪੰਪ ਮਾਲਕ
ਇਸ ਸਬੰਧ 'ਚ ਗੱਲ ਕਰਨ 'ਤੇ ਪੈਟਰੋਲ ਪੰਪ ਦੇ ਮਾਲਕ ਪੰਕਜ ਜੈਨ ਨੇ ਕਿਹਾ ਕਿ ਸ਼ਿਕਾਇਤਕਰਤਾ ਮੰਗਾ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ ਉਨ੍ਹਾਂ ਕਿਹਾ ਕਿ ਐਕਟਿਵਾ ਦੀ ਟੈਂਕੀ 'ਚ 100 ਰੁਪਏ ਦਾ ਪੂਰਾ ਪੈਟਰੋਲ ਪਾਇਆ ਗਿਆ ਹੈ, ਜਿਸ ਦੀ ਉਨ੍ਹਾਂ ਕੋਲ ਪੂਰੀ ਵੀਡੀਓ ਕਲਿੱਪ ਮੌਜੂਦ ਹੈ। ਮੰਗਾ ਵੱਲੋਂ ਕਰਮਚਾਰੀ 'ਤੇ ਤੇਲ ਨਾ ਪਾਉਣ ਅਤੇ ਵਾਇਰਲ ਵੀਡੀਓ ਕਲਿੱਪ ਵਿਚ ਕਰਮਚਾਰੀ ਵੱਲੋਂ ਆਪਣੀ ਗਲਤੀ ਮੰਨਣ ਦੀ ਗੱਲ ਸਬੰਧੀ ਪੁੱਛੇ ਜਾਣ ਤੇ ਜੈਨ ਨੇ ਕਿਹਾ ਕਿ ਸ਼ਿਕਾਇਤਕਰਤਾ ਮੰਗਾ ਤੇ ਉਸ ਦੇ ਸਾਥੀਆਂ ਨੇ ਰਾਤ ਸਮੇਂ ਪੰਪ ਕਰਮਚਾਰੀਆਂ ਨਾਲ ਕਥਿਤ ਕੁੱਟ-ਮਾਰ ਕੀਤੀ, ਜਿਸ ਦੇ ਡਰੋਂ ਕਰਮਚਾਰੀ ਉਸ ਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ। 

ਨਹੀਂ ਆਈ ਕੋਈ ਸ਼ਿਕਾਇਤ : ਸ੍ਰੀਧਰ
ਸੰਪਰਕ ਕਰਨ 'ਤੇ ਐੱਸ. ਆਰ. ਕੰਪਨੀ ਦੇ ਏਰੀਆ ਸੇਲਜ਼ ਮੈਨੇਜਰ ਸੌਰਵ ਸ੍ਰੀਧਰ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਜਾਂ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤਕਰਤਾ ਕੰਪਨੀ ਨੂੰ ਸ਼ਿਕਾਇਤ ਕਰਦਾ ਹੈ ਤਾਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ।


Related News