ਭਾਰਤ ਯਾਤਰਾ ਲਈ ਨਿਕਲੇ 104 ਸਿੱਖ ਸ਼ਰਧਾਲੂ ਪਾਕਿਸਤਾਨ ’ਚ ਫਸੇ, ਉਡਾਣ ਨਾ ਮਿਲਣ ਕਾਰਨ ਵਧੀ ਪ੍ਰੇਸ਼ਾਨੀ
Saturday, Sep 12, 2026 - 12:00 AM (IST)
ਪਠਾਨਕੋਟ (ਸ਼ਾਰਦਾ) : ਸ੍ਰੀ ਹੇਮਕੁੰਟ ਸਾਹਿਬ ਦੀ ਧਾਰਮਿਕ ਯਾਤਰਾ ਲਈ ਭਾਰਤ ਆਉਣ ਵਾਲੇ 100 ਤੋਂ ਵੱਧ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਉਸ ਸਮੇਂ ਭਾਰੀ ਪ੍ਰੇਸ਼ਾਨੀ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਜਦੋਂ ਕਥਿਤ ਤੌਰ ’ਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਫੈਸਲਾਬਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਜਾਣ ਵਾਲੀ ਉਡਾਣ ਵਿਚ ਸਵਾਰ ਹੋਣ ਤੋਂ ਰੋਕ ਦਿੱਤਾ। ਅਧਿਕਾਰੀਆਂ ਵੱਲੋਂ ਇਸ ਲਈ ਇਤਰਾਜ਼ ਨਹੀਂ ਸਰਟੀਫਿਕੇਟ (ਐੱਨ.ਓ.ਸੀ.) ਦੀ ਮੰਗ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਜਦਕਿ ਸ਼ਰਧਾਲੂਆਂ ਕੋਲ ਪਾਕਿਸਤਾਨੀ ਪਾਸਪੋਰਟ ਅਤੇ ਉਸ ’ਤੇ ਭਾਰਤ ਦਾ ਵੀਜ਼ਾ ਲੱਗਿਆ ਹੋਇਆ ਸੀ। ਸ਼ਰਧਾਲੂਆਂ ਨੇ ਹਵਾਈ ਟਿਕਟਾਂ ’ਤੇ ਕਰੀਬ ਡੇਢ ਲੱਖ ਪਾਕਿਸਤਾਨੀ ਰੁਪਏ ਖਰਚ ਕੀਤੇ ਸਨ।
ਇਸ ਘਟਨਾ ਨੂੰ ਲੈ ਕੇ ਭਾਰਤ ਵਿਚ ਰੋਸ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਧਾਰਮਿਕ ਯਾਤਰਾ ਲਈ ਖੁਸ਼ੀ-ਖੁਸ਼ੀ ਨਿਕਲੇ ਜਥੇ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਕਰਨਾ ਬੇਹੱਦ ਮੰਦਭਾਗਾ ਹੈ। ਹਵਾਈ ਅੱਡੇ ’ਤੇ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰੇਸ਼ਾਨੀ ਦੀ ਹਾਲਤ ਵਿਚ ਬੈਠੇ ਦੇਖ ਕੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਲੋਕਾਂ ਨੇ ਕਿਹਾ ਕਿ ਇਸ ਘਟਨਾ ਨਾਲ ਪਾਕਿਸਤਾਨ ਦਾ ਕਥਿਤ ਤੌਰ ’ਤੇ ਘਿਨਾਉਣਾ ਚਿਹਰਾ ਸਾਹਮਣੇ ਆਇਆ ਹੈ। ਜਦੋਂ ਭਾਰਤ ਤੋਂ ਸਿੱਖ ਜਥੇ ਪਾਕਿਸਤਾਨ ਜਾਂਦੇ ਹਨ ਤਾਂ ਉਨ੍ਹਾਂ ਨਾਲ ਚੰਗਾ ਵਿਹਾਰ ਕਰਨ ਦਾ ਦਿਖਾਵਾ ਕੀਤਾ ਜਾਂਦਾ ਹੈ, ਜਦਕਿ ਪਾਕਿਸਤਾਨ ਵਿਚ ਰਹਿ ਰਹੇ ਘੱਟ ਗਿਣਤੀ ਸਿੱਖਾਂ ਨਾਲ ਕਥਿਤ ਤੌਰ ’ਤੇ ਜ਼ਿਆਦਤੀਆਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।
ਵਰਨਣਯੋਗ ਹੈ ਕਿ ਸ਼ਰਧਾਲੂਆਂ ਨੇ ਦੁਬਈ ਦੇ ਰਸਤੇ ਅੱਗੇ ਨਵੀਂ ਦਿੱਲੀ ਪਹੁੰਚਣਾ ਸੀ। ਭਾਰਤ ਸਰਕਾਰ ਵੱਲੋਂ ਕੁੱਲ 104 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ ਕੀਤੇ ਗਏ ਸਨ। ਵਾਹਗਾ-ਅਟਾਰੀ ਸੜਕੀ ਮਾਰਗ ਉਨ੍ਹਾਂ ਲਈ ਮੁਹੱਈਆ ਨਾ ਹੋਣ ਕਾਰਨ ਸ਼ਰਧਾਲੂਆਂ ਨੂੰ ਤੀਜੇ ਦੇਸ਼ ਦੇ ਰਸਤੇ ਭਾਰਤ ਆਉਣ ਦਾ ਬਦਲ ਚੁਣਨਾ ਪਿਆ, ਜਿਸ ਕਾਰਨ ਯਾਤਰਾ ਦਾ ਖਰਚਾ ਵੀ ਕਾਫੀ ਵਧ ਗਿਆ।
ਸ਼ਰਧਾਲੂਆਂ ਦਾ ਕਹਿਣਾ ਹੈ ਕਿ ਹਵਾਈ ਅੱਡੇ ’ਤੇ ਲੋੜੀਂਦੀ ਮਨਜ਼ੂਰੀ ਮਿਲਣ ਦੀ ਉਡੀਕ ਵਿਚ ਕਾਫੀ ਸਮਾਂ ਬੀਤ ਗਿਆ ਅਤੇ ਇਸ ਕਾਰਨ ਉਨ੍ਹਾਂ ਦੀਆਂ ਨਿਰਧਾਰਤ ਉਡਾਣਾਂ ਛੁੱਟ ਗਈਆਂ। ਇਸ ਨਾਲ ਉਨ੍ਹਾਂ ਨੂੰ ਆਰਥਿਕ ਨੁਕਸਾਨ ਵੀ ਝੱਲਣਾ ਪਿਆ। ਪ੍ਰੇਸ਼ਾਨ ਸ਼ਰਧਾਲੂਆਂ ਨੇ ਪਾਕਿਸਤਾਨੀ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧਾਰਮਿਕ ਯਾਤਰਾ ਨੂੰ ਸੁਖਾਲਾ ਬਣਾਉਣ ਲਈ ਉਨ੍ਹਾਂ ਨੂੰ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਯਾਤਰਾ ਵਿਚ ਆਈ ਰੁਕਾਵਟ ਨਹੀਂ, ਸਗੋਂ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਧਾਰਮਿਕ ਯਾਤਰਾ ਵਿਚ ਵਿਘਨ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਤੋਂ ਮਨੁੱਖੀ ਅਤੇ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਮਾਮਲੇ ਦਾ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ।
ਪਾਕਿਸਤਾਨ ’ਚ ਜੇ ਥੋੜ੍ਹੀ ਜਿਹੀ ਵੀ ਮਨੁੱਖੀ ਹਮਰਦੀ ਬਚੀ ਹੈ ਤਾਂ ਜਥੇ ਨੂੰ ਤੁਰੰਤ ਮੁਫ਼ਤ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਭੇਜੇ
ਭਾਰਤ ਵਿਚ ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਹੈ। ਪੰਜਾਬ ਦੇ ਲੋਕ ਇਸ ਘਟਨਾ ਤੋਂ ਬੇਹੱਦ ਦੁਖੀ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵੱਲੋਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਜਿਹੀ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਲੋਕਾਂ ਨੇ ਮੰਗ ਕੀਤੀ ਹੈ ਕਿ ਜੇਕਰ ਪਾਕਿਸਤਾਨ ਵਿਚ ਥੋੜ੍ਹੀ ਜਿਹੀ ਵੀ ਮਨੁੱਖੀ ਹਮਦਰਦੀ ਬਚੀ ਹੈ ਤਾਂ ਸਿੱਖ ਸ਼ਰਧਾਲੂਆਂ ਦੇ ਜਥੇ ਨੂੰ ਬਿਨਾਂ ਕਿਸੇ ਖਰਚੇ ਦੇ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਭੇਜਿਆ ਜਾਵੇ। ਇਸ ਦੇ ਨਾਲ ਹੀ ਹਵਾਈ ਟਿਕਟਾਂ ਲਈ ਖਰਚ ਕੀਤੀ ਗਈ ਰਕਮ ਵੀ ਸ਼ਰਧਾਲੂਆਂ ਨੂੰ ਵਾਪਸ ਕੀਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਆਰਥਿਕ ਨੁਕਸਾਨ ਨਾ ਝੱਲਣਾ ਪਵੇ।
