ਨਸ਼ਿਆਂ ਖਿਲਾਫ ਅਾਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਖੋਲ੍ਹਿਆ ਮੋਰਚਾ

Wednesday, Jul 04, 2018 - 12:50 AM (IST)

ਨਸ਼ਿਆਂ ਖਿਲਾਫ ਅਾਂਗਣਵਾਡ਼ੀ ਵਰਕਰਾਂ ਤੇ ਹੈਲਪਰਾਂ ਨੇ ਖੋਲ੍ਹਿਆ ਮੋਰਚਾ

 ਗੁਰਦਾਸਪੁਰ,  (ਦੀਪਕ, ਹਰਮਨਪ੍ਰੀਤ)-  ਅੱਜ ਪੰਜਾਬ ਅਾਂਗਣਵਾਡ਼ੀ ਮੁਲਾਜ਼ਮ ਯੂਨੀਅਨ ਬਲਾਕ ਗੁਰਦਾਸਪੁਰ ਦੀ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ਤੇ ਨਸ਼ਿਆਂ ਖਿਲਾਫ ਰੋਸ ਮਾਰਚ ਕਰਨ ਲਈ ਅਾਂਗਣਵਾਡ਼ੀ ਵਰਕਰਾਂ ਅਤੇ ਹਲਪਰਾਂ ਨੇ ਗੁਰਦਾਸਪੁਰ ਦੇ ਗੁਰੂ ਨਾਨਕ ਪਾਰਕ ਵਿਚ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ,  ਜਿਸ ਤੋਂ ਬਾਅਦ ਨਾਅਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਮੰਗ ਪੱਤਰ ਦਿੱਤਾ। 
 ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਪੰਜਾਬ ਵਿਚ ਦਿਨੋ-ਦਿਨ ਵੱਧ ਰਹੇ ਨਸ਼ੇ ਦੇ  ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਜਿਸ ਕਾਰਨ ਅੱਜ  ਪੰਜਾਬ ਅਾਂਗਣਵਾਡ਼ੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਨੂੰ ਜਗਾਉਣ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਰੋਸ ਮਾਰਚ ਵਿਚ ਅੱਜ ਅਾਂਗਣਵਾਡ਼ੀ ਹੈਲਪਰਾਂ ਅਤੇ ਵਰਕਰਾਂ ਨੇ ਆਪਣੇ ਬੱਚਿਆਂ ਸਮੇਤ  ਭਾਗ ਲਿਆ ਹੈ  ’ਤੇ ਰੋਸ ਮਾਰਚ ਦੇ ਦੌਰਾਨ ਹੱਥ ਵਿਚ ਬੈਨਰ ਫਡ਼ ਕੇ ਡੀ. ਸੀ. ਦਫਤਰ ਤੱਕ ਨਸ਼ੇ ਖਿਲਾਫ ਰੈਲ਼ੀ ਕੱਢੀ। ਉਨ੍ਹਾਂ ਕਿਹਾ ਕਿ ਇਸ ਸਮੇਂ ਨਸ਼ੇ ਨੂੰ ਰੋਕਣ ਤੋਂ ਅਸਮਰਥ ਰਹੀਆਂ ਸਮੇਂ ਦੀਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਨਲਾਇਕੀ  ਖਿਲਾਫ ਇਹ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਹੈ।  ਇਸ ਮੌਕੇ ਅਾਂਗਣਵਾਡ਼ੀ ਦੇ ਵੱਖ-ਵੱਖ ਆਗੂਆਂ ਨੇ  ਕਿਹਾ ਕਿ ਪੰਜਾਬ ਨੂੰ ਨਸ਼ਿਆਂ ਨੇ ਪੂਰੀ ਤਰ੍ਹਾਂ ਨਾਲ ਖਾ ਲਿਆ ਹੈ।  ਹਰ ਘਰ ਵਿਚ ਨਸ਼ਿਆਂ ਨੇ ਜਾਲ ਵਿਛਾਇਆ ਹੋਇਆ ਹੈ, ਜੇਕਰ ਸਰਕਾਰਾਂ ਨੇ ਆਪਣੀ ਜ਼ਿੰਮੇਵਾਰੀ ਨਾ ਸਮਝੀ ਤਾਂ  ਹਰ ਦਿਨ ਸਾਨੂੰ ਨੌਜਵਾਨਾਂ ਦੀਆਂ ਲਾਸ਼ਾਂ ਦੇਖਣ ਨੂੰ ਮਿਲਣਗੀਅਾਂ। 
ਇਸ ਮੌਕੇ ਬਲਾਕ ਪ੍ਰਧਾਨ ਗੁਰਦੀਪ ਕੌਰ , ਮਧੂ ਮੀਤ ਕੌਰ, ਬਲਵਿੰਦਰ ਕੌਰ, ਸੁਖਬੀਰ ਕੌਰ, ਸੁਰਿੰਦਰ ਕੌਰ, ਰੀਟਾ, ਸੁਰਿੰਦਰ ਕੌਰ, ਸੁਖਬੀਰ ਗੁਰਾਇਆ, ਰਜਿੰਦਰ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ ਆਦਿ ਅਾਂਗਣਵਾਡ਼ੀ ਵਰਕਰ ਹਾਜ਼ਰ ਸਨ। 

ਮੁੱਖ ਮੰਤਰੀ ਨੂੰ ਬਦਾਮਾਂ ਦੇ ਨਾਲ ਭੇਜਿਆ ਯਾਦ ਪੱਤਰ

 ਗੁਰਦਾਸਪੁਰ, (ਹਰਮਨਪ੍ਰੀਤ, ਦੀਪਕ, ਵਿਨੋਦ)-ਅੱਜ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ (ਸੀਟੂ) ਦੀਆਂ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਸਰਕਾਰ ਨੂੰ ਯਾਦ ਪੱਤਰ ਅਤੇ ਬਦਾਮ ਭੇਜ ਕੇ ਚਿਤਾਵਨੀ ਦਿੱਤੀ  ਕਿ ਜੇਕਰ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੁਡ਼ ਸਡ਼ਕਾਂ ’ਤੇ ਉਤਰ ਕੇ ਤਿੱਖਾ ਸੰਘਰਸ਼ ਸ਼ੁਰੂ ਕਰ ਦੇਣਗੀਆਂ। ਇਸ ਤਹਿਤ ਅੱਜ ਸਾਰੇ ਬਲਾਕਾਂ ਵਿਚ ਵੱਖ-ਵੱਖ ਬਲਾਕ ਪ੍ਰਧਾਨਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਗਏ ਮੰਗ ਪੱਤਰਾਂ ਤਹਿਤ ਦੋਰਾਂਗਲਾ ਅਤੇ ਗੁਰਦਾਸਪੁਰ ਬਲਾਕ ਦੀਆਂ ਅਹੁਦੇਦਾਰਾਂ ਨੇ ਸੁਖਬੀਰ ਕੌਰ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਭੇਜਿਆ। ਇਸ ਦੌਰਾਨ ਸੁਖਬੀਰ ਕੌਰ ਨੇ ਕਿਹਾ ਕਿ ਹੁਣ ਤੱਕ ਵੱਖ-ਵੱਖ ਮੰਤਰੀਆਂ ਅਤੇ ਵਿਧਾਇਕਾਂ ਨਾਲ ਉਨ੍ਹਾਂ ਦੀ ਯੂਨੀਅਨ ਦੀ ਕਈ ਵਾਰ ਗੱਲਬਾਤ ਹੋ ਚੁੱਕੀ ਹੈ। ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂ ਵੱਲੋਂ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਲੰਮੀ ਜਦੋ-ਜਹਿਦ ਦੇ ਬਾਅਦ ਮੁੱਖ ਮੰਤਰੀ ਨੇ ਉਨ੍ਹਾਂ ਨੂੰ 17 ਜੁਲਾਈ ਨੂੰ ਮੀਟਿੰਗ ਦਾ ਸਮਾਂ ਦਿੱਤਾ ਹੈ ਅਤੇ ਅੱਜ ਪੰਜਾਬ ਭਰ ਅੰਦਰ ਯੂਨੀਅਨ ਨੇ ਮੁੱਖ ਮੰਤਰੀ ਨੂੰ ਯਾਦ ਪੱਤਰ ਤੇ ਬਦਾਮ ਭੇਜ ਕੇ ਯਾਦ ਕਰਵਾਇਆ ਕਿ ਆਂਗਣਵਾਡ਼ੀ ਵਰਕਰਾਂ ਦੇ ਮਸਲਿਆਂ ਨੂੰ ਭੁੱਲ ਨਾ ਜਾਣ। ਇਸ ਮੌਕੇ ਸੁਦੇਸ਼ ਕੁਮਾਰੀ ਗਾਹਲਡ਼ੀ, ਅਮਨਦੀਪ ਕੌਰ, ਗੀਤਾ ਮਹਾਜਨ, ਮਨਜੀਤ ਕੌਰ, ਰਜਵੰਤ ਕੌਰ, ਮਨਜੀਤ ਕੌਰ ਉੱਚਾ ਧਕਾਲਾ ਆਦਿ ਹਾਜ਼ਰ ਸਨ।

‘ਨਸ਼ਾ ਸਮੱਗਲਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ’  

 ਪਠਾਨਕੋਟ/ਭੋਆ, (ਸ਼ਾਰਦਾ, ਅਰੁਣ)-ਭੋਆ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਬਲਾਕ ਨਰੋਟ ਜੈਮਲ ਸਿੰਘ ਤੋਂ ਆਲ ਪੰਜਾਬ ਆਂਗਣਵਾਡ਼ੀ ਮੁਲਾਜ਼ਮ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸੁਮਨ ਲਤਾ ਦੀ ਅਗਵਾਈ ਹੇਠ ਸੂਬੇ ਵਿਚ ਵਿਕ ਰਹੇ ਨਸ਼ਿਅਾਂ ਅਤੇ ਨਸ਼ਾ ਸਮੱਗਲਰਾਂ  ਖਿਲਾਫ਼ ਨਾਅਰੇਬਾਜ਼ੀ ਕਰਦਿਅਾਂ ਰੋਸ ਪ੍ਰਦਰਸ਼ਨ ਕੀਤਾ। 
ਪ੍ਰਦਰਸ਼ਨਕਾਰੀਆਂ ਵਿਚ ਆਂਗਣਵਾਡ਼ੀ ਵਰਕਰ ਨਰੇਸ਼ ਕੁਮਾਰੀ, ਰਾਮ ਪਿਆਰੀ, ਸੁਦੇਸ਼ ਕੁਮਾਰੀ, ਸਾਵੰਤ ਕੌਰ, ਆਸ਼ਾ ਰਾਣੀ ਤੇ ਯਸ਼ਲੋਕ ਕੁਮਾਰੀ ਨੇ ਰੋਸ ਪ੍ਰਗਟ ਕਰਦਿਅਾਂ ਕਿਹਾ ਕਿ  ਸੂਬੇ ਵਿਚ ਨੌਜਵਾਨ ਪੀਡ਼੍ਹੀ ਨਸ਼ਿਅਾਂ ਦੀ ਦਲਦਲ ਵਿਚ ਪੂਰੀ ਤਰ੍ਹਾਂ ਫਸ  ਚੁੱਕੀ ਹੈ, ਜਿਸ ਕਰ ਕੇ ਕਈ ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ। ਕਈ ਭੈਣਾਂ ਦੇ ਭਰਾ ਉਨ੍ਹਾਂ ਤੋਂ ਵਿਛਡ਼ ਚੁੱਕੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਠਾਨਕੋਟ  ਨੀਲਿਮਾ ਨੂੰ ਮੁੱਖ ਮੰਤਰੀ ਦੇ ਨਾਂ ਮੰਗ-ਪੱਤਰ ਸੌਂਪਦੇ ਹੋਏ ਕਿਹਾ ਕਿ  ਨੌਜਵਾਨ ਵਰਗ ਨੂੰ ਨਸ਼ਿਅਾਂ ਤੋਂ ਬਚਾਉਣ ਲਈ ਨਸ਼ਾ ਸਮੱਗਲਰਾਂ  ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।  


 

 


Related News