ਨਵਜੋਤ ਸਿੱਧੂ ਅੱਗੇ ਝੁਕੀ ਚੰਨੀ ਸਰਕਾਰ, ਏ. ਜੀ. ਦਾ ਅਸਤੀਫ਼ਾ ਮਨਜ਼ੂਰ

Tuesday, Nov 09, 2021 - 07:06 PM (IST)

ਨਵਜੋਤ ਸਿੱਧੂ ਅੱਗੇ ਝੁਕੀ ਚੰਨੀ ਸਰਕਾਰ, ਏ. ਜੀ. ਦਾ ਅਸਤੀਫ਼ਾ ਮਨਜ਼ੂਰ

ਚੰਡੀਗੜ੍ਹ : ਚਰਨਜੀਤ ਚੰਨੀ ਸਰਕਾਰ ਨੇ ਆਖਿਰਕਾਰ ਨਵਜੋਤ ਸਿੱਧੂ ਦੀ ਮੰਗ ਨੂੰ ਪ੍ਰਵਾਨ ਕਰਦਿਆਂ ਪੰਜਾਬ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਏ. ਜੀ. ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਕੱਲ੍ਹ ਤੱਕ ਨਵੇਂ ਏ. ਜੀ. ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਡੀ. ਜੀ. ਪੀ ਦੀ ਨਿਯੁਕਤੀ ’ਤੇ ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਦੇ ਚੋਣ ਲਈ ਸਰਕਾਰ ਵਲੋਂ ਪੈਨਲ ਭੇਜਿਆ ਜਾਵੇਗਾ। ਇਸੇ ਦੇ ਆਧਾਰ ’ਤੇ ਡੀ. ਜੀ. ਪੀ. ਦੀ ਚੋਣ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਸਿੱਧੂ ਪਹਿਲੇ ਦਿਨ ਤੋਂ ਏ. ਜੀ. ਦੀ ਨਿਯਕੁਤੀ ਦੇ ਖ਼ਿਲਾਫ਼ ਸਨ, ਸਿੱਧੂ ਨੇ ਇਹ ਵੀ ਆਖਿਆ ਸੀ ਕਿ ਭਾਵੇਂ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਸ ਦਿਨ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 36000 ਮੁਲਾਜ਼ਮ ਪੱਕੇ ਕਰਨ ਦਾ ਐਲਾਨ

ਏ. ਜੀ. ’ਤੇ ਸਿੱਧੂ ਨੇ ਲਗਾਏ ਸਨ ਦੋਸ਼
ਬੀਤੇ ਦਿਨੀਂ ਸਿੱਧੂ ਨੇ ਏ. ਜੀ. ਨੂੰ ਦਿਓਲ ਨੂੰ ਸਵਾਲ ਪੁੱਛਿਆ ਸੀ ਕਿ ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਿਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ।’ਸਿੱਧੂ ਨੇ ਅੱਗੇ ਕਿਹਾ ਕਿ ‘ਮਿਸਟਰ ਏ. ਜੀ. ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ, ਮੁਲਜ਼ਮਾਂ ਲਈ ਹਾਈਕੋਰਟ ਵਿਚ ਪੇਸ਼ ਹੋਏ ਅਤੇ ਸਾਡੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ।’

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਕੈਪਟਨ ਅਮਰਿੰਦਰ ਸਿੰਘ ’ਤੇ ਹਮਲਾ, ਟਵੀਟ ਕਰਕੇ ਆਖੀ ਵੱਡੀ ਗੱਲ

ਕੀ ਕਿਹਾ ਸੀ ਏ. ਜੀ. ਨੇ
ਪੰਜਾਬ ਦੇ ਏ. ਜੀ. (ਐਡਵੋਕੇਟ ਜਨਰਲ) ਅਮਰਪ੍ਰੀਤ ਸਿੰਘ ਦਿਓਲ ਨੇ ਨਵਜੋਤ ਸਿੱਧੂ ’ਤੇ ਪਹਿਲਾ ਵੱਡਾ ਹਮਲਾ ਬੋਲਦਿਆਂ ਆਖਿਆ ਸੀ ਕਿ ਨਵਜੋਤ ਸਿੰਘ ਸਿੱਧੂ ਆਪਣੇ ਸਿਆਸੀ ਫਾਇਦੇ ਲਈ ਗ਼ਲਤ ਜਾਣਕਾਰੀ ਫੈਲਾਅ ਰਹੇ ਹਨ। ਦਿਓਲ ਨੇ ਆਖਿਆ ਸੀ ਕਿ ਸਰਕਾਰ ਅਤੇ ਮੇਰੇ ਦਰਮਿਆਨ ਕੀਤੇ ਜਾਣ ਵਾਲੇ ਕੰਮਾਂ ਵਿਚ ਨਵਜੋਤ ਸਿੱਧੂ ਰੋੜਾ ਬਣ ਰਹੇ ਹਨ। ਨਵਜੋਤ ਸਿੱਧੂ ਵਲੋਂ ਲਗਾਏ ਜਾ ਰਹੇ ਦੋਸ਼ਾਂ ਤੋਂ ਬਾਅਦ ਏ. ਜੀ. ਏ. ਪੀ. ਐੱਸ. ਦਿਓਲ ਦਾ ਇਹ ਪਹਿਲਾ ਅਤੇ ਵੱਡਾ ਬਿਆਨ ਸੀ। ਦਰਅਸਲ ਜਦੋਂ ਤੋਂ ਏ. ਪੀ.ਐੱਸ. ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਸੇ ਦਿਨ ਤੋਂ ਸਿੱਧੂ ਖੁੱਲ੍ਹ ਕੇ ਉੁਨ੍ਹਾਂ ਦਾ ਵਿਰੋਧ ਕਰਦੇ ਰਹੇ ਹਨ। ਸਿੱਧੂ ਦਾ ਕਹਿਣਾ ਹੈ ਦਿਓਲ ਉਹੀ ਵਕੀਲ ਹਨ, ਜਿਨ੍ਹਾਂ ਨੇ ਸੁਮੇਧ ਸਿੰਘ ਸੈਣੀ ਨੂੰ ਬੇਲ ਦਿਵਾਈ ਸੀ। ਫਿਰ ਦਿਓਲ ਨੂੰ ਏ. ਜੀ. ਦੇ ਅਹੁਦੇ ’ਤੇ ਤਾਇਨਾਤ ਕਿਵੇਂ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ’ਚ 19 ਸਾਲਾ ਮੁਟਿਆਰ ਦੀ ਮੌਤ, ਕੁੱਝ ਦਿਨ ਬਾਅਦ ਜਾਣਾ ਸੀ ਕੈਨੇਡਾ

ਇਹ ਹੈ ਪੂਰਾ ਮਾਮਲਾ
ਦੱਸਣਯੋਗ ਹੈ ਕਿ ਚਰਨਜੀਤ ਚੰਨੀ ਦੀ ਸਰਕਾਰ ਦੇ ਵਿਸਤਾਰ ਤੋਂ ਬਾਅਦ ਪਿਛਲੇ ਮਹੀਨੇ ਏ. ਪੀ. ਐੱਸ. ਦਿਓਲ ਨੂੰ ਏ. ਜੀ ਲਗਾਇਆ ਗਿਆ ਸੀ। ਇਸ ਮਗਰੋਂ ਹੀ ਵਿਵਾਦ ਖੜ੍ਹਾ ਹੋ ਗਿਆ। ਨਵਜੋਤ ਸਿੱਧੂ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ, ਜਦੋਂ ਉਨ੍ਹਾਂ ਦੀ ਨਹੀਂ ਸੁਣੀ ਗਈ ਤਾਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਇਸ ਦੌਰਾਨ ਸਿੱਧੂ ਨੇ ਦਿਓਲ ’ਤੇ ਹਮਲੇ ਲਗਾਤਾਰ ਜਾਰੀ ਰੱਖੇ। ਜਿਸ ਤੋਂ ਏ. ਪੀ. ਐੱਸ. ਦਿਓਲ ਵਲੋਂ ਏ. ਜੀ. ਦੇ ਅਹੁਦੇ ਤੋਂ ਅਸਤੀਫਾ ਦੇਣ ਦੀਆਂ ਖ਼ਬਰਾਂ ਸਾਹਮਣੇ ਆਈਆਂ, ਜਿਨ੍ਹਾਂ ਨੂੰ ਸਰਕਾਰ ਵਲੋਂ ਬਾਅਦ ਵਿਚ ਨਾਕਾਰ ਦਿੱਤਾ ਗਿਆ। ਬੀਤੇ ਦਿਨੀਂ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਦੇ ਹੋਏ ਸਿੱਧੂ ਨੇ ਪੰਜਾਬ ਪੁਲਸ ਪ੍ਰਮੁੱਖ ਅਤੇ ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਵੀ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਇਸ ਮੌਕੇ ਸਿੱਧੂ ਨੇ ਇਹ ਤੱਕ ਆਖ ਦਿੱਤਾ ਕਿ ਉਨ੍ਹਾਂ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਪਸ ਲੈ ਲਿਆ ਹੈ ਪਰ ਉਹ ਕਾਰਜਭਾਰ ਉਦੋਂ ਹੀ ਸੰਭਾਲਣਗੇ ਜਦੋਂ ਏ. ਜੀ. ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਸਭ ਤੋਂ ਵੱਡਾ ਸਵਾਲ ਹੈ ਕਿ ਸੁਰੱਖਿਆ ਕਵਚ ਦੇਣ ਵਾਲੇ ਫੈਸਲਾ ਕਿਵੇਂ ਕਰਨਗੇ। ਪਹਿਲਾਂ ਕਿਹਾ ਜਾਂਦਾ ਹੈ ਕਿ ਡੀ. ਜੀ. ਪੀ. ਅਤੇ ਐਡਵੋਕੇਟ ਜਨਰਲ ਬਾਦਲ ਲਗਾਉਂਦੇ ਹਨ। ਹੁਣ ਕੌਣ ਲਗਾ ਰਿਹਾ ਹੈ ? ਇਨ੍ਹਾਂ ਫੈਂਸਲਿਆਂ ਨੇ 3 ਕਰੋੜ ਪੰਜਾਬੀਆਂ ਦੇ ਵਿਸ਼ਵਾਸ ਨੂੰ ਠੇਸ ਪਹੁੰਚਾਈ ਹੈ। ਸਿੱਧੂ ਨੇ ਕਿਹਾ ਕਿ ਜਦੋਂ ਇਕ ਮੁੱਖ ਮੰਤਰੀ ਉਤਰਿਆ ਤਾਂ ਦੂਜਾ ਬਣਿਆ ਪਰ 5 ਸੂਤਰੀ ਏਜੰਡੇ ਵਿਚ ਬੇਅਦਬੀ ਅਤੇ ਨਸ਼ਾ ਵਰਗੇ ਦੋ ਮੁੱਦੇ ਅਹਿਮ ਮੁੱਦੇ ਕਾਇਮ ਹਨ। ਹੁਣ ਤਾਂ ਪਹਿਲਾਂ ਵਾਲਾ ਮੁੱਖ ਮੰਤਰੀ ਵੀ ਨਹੀਂ ਹੈ ਤਾਂ ਹੁਣ ਕੌਣ ਰੋਕ ਰਿਹਾ ਹੈ। ਹੁਣ ਤਾਂ 50 ਦਿਨ ਵੀ ਹੋ ਗਏ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੇ ਮੁੜ ਆਪਣੀ ਹੀ ਸਰਕਾਰ ’ਤੇ ਚੁੱਕੇ ਸਵਾਲ, ਕਿਹਾ ਬੇਅਦਬੀ ਮਾਮਲੇ ’ਤੇ ਡੰਗ ਟਪਾਇਆ ਜਾ ਰਿਹੈ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News