ਮਹੰਤ ਹੁਕਮ ਦਾਸ ਦੇ ਅਕਾਲ ਚਲਾਣੇ ਤੋਂ ਬਾਅਦ ਦੂਸਰੀ ਧਿਰ ਨੇ ਜਤਾਈ ਮਹੰਤੀ ਲਈ ਦਾਅਵੇਦਾਰੀ

05/28/2020 6:14:24 PM

ਤਪਾ ਮੰਡੀ(ਸ਼ਾਮ,ਗਰਗ) - ਸਥਾਨਕ ਸ਼ਹਿਰ ਦੇ ਡੇਰਾ ਬਾਬਾ ਜੰਗੀਰ ਦਾਸ ਦੇ ਮੁੱਖ ਸੇਵਾਦਾਰ ਹੁਕਮ ਦਾਸ ਬਬਲੀ ਮਹੰਤ ਦੀ ਬੀਤੇ ਦਿਨੀਂ ਮੌਤ ਹੋ ਜਾਣ ਤੋਂ ਬਾਅਦ ਡੇਰੇ ਦੇ ਮੁੱਖ ਸੇਵਾਦਾਰ ਦੀ ਰਸਮ ਪਗੜੀ ਨੂੰ ਲੈ ਕੇ ਵਿਵਾਦ ਭਖਦਾ ਦਿਖਾਈ ਦੇ ਰਿਹਾ ਹੈ। ਮ੍ਰਿਤਕ ਮਹੰਤ ਹੁਕਮ ਦਾਸ ਦੀ ਵਿਰੋਧੀ ਧਿਰ ਮੰਨੇ ਜਾਣ ਵਾਲੀ ਧਿਰ ਦੇ ਮਹੰਤ ਰਘੁਵੀਰ ਦਾਸ,ਮਹੰਤ ਬੁੱਕਣ ਦਾਸ,ਮਹੰਤ ਰੇਸਮ ਦਾਸ ਵੱਲੋਂ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਮਹੰਤ ਜੰਗੀਰ ਦਾਸ ਦੇ ਅਕਾਲ ਚਲਾਣੇ ਤੋਂ ਬਾਅਦ ਉਕਤ ਮਹੰਤ ਵੱਲੋਂ ਅੱਜ ਤੱਕ ਡੇਰੇ ਦੀ ਆਮਦਨ ਨੂੰ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਰਿਹਾ ਹੈ। ਡੇਰੇ ਦਾ ਆਰਥਿਕ ਅਤੇ ਸਮਾਜਿਕ ਪੱਖ ਤੋਂ ਵੀ ਕਾਫੀ ਜ਼ਿਆਦਾ ਨੁਕਸਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮਹੰਤ ਜੰਗੀਰ ਦਾਸ ਦੇ ਸਵਰਗ ਸੁਧਾਰਨ ਤੋਂ ਬਾਅਦ ਸਮੁੱਚੇ ਭੇਖ ਵੱਲੋਂ ਸਾਨੂੰ ਤਿੰਨਾਂ ਬੰਦਿਆਂ ਨੂੰ ਡੇਰੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸੌਂਪ ਕੇ ਮਹੰਤੀ ਦੀ ਪੱਗ ਦਿੱਤੀ ਗਈ ਸੀ। ਪਰ ਇਸ ਹੁਕਮ ਦਾਸ ਬਬਲੀ ਵੱਲੋਂ ਆਪਣੀ ਰਾਜਸੀ ਅਤੇ ਪੈਸੇ ਦੀ ਪਹੁੰਚ ਨੂੰ ਵਰਤੋਂ ਵਿਚ ਲਿਆਉਂਦਿਆਂ ਹੋਇਆਂ ਉਨ੍ਹਾਂ ਨੂੰ ਡੇਰੇ ਤੋਂ ਲਾਂਭੇ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2009 ਦੌਰਾਨ ਉਕਤ ਮਹਾਂ ਦੱਬੀਆਂ ਗਲਤ ਕਾਰਵਾਈਆਂ ਨੂੰ ਲੈ ਕੇ ਅਸੀਂ ਕੋਰਟ ਵਿਚ ਗਏ ਸੀ ਜਿਸ ਤੋਂ ਬਾਅਦ ਉਸ ਨੂੰ ਮਹੰਤੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਹੁਣ ਭੇਖ ਵੱਲੋਂ ਸਾਨੂੰ ਪਗੜੀ ਦੀ ਰਸਮ ਅਦਾ ਕੀਤੀ ਜਾਵੇਗੀ ਅਤੇ ਡੇਰੇ ਦੀ ਸਾਂਭ ਸੰਭਾਲ ਸਾਨੂੰ ਦਿੱਤੀ ਜਾਵੇਗੀ।

ਉਨ੍ਹਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਂਦਿਆਂ ਕਿਹਾ ਕਿ ਉਕਤ ਮਹੰਤ ਦੇ ਪੁੱਤਰ ਵੱਲੋਂ ਡੇਰੇ ਦੀ ਮਹੰਤੀ ਨੂੰ ਲੈ ਕੇ ਦਾਅਵੇਦਾਰੀ ਜਤਾਈ ਜਾ ਰਹੀ ਹੈ। ਪਰ ਜਿਸ ਦਾ ਬਾਪ ਹੀ ਡੇਰੇ ਦੀ ਮਹੰਤੀ ਤੋਂ ਬਰਖ਼ਾਸਤ ਕੀਤਾ ਹੋਵੇ ਉਹ ਭਲਾ ਕਿਸ ਤਰ੍ਹਾਂ ਡੇਰੇ ਦਾ ਮਹੰਤ ਬਣ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਂਦਿਆਂ ਕਿਹਾ ਕਿ ਇਸ ਮਾਮਲੇ ਨੂੰ ਪੂਰੀ ਸੰਜੀਦਗੀ ਨਾਲ ਹੱਲ ਕਰਵਾਇਆ ਜਾਵੇ ਕਿਉਂਕਿ ਪਹਿਲਾਂ ਵੀ ਸਥਾਨਕ ਸ਼ਹਿਰ ਵਿਖੇ ਬਣੇ ਇਕ ਡੇਰੇ ਅੰਦਰ ਕਤਲ ਹੋ ਚੁੱਕੇ ਹਨ। ਇਸ ਮੌਕੇ ਮਾਸਟਰ ਮਧੂ ਸੁਦਨ ਦਾਸ, ਕ੍ਰਿਸਨ ਦਾਸ, ਬੀਰਬਲ ਦਾਸ, ਰਾਮ ਸਰੂਪ ਦਾਸ, ਕੁਲਵੰਤ ਦਾਸ, ਬੂਟੀ ਦਾਸ, ਕਿਸੋਰ ਦਾਸ,ਬਲਵਿੰਦਰ ਦਾਸ,ਹਰਪਾਲ ਦਾਸ,ਐਡਵੋਕੋਟ ਜਿੰਦਰ ਪਾਲ ਦਾਸ ਆਦਿ ਹਾਜ਼ਰ ਸਨ।

ਜਦੋਂ ਮ੍ਰਿਤਕ ਮਹੰਤ ਹੁਕਮ ਦਾਸ ਬਬਲੀ ਦੇ ਪੁੱਤਰ ਸੋਮ ਦਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜਿਹੜਾ ਵਿਅਕਤੀ ਡੇਰੇ ਦੀ ਮਰਿਯਾਦਾ ਨੂੰ ਕਾਇਮ ਰੱਖੇਗਾ ਅਤੇ ਜਿਸ ਤੋਂ ਸ਼ਹਿਰ ਅਤੇ ਪਿੰਡ ਦੇ ਨਿਵਾਸੀ ਸਹਿਮਤ ਹੋਣ ਤਾਂ ਉਸ ਨੂੰ ਹੀ ਡੇਰੇ ਦੀ ਪੱਗ ਦਿੱਤੀ ਜਾਵੇ। ਜਦੋਂ ਸਾਧੂ ਸਮਾਜ ਮਹਾਂਮੰਡਲ ਦੇ ਮੁੱਖੀ ਮਹੰਤ ਕਾਹਨ ਦਾਸ ਸੁਨਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪਸਟ ਕੀਤਾ ਕਿ ਸਾਧੂ ਸਮਾਜ ਵੱਲੋਂ ਮਹੰਤ ਰਘੁਵੀਰ ਦਾਸ,ਮਹੰਤ ਬੁੱਕਣ ਦਾਸ ਅਤੇ ਮਹੰਤ ਰੇਸ਼ਮ ਦਾਸ ਨੂੰ ਪਹਿਲਾਂ ਹੀ ਮਾਨਤਾ ਦਿੱਤੀ ਹੋਈ ਹੈ,ਪੱਗ ਦੇਣ ਦੀ ਕੋਈ ਗੱਲ ਨਹੀਂ ਹੈ।  ਇਸ ਸੰਬੰਧੀ ਥਾਣਾ ਮੁੱਖੀ ਨਰਾਇਣ ਸਿੰਘ ਵਿਰਕ ਦਾ ਕਹਿਣਾ ਹੈ ਜਿਹੜਾ ਵੀ ਵਿਅਕਤੀ ਅਮਨ ਕਾਨੂੰਨ ਸਥਿਤੀ ਨੂੰ ਖਰਾਬ ਕਰਨ ਦੀ ਕੋਸ਼ਿਸ ਕਰੇਗਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

 

 


Harinder Kaur

Content Editor

Related News