ਆਖਿਰ ਕਿਉਂ ਜਲੰਧਰ ਭਾਜਪਾ ’ਚ ਉੱਠ ਰਹੀਆਂ ਨੇ ਬਾਗੀ ਸੁਰਾਂ?

Sunday, Sep 11, 2022 - 05:26 PM (IST)

ਜਲੰਧਰ (ਅਨਿਲ ਪਾਹਵਾ)- ਕਿੱਥੇ ਭਾਜਪਾ ਦੇ ਆਗੂ ਪੰਜਾਬ ’ਚ ਸਰਕਾਰ ਬਣਾਉਣ ਦਾ ਦਾਅਵਾ ਕਰ ਰਹੇ ਸਨ ਪਰ ਸ਼ਨੀਵਾਰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਜਪਾ ਆਗੂਆਂ ਨੇ ਪਾਰਟੀ ਵੱਲੋਂ ਹੀ ਨਿਯੁਕਤ ਕੀਤੇ ਪ੍ਰਧਾਨਾਂ ਵਿਰੁੱਧ ਮੋਰਚਾ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ 4 ਕੌਂਸਲਰਾਂ, 2 ਮੀਤ ਪ੍ਰਧਾਨਾਂ ਤੇ 2 ਮੰਡਲ ਪ੍ਰਧਾਨਾਂ ਨੇ ਪਾਰਟੀ ਪ੍ਰਧਾਨ ਸੁਸ਼ੀਲ ਸ਼ਰਮਾ ’ਤੇ ਗੰਭੀਰ ਦੋਸ਼ ਲਾਉਂਦਿਆਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਭਾਵੇਂ ਭਾਜਪਾ ’ਚ ਅਕਸਰ ਪਾਰਟੀ ਵੱਲੋਂ ਤਾਇਨਾਤ ਕੀਤੇ ਗਏ ਪ੍ਰਧਾਨ ਖ਼ਿਲਾਫ਼ ਘੱਟ ਹੀ ਖੁੱਲ੍ਹ ਕੇ ਵਿਰੋਧ ਹੁੰਦਾ ਹੈ ਪਰ ਜਲੰਧਰ ’ਚ ਜੋ ਕੁਝ ਵਾਪਰਿਆ, ਉਸ ਨੇ ਭਾਜਪਾ ’ਚ ਹੜਕੰਪ ਮਚਾ ਦਿੱਤਾ ਹੈ। ਵੱਡਾ ਸਵਾਲ ਜੋ ਹਰ ਵਰਕਰ ਦੇ ਮਨ ’ਚ ਹੈ ਕੀ? ਆਖਰ ਇਨ੍ਹਾਂ ਅਹਿਮ ਅਹੁਦਿਆਂ ’ਤੇ ਬੈਠੇ ਲੋਕਾਂ ਨੇ ਅਚਾਨਕ ਪਾਰਟੀ ਕਿਉਂ ਛੱਡ ਦਿੱਤੀ? ਕਦੇ ਰੈਲੀਆਂ ਕਰਨ ਲਈ ਬੱਸਾਂ ਲੈ ਕੇ ਜਾਣ ਵਾਲੇ, ਕਦੇ ਵੱਡੇ ਲੀਡਰਾਂ ਨੂੰ ਖੁਦ ਚਾਹ-ਪਾਣੀ ਪਿਲਾਉਣ ਵਾਲੇ ਤੇ ਮੀਟਿੰਗਾਂ ’ਚ ਦਰੀਆਂ ਤੱਕ ਵਿਛਾਉਣ ਲੋਕ ਪਾਰਟੀ ਤੋਂ ਦੂਰ ਕਿਉਂ ਹੋ ਗਏ, ਇਹ ਇੱਕ ਵੱਡਾ ਸਵਾਲ ਹੈ, ਜੋ ਸਾਹਮਣੇ ਆ ਗਿਆ ਹੈ, ਜਿਸ ਲਈ ਪਾਰਟੀ ਦਾ ਪ੍ਰਧਾਨ ਹੀ ਨਹੀਂ ਸਗੋਂ ਸੂਬੇ ਦੀ ਸਮੁੱਚੀ ਟੀਮ ਜ਼ਿੰਮੇਵਾਰ ਹੈ।

ਇਹ ਵੀ ਪੜ੍ਹੋ: LPU 'ਚ ਪੜ੍ਹਦੀ ਵਿਦਿਆਰਥਣ ਨੇ ਟਰੇਨ ਹੇਠਾਂ ਆ ਕੇ ਕੀਤੀ ਖ਼ੁਦਕੁਸ਼ੀ, ਦੋ ਹਿੱਸਿਆਂ 'ਚ ਵੰਡਿਆ ਗਿਆ ਸਰੀਰ

ਨਾਰਾਜ਼ ਕਿਉਂ ਹਨ ਨੇਤਾ?
ਜਲੰਧਰ ਭਾਜਪਾ ’ਚ ਜਿਨ੍ਹਾਂ ਉਕਤ ਆਗੂਆਂ ਨੇ ਅਸਤੀਫ਼ੇ ਦਿੱਤੇ ਹਨ, ਉਨ੍ਹਾਂ ’ਚ ਜ਼ਿਆਦਾਤਰ ਪਾਰਟੀ ਵੱਲੋਂ ਉਨ੍ਹਾਂ ਨਾਲ ਸਟੈਂਡ ਨਾ ਲੈਣ ਤੋਂ ਦੁਖੀ ਹਨ। ਕੌਂਸਲਰ ਸ਼ਵੇਤਾ ਧੀਰ ਤੋਂ ਲੈ ਕੇ ਵਿਨੀਤ ਧੀਰ, ਸੌਰਭ ਸੇਠ ਵਰਗੇ ਆਗੂ ਭਾਜਪਾ ’ਚ ਹੋਣ ਕਾਰਨ ਪੁਲਸ ਕੋਲ ਦਰਜ ਕੇਸਾਂ ਦੀਆਂ ਤਰੀਕਾਂ ਭੁਗਤ ਰਹੇ ਹਨ। ਜਦਕਿ ਪਾਰਟੀ ਨੇ ਉਨ੍ਹਾਂ ਲਈ ਕਦੇ ਸਟੈਂਡ ਨਹੀਂ ਲਿਆ ਅਤੇ ਨਾ ਹੀ ਕੋਈ ਵਿਰੋਧ ਕੀਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੌਂਸਲਰ ਵੀਰੇਸ਼ ਮਿੰਟੂ ਨੂੰ ਅਧਰੰਗ ਦਾ ਏਟੈਕ ਆਇਆ ਸੀ, ਜਿਸ ਕਾਰਨ ਉਹ ਠੀਕ ਤਰ੍ਹਾਂ ਨਾਲ ਚੱਲਣ-ਫਿਰਨ ਅਤੇ ਬੋਲਣ ਤੋਂ ਵੀ ਅਸਮਰੱਥ ਸਨ। ਉਨ੍ਹਾਂ ’ਤੇ ਵੈਸਟ ਦੀ ਸੀਟ ਹਾਰਨ ਦਾ ਵੀ ਠੀਕਰਾ ਭੰਨ੍ਹਿਆ ਗਿਆ। ਕੌਂਸਲਰ ਪਤੀ ਅਮਿਤ ਸੰਧਾ ਦੇ ਪਿਤਾ ਕਿਰਪਾਲ ਸਿੰਘ ਬੂਟੀ ਕਰੀਬ 2 ਸਾਲਾਂ ਤੋਂ ਬਿਮਾਰ ਹਨ ਪਰ ਪਾਰਟੀ ਦਾ ਕੋਈ ਆਗੂ ਉਨ੍ਹਾਂ ਦਾ ਹਾਲ ਜਾਣਨ ਨਹੀਂ ਗਿਆ। ਅਜਿਹੀ ਸਥਿਤੀ ’ਚ ਜਿਸ ਪਾਰਟੀ ਲਈ ਵਰਕਰ ਕੰਮ ਕਰ ਰਿਹਾ ਹੈ, ਉਸ ਪਾਰਟੀ ਨੇ ਸਟੈਂਡ ਹੀ ਨਹੀਂ ਲੈਣਾ। ਉਨ੍ਹਾਂ ਦੇ ਦੁੱਖ-ਸੁੱਖ ’ਚ ਸ਼ਰੀਕ ਨਾ ਹੋਣਾ ਤਾਂ ਸ਼ਾਇਦ ਉਪਰੋਕਤ ਆਗੂਆਂ ਨੂੰ ਉੱਥੇ ਰਹਿਣ ਦਾ ਕੋਈ ਲਾਭ ਨਹੀਂ ਮਿਲਿਆ ਤੇ ਉਹ ਬਾਹਰ ਆ ਗਏ।

ਕਿੱਥੇ ਗਲਤੀ ਹੋਈ ਪਾਰਟੀ ਤੋਂ
ਜਲੰਧਰ ਭਾਜਪਾ ’ਚ ਕਈ ਅਜਿਹੇ ਨੇਤਾ ਹਨ, ਜਿਨ੍ਹਾਂ ਦਾ ਪਾਰਟੀ ਪ੍ਰਤੀ ਦਹਾਕਿਆਂ ਦਾ ਸਮਰਪਣ ਹੈ। ਬੂਥ ਮੈਂਬਰ ਤੋਂ ਲੈ ਕੇ ਕਈ ਆਗੂ ਮੰਡਲ ਪੱਧਰ ਤੱਕ ਪਹੁੰਚੇ। ਅਜਿਹੇ ਕਿਸੇ ਵੀ ਜ਼ਮੀਨ ਤੋਂ ਉੱਠੇ ਨੇਤਾ ਨੂੰ ਪ੍ਰਧਾਨ ਨਾ ਬਣਾ ਕੇ ਏ. ਬੀ. ਵੀ. ਪੀ. ਤੋਂ ਆਏ ਸੁਸ਼ੀਲ ਸ਼ਰਮਾ ਨੂੰ ਪਾਰਟੀ ਦੀ ਕਮਾਨ ਸੌਂਪ ਦਿੱਤੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਪਾਰਟੀ ’ਚ ਜ਼ਮੀਨੀ ਪੱਧਰ 'ਤੇ ਕੰਮ ਕਰਨ ਦਾ ਬਹੁਤ ਘੱਟ ਤਜਰਬਾ ਸੀ। ਸੁਸ਼ੀਲ ਸ਼ਰਮਾ ਨੂੰ ਸੂਬੇ ਦੇ ਇਕ ਵੱਡੇ ਪਾਰਟੀ ਨੇਤਾ ਦੇ ਨੇੜੇ ਹੋਣ ਦਾ ਫਾਇਦਾ ਹੋਇਆ ਤੇ ਇੱਥੇ ਹੀ ਪਾਰਟੀ ਨੇ ਗਲਤੀ ਕੀਤੀ।

ਹੁਣ ਅੱਗੇ ਕੀ ਹੋਵੇਗਾ?
ਪੰਜਾਬ ਦੇ ਜਲੰਧਰ ’ਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਕੌਂਸਲਰਾਂ ਤੇ ਹੋਰ ਆਗੂਆਂ ਨੇ ਅਸਤੀਫ਼ੇ ਦਿੱਤੇ ਹਨ, ਉਸ ਤੋਂ ਸਾਫ਼ ਹੈ ਕਿ ਆਉਣ ਵਾਲਾ ਸਮਾਂ ਜਲੰਧਰ ਭਾਜਪਾ ਲਈ ਕੋਈ ਬਿਹਤਰ ਨਹੀਂ ਹੈ। ਅਜਿਹਾ ਨਹੀਂ ਕਿ ਇਨ੍ਹਾਂ ਆਗੂਆਂ ਦੇ ਅਸਤੀਫੇ ਤੋਂ ਬਾਅਦ ਸਭ ਕੁਝ ਸ਼ਾਂਤ ਹੋ ਗਿਆ। ਸਗੋਂ ਭਾਜਪਾ ’ਚ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ, ਜੋ ਕਿਸੇ ਵੇਲੇ ਵੀ ਵੱਡੇ ਝੱਖੜ ਦਾ ਕਾਰਨ ਬਣ ਸਕਦੀ ਹੈ। ਅਜੇ ਵੀ ਕਈ ਅਜਿਹੇ ਆਗੂ ਹਨ ਜੋ ਪਾਰਟੀ ਦੇ ਕਈ ਵੱਡੇ ਅਹੁਦੇਦਾਰਾਂ ਦੇ ਰਵੱਈਏ ਤੋਂ ਖੁਸ਼ ਨਹੀਂ ਹਨ।

ਇਹ ਵੀ ਪੜ੍ਹੋ: ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼

ਕਿਉਂ ਹੋਇਆ ਸੁਸ਼ੀਲ ਸ਼ਰਮਾ ਦਾ ਵਿਰੋਧ?
ਜਲੰਧਰ ’ਚ ਪ੍ਰਧਾਨ ਸੁਸ਼ੀਲ ਸ਼ਰਮਾ ਜੋ ਕਿ ਖ਼ੁਦ ਕੌਂਸਲਰ ਹਨ, ’ਤੇ ਸਮੇਂ-ਸਮੇਂ ’ਤੇ ਪਾਰਟੀ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੇ ਦੋਸ਼ ਦੱਬੀ ਜ਼ੁਬਾਨ ’ਚ ਲੱਗਦੇ ਰਹੇ ਹਨ। ਸ਼ੁੱਕਰਵਾਰ ਦੁਪਹਿਰ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਸੀ ਪਰ ਅਸਤੀਫ਼ਿਆਂ ਦੇ ਕਾਰਨ ਦੇ ਤੌਰ ’ਤੇ ਸੁਸ਼ੀਲ ਸ਼ਰਮਾ ਦਾ ਰਵੱਈਆ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।
ਕਿਹਾ ਜਾ ਰਿਹਾ ਹੈ ਕਿ ਸੁਸ਼ੀਲ ਸ਼ਰਮਾ ਨਾ ਤਾਂ ਆਗੂਆਂ ਨੂੰ ਮੀਟਿੰਗਾਂ ਦੀ ਜਾਣਕਾਰੀ ਦਿੰਦੇ ਸਨ ਅਤੇ ਨਾ ਹੀ ਮੀਟਿੰਗ ’ਚ ਆਉਂਦੇ ਕਈ ਆਗੂਆਂ ਨੂੰ ਮਾਣ-ਸਨਮਾਨ ਦਿੰਦੇ ਸਨ। ਇਥੋਂ ਤੱਕ ਕਿ ਕਈ ਵਰਕਰਾਂ ਤੇ ਆਗੂਆਂ ’ਤੇ ਚੋਣ ਹਾਰਨ ਦੇ ਦੋਸ਼ ਵੀ ਲਾਏ ਜਾ ਰਹੇ ਸਨ, ਜਿਸ ਕਾਰਨ ਪਾਰਟੀ ਅੰਦਰ ਘੁਟਣ ਵਧ ਗਈ ਸੀ ਅਤੇ ਅਸਤੀਫ਼ੇ ਦੇ ਕੇ ਉਕਤ ਆਗੂਆਂ ਨੇ ਸੁਸ਼ੀਲ ਸ਼ਰਮਾ ਦੇ ਰਵੱਈਏ ਤੋਂ ਖ਼ੁਦ ਨੂੰ ਆਜ਼ਾਦ ਕਰ ਲਿਆ।   

ਇਹ ਵੀ ਪੜ੍ਹੋ: ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News