ਆਖਿਰ ‘ਬਲਿਊ’ ਰੌਸ਼ਨੀ ਵਾਲੇ ਪੱਬ ’ਤੇ ਇੰਨੇ ਮਿਹਰਬਾਨ ਕਿਉਂ ਹਨ ਸਰਕਾਰੀ ਵਿਭਾਗ?
Wednesday, Jul 26, 2023 - 12:17 PM (IST)
ਜਲੰਧਰ (ਵਿਸ਼ੇਸ਼)–‘ਬਲਿਊ’ ਰੌਸ਼ਨੀ ਵਾਲੇ ਪੱਬ ਨੂੰ ਲੈ ਕੇ ਸ਼ਹਿਰ ਵਿਚ ਚਰਚਾਵਾਂ ਦਾ ਬਾਜ਼ਾਰ ਹੋਰ ਤੇਜ਼ ਹੁੰਦਾ ਜਾ ਰਿਹਾ ਹੈ। ਪੱਬ ਦੇ ਅੰਦਰ ਸਿਰਫ਼ ਆਬਕਾਰੀ ਨੀਤੀਆਂ ਦੀਆਂ ਹੀ ਧੱਜੀਆਂ ਨਹੀਂ ਉਡਾਈਆਂ ਜਾ ਰਹੀਆਂ, ਸਗੋਂ ਇਥੇ ਇਕ ਸਾਧਾਰਨ ਰੈਸਟੋਰੈਂਟ ਵਜੋਂ ਜ਼ਰੂਰੀ ਨਿਯਮਾਂ ਦੀ ਵੀ ਖ਼ੂਬ ਉਲੰਘਣਾ ਹੋ ਰਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਕੋਈ ਵੀ ਵਿਭਾਗ ਇਸ ‘ਬਲਿਊ’ ਰੌਸ਼ਨੀ ਵਾਲੇ ਕੰਪਲੈਕਸ ਵੱਲ ਅੱਖ ਚੁੱਕ ਕੇ ਵੀ ਨਹੀਂ ਵੇਖਦਾ। ਮਾਲਕਾਂ ਦੀ ਕਥਿਤ ਤੌਰ ’ਤੇ ਉੱਚੀ ਪਹੁੰਚ ਹੋਣ ਕਾਰਨ ਸ਼ਾਇਦ ਸਰਕਾਰੀ ਵਿਭਾਗ ਐਕਸ਼ਨ ਲੈਣ ਤੋਂ ਕਤਰਾਅ ਰਹੇ ਹਨ।
10-12 ਸਾਲਾਂ ਤੋਂ ਚੱਲ ਰਿਹੈ ਚੂਨਾ ਲਾਉਣ ਦਾ ਕੰਮ
‘ਬਲਿਊ’ ਰੌਸ਼ਨੀ ਵਾਲੇ ਇਸ ਪੱਬ ਨੂੰ ਲੈ ਕੇ ਹੁਣ ਇਕ ਨਵਾਂ ਖ਼ੁਲਾਸਾ ਹੋਇਆ ਹੈ, ਜਿਸ ਵਿਚ ਇਹ ਦੱਸਿਆ ਜਾ ਰਿਹਾ ਹੈ ਕਿ ਪੱਬ ਅੱਜ ਤਕ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾ ਚੁੱਕਾ ਹੈ। ਇਥੇ ਪੈੱਗ ਸਿਸਟਮ ਤਹਿਤ ਸ਼ਰਾਬ ਪਰੋਸਣ ਦੀ ਬਜਾਏ ਗਾਹਕਾਂ ਨੂੰ ਬੋਤਲ ਮੁਹੱਈਆ ਕਰਵਾਈ ਜਾ ਰਹੀ ਹੈ, ਜਿਸ ਕਾਰਨ ਸਰਕਾਰ ਨੂੰ ਮਿਲਣ ਵਾਲਾ ਮਾਲੀਆ ਨਹੀਂ ਮਿਲ ਪਾ ਰਿਹਾ। ਲਗਭਗ 10-12 ਸਾਲਾਂ ਤੋਂ ਇਹ ਪੱਬ ਇਸੇ ਤਰ੍ਹਾਂ ਚੱਲ ਰਿਹਾ ਹੈ। ਇਸੇ ਢੰਗ ਨਾਲ ਇਥੇ ਸ਼ਰਾਬ ਪਰੋਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਚੰਗੇ ਭਵਿੱਖ ਲਈ ਦੁਬਈ ਗਿਆ ਸੁਲਤਾਨਪੁਰ ਲੋਧੀ ਦਾ ਵਿਅਕਤੀ ਹੋਇਆ ਲਾਪਤਾ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
ਨਾ ਪਾਰਕਿੰਗ ਦਾ ਪ੍ਰਬੰਧ, ਨਾ ਕੋਈ ਸਕਿਓਰਿਟੀ ਗਾਰਡ
ਇਸ ਪੱਬ ਵਿਚ ਕੁਝ ਹੋਰ ਨਿਯਮਾਂ ਦੀ ਵੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਜਾ ਰਹੀ ਹੈ। ਪੱਬ ਮਾਲਕਾਂ ਨੇ ਨਾ ਤਾਂ ਪਾਰਕਿੰਗ ਦਾ ਕੋਈ ਪ੍ਰਬੰਧ ਕੀਤਾ ਹੈ ਅਤੇ ਨਾ ਹੀ ਕੋਈ ਸੁਰੱਖਿਆ ਗਾਰਡ ਤਾਇਨਾਤ ਕੀਤਾ ਗਿਆ ਹੈ। ਸ਼ਾਮ ਢਲਦੇ ਹੀ ਪੱਬ ਦੇ ਬਾਹਰ ਵਾਹਨਾਂ ਦੀਆਂ ਲੰਮੀਆਂ-ਚੌੜੀਆਂ ਲਾਈਨਾਂ ਲੱਗ ਜਾਂਦੀਆਂ ਹਨ। ਬੀ. ਐੱਮ. ਸੀ. ਚੌਕ ਤੋਂ ਸ਼ਾਸਤਰੀ ਮਾਰਕੀਟ ਵੱਲ ਜਾਣ ਵਾਲੇ ਇਸ ਰਸਤੇ ’ਤੇ ਇਸ ਕਾਰਨ ਅਕਸਰ ਟਰੈਫਿਕ ਜਾਮ ਹੀ ਰਹਿੰਦਾ ਹੈ ਪਰ ਨਾ ਤਾਂ ਪੱਬ ਮਾਲਕਾਂ ਨੂੰ ਕੋਈ ਪ੍ਰਵਾਹ ਹੈ ਅਤੇ ਨਾ ਹੀ ਪੁਲਸ ਪ੍ਰਸ਼ਾਸਨ ਵੱਲੋਂ ਕੋਈ ਐਕਸ਼ਨ ਲਿਆ ਜਾ ਰਿਹਾ ਹੈ।
ਕੁਕਿੰਗ ਤੋਂ ਲੈ ਕੇ ਟਾਇਲਟ ਤਕ ਇਕ ਹੀ ਕਰਮਚਾਰੀ ਦੇ ਹਵਾਲੇ
ਇਹੀ ਨਹੀਂ, ਪੱਬ ਨੂੰ ਲੈ ਕੇ ਸ਼ਹਿਰ ਵਿਚ ਇਕ ਹੋਰ ਚਰਚਾ ਵੀ ਹੈ ਕਿ ਇਥੇ ਸਟਾਫ ਭਰਤੀ ਕਰਨ ਵਿਚ ਕਾਫੀ ਕੋਤਾਹੀ ਵਰਤੀ ਜਾਂਦੀ ਹੈ। ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਜਿਹੜਾ ਕੁੱਕ ਲੋਕਾਂ ਲਈ ਖਾਣ-ਪੀਣ ਦਾ ਸਾਮਾਨ ਤਿਆਰ ਕਰਦਾ ਹੈ, ਉਹੀ ਟਾਇਲਟ ਕਲੀਨਿੰਗ ਦਾ ਵੀ ਕੰਮ ਕਰਦਾ ਹੈ। ਇਸੇ ਚੱਕਰ ਵਿਚ ਕੁਝ ਗਾਹਕ ਹੁਣ ਇਸ ਪੱਬ ਵਿਚ ਨਹੀਂ ਆਉਂਦੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦੀ ਭਿਣਕ ਲੱਗ ਚੁੱਕੀ ਹੈ।
ਐਕਸਾਈਜ਼ ਵਿਭਾਗ ਕਿਉਂ ਹੈ ਮਿਹਰਬਾਨ?
ਪਿਛਲੇ ਕਈ ਸਾਲਾਂ ਤੋਂ ਇਸ ਪੱਬ ਵਿਚ ਸ਼ਰਾਬ ਦੀ ਬੋਤਲ ਪਰੋਸਣ ਦਾ ਟਰੈਂਡ ਚੱਲ ਰਿਹਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਆਬਕਾਰੀ ਵਿਭਾਗ ਨੇ ਕਦੀ ਵੀ ਇਸ ਪੱਬ ’ਤੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਵਿਭਾਗ ਸਵਾਲਾਂ ਦੇ ਘੇਰੇ ਵਿਚ ਆ ਰਿਹਾ ਹੈ। ਵਿਭਾਗ ਦੇ ਕੁਝ ਸਟਾਫ਼ ਮੈਂਬਰਾਂ ਕਾਰਨ ਸਰਕਾਰ ਨੂੰ ਚੂਨਾ ਲੱਗ ਰਿਹਾ ਹੈ ਅਤੇ ਸਰਕਾਰੀ ਅਧਿਕਾਰੀ ਹੱਥ ’ਤੇ ਹੱਥ ਧਰੀ ਬੈਠੇ ਹਨ।
ਇਹ ਵੀ ਪੜ੍ਹੋ- ਕਾਂਗਰਸ ਲਈ ਸੰਕਟ ਦੀ ਘੜੀ! ਸਾਬਕਾ ਮੰਤਰੀ ਤੇ ਸਾਬਕਾ ਵਿਧਾਇਕ ਭਾਜਪਾ 'ਚ ਜਾਣ ਲਈ ਲੱਭ ਰਹੇ ਰਾਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ