ਮਾਮੂਲੀ ਝਗੜੇ ਮਗਰੋਂ ਸਾਧੂ ਨੇ ਖੂੰਡਾ ਮਾਰ ਕੇ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ (ਵੀਡੀਓ)

Friday, Jun 16, 2023 - 07:31 PM (IST)

ਮਾਮੂਲੀ ਝਗੜੇ ਮਗਰੋਂ ਸਾਧੂ ਨੇ ਖੂੰਡਾ ਮਾਰ ਕੇ ਸਾਥੀ ਨੂੰ ਉਤਾਰਿਆ ਮੌਤ ਦੇ ਘਾਟ (ਵੀਡੀਓ)

ਮਲੋਟ (ਸ਼ਾਮ, ਜੁਨੇਜਾ) : ਮਲੋਟ ਥਾਣਾ ਸਦਰ ਦੇ ਪਿੰਡ ਤਰਖਾਣ ਵਾਲਾ ਵਿਖੇ ਇਕ ਸਾਧੂ ਨੇ ਖੂੰਡਾ ਮਾਰ ਕੇ ਸਾਥੀ ਸਾਧੂ ਦਾ ਕਤਲ ਕਰ ਦਿੱਤਾ । ਪੁਲਸ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਮੁਲਜ਼ਮ ਵਿਰੁੱਧ ਕਾਰਵਾਈ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਤਰਖਾਣ ਵਾਲਾ ਦੇ ਪੁਰਾਤਨ ਡੇਰਾ ਬਾਬਾ ਚਾਂਦੀ ਨਾਥ ’ਚ ਪਿਛਲੇ 3 ਸਾਲਾਂ ਤੋਂ ਪਿੰਡ ਦਾ ਹੀ ਇਕ ਸਾਧੂ ਗੌਰਵ ਉਰਫ ਗੋਰਾ ਨਾਥ (35) ਰਹਿ ਰਿਹਾ ਸੀ। ਹੁਣ ਪਿਛਲੇ ਤਿੰਨ ਮਹੀਨਿਆਂ ਤੋਂ ਡੇਰੇ ਵਿਚ ਮੋਗਾ ਜ਼ਿਲ੍ਹੇ ਦੇ ਪਿੰਡ ਬੇਰੀਆਂ ਵਾਲਾ ਤੋਂ ਇਕ ਸਾਧੂ ਤੋਤਾ ਨਾਥ ਉਰਫ ਚਮਕੌਰ ਸਿੰਘ (40) ਰਹਿਣ ਲੱਗਾ ਸੀ। ਪਿੰਡ ਵਾਸੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਵੀਰਵਾਰ ਦੀ ਰਾਤ ਨੂੰ ਦੋਵੇਂ ਰੋਟੀ ਖਾ ਰਹੇ ਸਨ ਅਤੇ ਕਿਸੇ ਗੱਲ ਤੋਂ ਝਗੜ ਪਏ।

ਇਹ ਖ਼ਬਰ ਵੀ ਪੜ੍ਹੋ : ਅਨੁਸੂਚਿਤ ਜਾਤੀ ਸਰਟੀਫਿਕੇਟ ਦੀ ਜਾਅਲਸਾਜ਼ੀ ਵਿਰੁੱਧ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ

PunjabKesari

ਗੋਰਾ ਨਾਥ ਨੇ ਤੋਤਾ ਨਾਥ ਦੇ ਸਿਰ ਵਿਚ ਖੂੰਡਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਪਿੰਡ ਵਾਸੀਆਂ ਨੇ ਇਸ ਸਬੰਧੀ ਥਾਣਾ ਸਦਰ ਮਲੋਟ ਦੀ ਪੁਲਸ ਨੂੰ ਸੂਚਨਾ ਦਿੱਤੀ ਤਾਂ ਡੀ. ਐੱਸ. ਪੀ. ਮਲੋਟ ਬਲਕਾਰ ਸਿੰਘ ਸੰਧੂ, ਐੱਸ. ਐੱਚ. ਓ. ਜਸਕਰਨਦੀਪ ਸਿੰਘ ਸਮੇਤ ਪੁਲਸ ਅਧਿਕਾਰੀ ਮੌਕੇ ’ਤੇ ਪੁੱਜ ਗਏ ਅਤੇ ਸਥਿਤੀ ਦਾ ਜਾਇਜ਼ਾ ਲਿਆ। ਡੀ. ਐੱਸ. ਪੀ. ਬਲਕਾਰ ਸਿੰਘ ਸੰਧੂ ਨੇ ਇਹ ਮਾਨਤਾ ਵਾਲਾ ਪੁਰਾਤਨ ਡੇਰਾ ਸੀ, ਜਿਥੇ ਪਿੰਡ ਦਾ ਗੋਰਾ ਨਾਥ ਰਹਿ ਰਿਹਾ ਸੀ। ਹੁਣ ਪਿਛਲੇ ਸਮੇਂ ਤੋਂ ਤੋਤਾ ਨਾਥ ਦੇ ਆਉਣ ਕਰਕੇ ਉਸ ਨੂੰ ਖ਼ਤਰਾ ਲੱਗਣ ਲੱਗ ਪਿਆ ਕਿ ਕਿਤੇ ਡੇਰੇ ’ਤੇ ਤੋਤਾ ਨਾਥ ਕਬਜ਼ਾ ਨਾ ਕਰ ਲਵੇ | ਇਸ ਨੂੰ ਲੈ ਕੇ ਰਾਤ ਉਸ ਨੇ ਖੂੰਡਾ ਮਾਰ ਕੇ ਤੋਤਾ ਨਾਥ ਦਾ ਕਤਲ ਕਰ ਦਿੱਤਾ।

ਪੁਲਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਨੂੰ  ਬੁਲਾਇਆ ਗਿਆ ਹੈ, ਜਿਨ੍ਹਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ’ਤੇ ਸਦਰ ਮਲੋਟ ਪੁਲਸ ਨੇ ਮ੍ਰਿਤਕ ਤੋਤਾ ਨਾਥ ਉਰਫ ਚਮਕੌਰ ਸਿੰਘ ਦੀ ਪਤਨੀ ਪੰਮੀ ਦੇ ਬਿਆਨਾਂ ’ਤੇ ਗੋਰਾ ਨਾਥ ਉਰਫ ਗੌਰਵ ਵਿਰੁੱਧ 302 ਦਾ ਮਾਮਲਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਐੱਸ. ਐੱਚ. ਓ. ਜਸਕਰਨਦੀਪ ਸਿੰਘ ਕਰ ਰਹੇ ਹਨ। 

ਡੇਰੇ ’ਚ ਚੜ੍ਹਾਵੇ ਦੇ ਤੌਰ ’ਤੇ ਚੜ੍ਹਦੀ ਹੈ ਸ਼ਰਾਬ

ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਪੁਰਾਤਨ ਡੇਰਾ ਹੈ, ਜਿਥੇ ਚੜ੍ਹਾਵੇ ਦੇ ਤੌਰ ’ਤੇ ਸ਼ਰਾਬ ਚੜ੍ਹਦੀ ਹੈ, ਜਿਸ ਕਰਕੇ ਜਿਥੇ ਡੇਰੇ ਵਿਚ ਲੋਕ ਸ਼ਰਾਬ ਪੀਣ ਆ ਜਾਂਦੇ ਹਨ। ਉਥੇ ਹੀ ਡੇਰੇ ਵਿਚ ਰਹਿ ਰਹੇ ਸਾਧੂ ਵੀ ਸ਼ਰਾਬ ਪੀਂਦੇ ਹਨ। ਰਾਤ ਵੀ ਦੋਵਾਂ ਵਿਚਾਲੇ ਸ਼ਰਾਬ ਪੀ ਕੇ ਝਗੜਾ ਹੋਇਆ ਅਤੇ ਤੋਤਾ ਨਾਥ ਦਾ ਕਤਲ ਕਰਕੇ ਗੋਰਾ ਉਥੇ ਹੀ ਸੁੱਤਾ ਰਿਹਾ। ਸਵੇਰੇ ਪਿੰਡ ਵਾਸੀਆਂ ਨੇ ਆ ਕੇ ਘਟਨਾ ਵੇਖੀ ਤੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਸੂਤਰਾਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।


author

Manoj

Content Editor

Related News