34 ਦਿਨਾਂ ਬਾਅਦ ਕਿਸਾਨਾਂ ਨੇ ਮੁਲਤਵੀ ਕੀਤਾ ਸ਼ੰਭੂ ਰੇਲਵੇ ਟਰੈਕ ’ਤੇ ਲੱਗਾ ਮੋਰਚਾ, ਵਪਾਰੀ ਵਰਗ ਨੂੰ ਮਿਲੀ ਵੱਡੀ ਰਾਹਤ

05/20/2024 11:08:30 PM

ਪਟਿਆਲਾ/ਸਨੌਰ (ਮਨਦੀਪ ਸਿੰਘ ਜੋਸਨ)– ਹਰਿਆਣਾ ਸਰਕਾਰ ਵਲੋਂ ਝੂਠੇ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਕਿਸਾਨਾਂ ਦੀ ਰਿਹਾਈ ਲਈ ਪਿਛਲੇ 34 ਦਿਨਾਂ ਤੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਚੱਲ ਰਹੇ ਰੇਲ ਰੋਕੋ ਅੰਦੋਲਨ ਨੂੰ ਕਿਸਾਨਾਂ ਨੇ ਅੱਜ ਮੁਲਤਵੀ ਕਰ ਦਿੱਤਾ ਹੈ। ਇਸ ਸਬੰਧੀ ਬੋਲਦਿਆਂ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਸੁਰਜੀਤ ਸਿੰਘ ਫੁੱਲ ਨੇ ਕਿਹਾ ਕਿ ਅੱਜ ਸ਼ਾਮ ਤੁਰੰਤ ਪ੍ਰਭਾਵ ਨਾਲ ਕਿਸਾਨ ਸ਼ੰਭੂ ਰੇਲਵੇ ਸਟੇਸ਼ਨ ’ਤੇ ਧਰਨੇ ਨੂੰ ਹਟਾ ਦੇਣਗੇ ਤੇ ਆਪਣੇ ਸਾਥੀ ਕਿਸਾਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਆਉਣ ਵਾਲੇ ਦਿਨਾਂ ’ਚ ਸਟੇਸ਼ਨਾਂ ਤੇ ਰੇਲਵੇ ਟਰੈਕਾਂ ਤੋਂ ਉੱਠ ਕੇ ਪੰਜਾਬ ਤੇ ਹਰਿਆਣਾ ਦੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕਰਨਗੇ।

ਕਿਸਾਨ ਨੇਤਾਵਾਂ ਨੇ ਇਹ ਵੀ ਐਲਾਨ ਕੀਤਾ ਕਿ ਇਸ ਦੇ ਨਾਲ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤਾਰੀਖ਼ ਨੂੰ ਪਟਿਆਲਾ ਵਿਖੇ ਹੋਣ ਵਾਲੀ ਚੋਣ ਰੈਲੀ ’ਚ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਤੇ ਜਮਹੂਰੀ ਢੰਗ ਨਾਲ ਸਵਾਲ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ 'ਤੇ CM ਮਾਨ ਸਖ਼ਤ, ਕਿਹਾ- 'ਐਲਾਨ ਦੀ ਉਲੰਘਣਾ ਕਰਨ ਦੀ ਗ਼ਲਤਫਹਿਮੀ...'

ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸਾਨ ਅੰਦੋਲਨ 2 ਦੇ 100 ਦਿਨ ਪੂਰੇ ਹੋਣ ’ਤੇ ਸ਼ੰਭੂ ਬਾਰਡਰ, ਖਨੋਰੀ, ਡੱਬਵਾਲੀ ਤੇ ਰਤਨਪੁਰਾ ਵਿਖੇ ਵਿਸ਼ਾਲ ਕਿਸਾਨ ਕਾਨਫਰੰਸਾਂ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਦੇਸ਼ ਭਰ ਤੋਂ ਕਾਨਫਰੰਸ ’ਚ ਭਾਗ ਲੈਣ ਵਾਲੇ ਕਿਸਾਨਾਂ ਦੇ ਠਹਿਰਣ ਤੇ ਲੰਗਰ ਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਵੱਧ ਰਹੀ ਗਰਮੀ ਤੇ ਤਾਪਮਾਨ ਨੂੰ ਧਿਆਨ ’ਚ ਰੱਖਦਿਆਂ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਕਿਸਾਨ ਨੇਤਾਵਾਂ ਨੇ ਕਿਹਾ ਕਿ ਹਾਲ ਹੀ ’ਚ ਭਾਜਪਾ ਦੇ ਕੁਝ ਆਗੂਆਂ ਵਲੋਂ ਕਿਸਾਨਾਂ ਨੂੰ ਬਦਨਾਮ ਕਰਨ ਤੇ ਕਿਸਾਨਾਂ ਪ੍ਰਤੀ ਭੱਦੀ ਤੇ ਬੇਤੁਕੀ ਬਿਆਨਬਾਜ਼ੀ ਦੇ ਸਬੰਧ ’ਚ ਕਿਸਾਨ ਆਗੂ ਸੁਰਜੀਤ ਸਿੰਘ ਫੂਲ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਭਾਜਪਾ ਸੂਬੇ ’ਚ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਨਾ ਕਰੇ। ਸਮਾਜ ’ਚ ਵੰਡੀਆਂ ਪਾਉਣ ਤੇ ਭਾਈਚਾਰਕ ਸਾਂਝ ਨੂੰ ਵਿਗਾੜਨ ਦਾ ਤੁਹਾਡਾ ਪ੍ਰਚਾਰ ਪੰਜਾਬ ’ਚ ਕੰਮ ਨਹੀਂ ਆਵੇਗਾ।

PunjabKesari

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 23 ਤਾਰੀਖ਼ ਨੂੰ ਪਟਿਆਲਾ ਵਿਖੇ ਹੋਣ ਵਾਲੀ ਚੋਣ ਰੈਲੀ ਬਾਰੇ ਬੋਲਦਿਆਂ ਕਿਸਾਨ ਆਗੂ ਸੁਖਜੀਤ ਸਿੰਘ ਖਹਿਰਾ ਤੇ ਸੁਰਜੀਤ ਫੂਲ ਨੇ ਦੱਸਿਆ ਕਿ ਉਨ੍ਹਾਂ ਦੇ ਸੱਦੇ ਅਨੁਸਾਰ ਕਿਸਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੰਵਿਧਾਨਕ ਤੇ ਜਮਹੂਰੀ ਢੰਗ ਨਾਲ ਸਵਾਲ ਵੀ ਕਰਨਗੇ। ਕਿਸਾਨ ਮੋਦੀ ਨੂੰ ਪੁੱਛਣਗੇ ਕਿ ਉਨ੍ਹਾਂ ਨੇ ਪਿਛਲੇ ਅੰਦੋਲਨ ’ਚ ਕਿਸਾਨਾਂ ਨਾਲ ਧੋਖਾ ਤੇ ਝੂਠ ਕਿਉਂ ਬੋਲਿਆ। ਆਖ਼ਿਰ ਲਿਖਤੀ ਰੂਪ ’ਚ ਦੇਣ ਦੇ ਬਾਵਜੂਦ ਉਨ੍ਹਾਂ ਨੇ ਵਾਅਦਾ ਕਿਉਂ ਤੋੜਿਆ। ਕਿਸਾਨ ਆਗੂ ਲਖਵਿੰਦਰ ਸਿੰਘ ਔਲਖ ਨੇ ਕਿਹਾ ਕਿ ਭਾਜਪਾ ਲੋਕਤੰਤਰ ਨੂੰ ਤਬਾਹ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਉਨ੍ਹਾਂ ਦੱਸਿਆ ਕਿ ਕਿਸ ਤਰ੍ਹਾਂ ਹਰਿਆਣਾ ’ਚ ਭਾਜਪਾ ਕਿਸਾਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਾਨ ਆਗੂਆਂ ਨੇ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਕਿਸਾਨਾਂ ਦਾ ਸੰਘਰਸ਼ ਹੋਰ ਤੇਜ਼ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News