33 ਘੰਟਿਆਂ ਬਾਅਦ ਕਿਸਾਨਾਂ ਤੇ ਪ੍ਰਸ਼ਾਸਨਕ ਅਧਿਕਾਰੀਆਂ ਵਿਚਕਾਰ ਹੋਇਆ ਸਮਝੌਤਾ

Sunday, Nov 18, 2018 - 09:13 PM (IST)

ਦਸੂਹਾ  (ਝਾਵਰ) - ਅੱਜ ਦੇਰ ਸ਼ਾਮ ਲਗਭਗ 33 ਘੰਟਿਆਂ ਬਾਅਦ ਕਿਸਾਨ ਜਥੇਬੰਦੀਆਂ ਅਤੇ ਆਈ. ਜੀ. ਨੌਨਿਹਾਲ ਸਿੰਘ, ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਅਤੇ ਹੋਰ ਪ੍ਰਸ਼ਾਸਨਕ ਅਧਿਕਾਰੀਆਂ ਵਿਚਕਾਰ ਸਮਝੌਤਾ ਹੋ ਗਿਆ।

ਇਸ ਸਬੰਧੀ ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਧਰਨਾ ਸਥਾਨ ਗਰਨਾ ਸਾਹਿਬ ਵਿਖੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਬੰਧੀ ਸਮਝੌਤੇ ਦੀ ਗੱਲ ਤੈਅ ਹੋ ਗਈ ਹੈ ਅਤੇ ਗੰਨੇ ਦੇ ਬਕਾਇਆ 450 ਕਰੋਡ਼ ’ਚੋਂ 200 ਕਰੋਡ਼ ਰੁਪਏ ਇਸ ਹਫ਼ਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੈ ਜਾਣਗੇ ਅਤੇ 25 ਨਵੰਬਰ ਨੂੰ ਮਿੱਲਾਂ ਚਾਲੂ ਹੋ ਜਾਣਗੀਆਂ। ਇਸ ਹਫ਼ਤੇ ਆਈ. ਜੀ. ਸਾਹਿਬ ਤੇ ਪ੍ਰਸ਼ਾਸਨਕ ਅਧਿਕਾਰੀ ਮੁੱਖ ਮੰਤਰੀ ਨਾਲ ਕਿਸਾਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਕਰਵਾਉਣਗੇ, ਜਿਥੇ ਬਾਕੀ ਮੰਗਾਂ ਦਾ ਫੈਸਲਾ ਹੋ ਜਾਵੇਗਾ। ਇਸ ’ਤੇ ਕਿਸਾਨਾਂ ਦਾ ਇਕ ਧਡ਼ਾ ਉਕਤ ਸਮਝੌਤਾ ਮੰਨਣ ਤੋਂ ਅੜ ਗਿਆ, ਜਿਸ ਕਾਰਨ ਸਥਿਤੀ ਨਾਜ਼ੁਕ ਬਣ ਗਈ। ਉਕਤ ਧਡ਼ੇ ਦਾ ਕਹਿਣਾ ਸੀ ਕਿ ਸਰਕਾਰ ਪਹਿਲਾਂ ਵੀ ਅਜਿਹੇ ਸਮਝੌਤੇ ਕਰਦੀ ਆਈ ਹੈ ਪਰ ਉਨ੍ਹਾਂ ਦੀਆਂ ਮੰਗਾਂ ਕਦੇ ਵੀ ਨਹੀਂ ਮੰਨੀਆਂ ਗਈਆਂ। ਮੌਕੇ ’ਤੇ ਪਹੁੰਚੇ ਐੱਸ. ਡੀ. ਐੱਮ. ਦਸੂਹਾ ਹਰਚਰਨ ਸਿੰਘ ਅਤੇ ਕਿਸਾਨ ਜਥੇਬੰਦੀਆਂ ਉਕਤ ਧੜੇ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹੀਆਂ। ਰਾਤ 7.45 ਵਜੇ ਐੱਸ. ਡੀ. ਐੱਮ. ਹਰਚਰਨ ਸਿੰਘ ਨੇ ਕਿਸਾਨਾਂ ਦੇ ਦੋਵਾਂ ਧੜਿਆਂ ਦਾ ਸਮਝੌਤਾ ਕਰਵਾ ਕੇ ਧਰਨਾ ਚੁਕਵਾ ਕੇ ਟਰੈਫਿਕ ਬਹਾਲ ਕਰ ਦਿੱਤਾ। ਪਤਾ ਲੱਗਾ ਹੈ ਕਿ ਸੋਮਵਾਰ ਨੂੰ ਜਸਵੰਤ ਸਿੰਘ ਕੇਨ ਕਮਿਸ਼ਨਰ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਪਹੁੰਚ ਰਹੇ ਹਨ।


Related News