ਸੂਰਾਂ 'ਚ ਪਾਈ ਗਈ ਅਫਰੀਕਨ ਫੀਵਰ ਬਿਮਾਰੀ, ਜ਼ਿਲਾ ਮੈਜਿਸਟ੍ਰੇਟ ਵੱਲੋਂ ਪਾਬੰਦੀ ਦੇ ਹੁਕਮ ਜਾਰੀ
Wednesday, Sep 24, 2025 - 09:15 PM (IST)

ਨਵਾਂਸ਼ਹਿਰ (ਬ੍ਰਹਮਪੁਰੀ): ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਡਾਇਰੈਕਟਰ ਪਸੂ ਪਾਲਣ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਦੇ ਮੱਦੇਨਜ਼ਰ ਪਿੰਡ ਭੌਰਾ ਤਹਿਸੀਲ ਨਵਾਂਸ਼ਹਿਰ ਦੇ ਇਲਾਕੇ ਵਿੱਚ ਸੂਰਾਂ ਵਿੱਚ ਅਫਰੀਕਨ ਫੀਵਰ ਦੀ ਬਿਮਾਰੀ ਪਾਏ ਜਾਣ ‘ਤੇ ਪਿੰਡ ਭੌਰਾ ਵਿਖੇ ਐਪੀਸੈਂਟਰ ਦੇ ਆਲੇ-ਦੁਆਲੇ 0-1 ਕਿਲੋਮੀਟਰ ਦੇ ਖੇਤਰ ਨੂੰ ‘ਇਨਫੈਕਟਿਡ ਜ਼ੋਨ" ਅਤੇ 0-10 ਕਿਲੋਮੀਟਰ ਦੇ ਖੇਤਰ ਨੂੰ ‘ਸਰਵੇਲੈਂਸ ਜ਼ੋਨ’ ਐਲਾਨਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਅਫ਼ਰੀਕਨ ਸਵਾਈਨ ਫੀਵਰ, ਬਿਮਾਰੀ ਨੂੰ ਇਨਫੈਕਡਿਟ ਜ਼ੋਨ ਦੇ ਬਾਹਰ ਫੈਲਣ ਤੋਂ ਬਚਾਉਣ ਲਈ ਭਾਰਤੀ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਹੱਦ ਅੰਦਰ ਸੂਰ ਪਾਲਣ ਦਾ ਕੰਮ ਕਰ ਰਹੇ ਹਰ ਕਿਸਮ ਦੇ ਵਿਅਕਤੀ, ਅਫਰੀਕਨ ਸਵਾਈਨ ਫੀਵਰ ਪ੍ਰਭਾਵਿਤ ਇਲਾਕੇ ਤੋਂ 10 ਕਿਲੋਮੀਟਰ ਦੇ ਘੇਰੇ ਤੋਂ ਬਾਹਰ ਜਾਣ ਅਤੇ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿਚ ਆਉਣ ਤੋਂ ਗੁਰੇਜ਼ ਕਰਨਗੇ।
ਇਸੇ ਤਰ੍ਹਾਂ ਸੂਰਾਂ ਦੀ ਹਰ ਕਿਸਮ ਦੀ ਆਵਾਜਾਈ ਅਤੇ ਜ਼ਿਲ੍ਹੇ ਦੀ ਹੱਦ ਨਾਲ ਲਗਦੇ ਸੂਬੇ ਅਤੇ ਜ਼ਿਲ੍ਹਿਆਂ ਤੋਂ ਵੀ ਸੂਰਾਂ ਅਤੇ ਸੂਰਾਂ ਤੋਂ ਬਣਦੇ ਪਦਾਰਥ ਲੈ ਕੇ ਜਾਣ ਜਾਂ ਲੈ ਕੇ ਆਉਣ ’ਤੇ ਪੂਰਨ ਪਾਬੰਦੀ ਹੋਵੇਗੀ। ਕੋਈ ਜ਼ਿੰਦਾ/ਮ੍ਰਿਤਕ ਸੂਰ (ਜੰਗਲੀ ਸੂਰ, ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਵੀ ਸਾਮਾਨ ਅਤੇ ਮਸ਼ੀਨਰੀ ਆਦਿ) ਵੀ ਪ੍ਰਭਾਵਿਤ ਇਲਾਕੇ ਤੋਂ ਬਾਹਰ ਲਿਜਾਣ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਿਤ ਇਲਾਕੇ ਵਿੱਚ ਲਿਆਉਣ ’ਤੇ ਪੂਰਨ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਵਿਅਕਤੀ ਵਲੋਂ ਅਫਰੀਕਨ ਸਵਾਈਨ ਫੀਵਰ ਨਾਲ ਪ੍ਰਭਾਵਿਤ ਸੂਰ ਜਾਂ ਸੂਰਾਂ ਦੇ ਮੀਟ ਤੋਂ ਬਣਦੇ ਪਦਾਰਥ ਬਜਾਰ ਵਿੱਚ ਲੈ ਕੇ ਜਾਣ ’ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 23 ਨਵੰਬਰ 2025 ਤੱਕ ਲਾਗੂ ਰਹੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e