ਖਾਲੀ ਪਏ ਪਲਾਟਾਂ ''ਚ ਮਕਾਨ ਬਣਾਉਣ ਦੀ ਸਮਾਂ ਹੱਦ ਦਾ ਦੇਣਾ ਪਵੇਗਾ ਐਫੀਡੇਵਿਟ

Saturday, Dec 09, 2017 - 05:42 AM (IST)

ਖਾਲੀ ਪਏ ਪਲਾਟਾਂ ''ਚ ਮਕਾਨ ਬਣਾਉਣ ਦੀ ਸਮਾਂ ਹੱਦ ਦਾ ਦੇਣਾ ਪਵੇਗਾ ਐਫੀਡੇਵਿਟ

ਜਲੰਧਰ, (ਪੁਨੀਤ)— ਇੰਪਰੂਵਮੈਂਟ ਟਰੱਸਟ ਨੇ ਆਪਣੀਆਂ ਕਾਲੋਨੀਆਂ ਦੀ ਖੂਬਸੂਰਤੀ ਨੂੰ ਮੁੱਖ ਰੱਖਦਿਆਂ ਨਵਾਂ ਨਿਯਮ ਬਣਾਇਆ ਹੈ, ਜਿਸ ਅਨੁਸਾਰ ਹੁਣ ਖਾਲੀ ਪਏ ਪਲਾਟਾਂ ਵਿਚ ਮਕਾਨ, ਕੋਠੀ ਬਣਾਉਣ ਦੀ ਸਮਾਂ ਹੱਦ ਦਾ ਐਫੀਡੇਵਿਟ ਦੇਣਾ ਪਵੇਗਾ।
ਇੰਪਰੂਵਮੈਂਟ ਟਰੱਸਟ ਨੇ ਇਹ ਕਦਮ ਇਸ ਲਈ ਚੁੱਕਿਆ ਕਿਉਂਕਿ ਖਾਲੀ ਪਲਾਟਾਂ ਕਾਰਨ ਕਾਲੋਨੀ ਦੀ ਖੂਬਸੂਰਤੀ ਨੂੰ ਧੱਬਾ ਲੱਗ ਰਿਹਾ ਸੀ। ਖਾਲੀ ਪਲਾਟਾਂ ਵਿਚ ਉੱਗੀ ਜੰਗਲੀ ਬੂਟੀ ਕਾਰਨ ਸੱਪ, ਬਿੱਛੂ ਤੇ ਕਈ ਤਰ੍ਹਾਂ ਦੇ ਜ਼ਹਿਰੀਲੇ ਕੀੜੇ-ਮਕੌੜੇ ਨਿਕਲਦੇ ਹਨ। 
ਇਸਦੇ ਨਾਲ ਹੀ ਮੀਂਹ ਦੇ ਦਿਨਾਂ ਵਿਚ ਖਾਲੀ ਪਲਾਟ ਪਾਣੀ ਨਾਲ ਭਰ ਜਾਂਦੇ ਹਨ, ਜਿੱਥੇ ਮੱਛਰ ਪੈਦਾ ਹੁੰਦਾ ਹੈ, ਜਿਸ ਨਾਲ ਇਲਾਕਾ ਵਾਸੀਆਂ ਵਿਚ ਰੋਸ ਵੇਖਣ ਨੂੰ ਮਿਲਦਾ ਹੈ।  ਟਰੱਸਟ ਦੇ ਨਿਯਮਾਂ ਮੁਤਾਬਕ ਟਰੱਸਟ ਜੋ ਕਾਲੋਨੀ ਬਣਾਉਂਦਾ ਹੈ, ਉਸ ਵਿਚ 3 ਸਾਲ ਤੱਕ ਉਸਾਰੀ ਕਰਨੀ ਹੁੰਦੀ ਹੈ ਤੇ ਉਸ ਤੋਂ ਬਾਅਦ ਨਾਨ-ਕੰਸਟਰੱਕਸ਼ਨ ਚਾਰਜਿਜ਼ ਵਸੂਲੇ ਜਾਂਦੇ ਹਨ। ਟਰੱਸਟ ਦੇ ਈ. ਓ. ਰਾਜੇਸ਼ ਚੌਧਰੀ ਦਾ ਕਹਿਣਾ ਹੈ ਕਿ ਟਰੱਸਟ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਗਏ ਹਨ ਕਿ ਜੋ ਵਿਅਕਤੀ ਨਾਨ-ਕੰਸਟਰੱਕਸ਼ਨ ਚਾਰਜਿਜ਼ ਜਮ੍ਹਾ ਕਰਵਾਉਣ ਆਉਂਦਾ ਹੈ, ਉਸ ਕੋਲੋਂ ਐਫੀਡੇਵਿਟ ਲਿਆ ਜਾਵੇ, ਜਿਸ ਵਿਚ ਮਕਾਨ, ਕੋਠੀ ਦੀ ਉਸਾਰੀ ਦੀ ਅੰਤਿਮ ਤਰੀਕ ਦੱਸੀ ਜਾਵੇ। 
ਨਾਨ-ਕੰਸਟਰੱਸ਼ਨ ਚਾਰਜਿਜ਼ ਨਹੀਂ ਹੋਣਗੇ ਜਮ੍ਹਾ
ਇੰਪਰੂਵਮੈਂਟ ਟਰੱਸਟ ਨੇ ਖਾਲੀ ਪਲਾਟ ਮਾਲਕਾਂ ਨੂੰ ਨਾਨ-ਕੰਸਟਰੱਕਸ਼ਨ ਚਾਰਜਿਜ਼ ਜਮ੍ਹਾ ਕਰਵਾਉਣ ਲਈ ਨੋਟਿਸ ਭੇਜਣੇ ਸ਼ੁਰੂ ਕੀਤੇ ਹਨ। ਇਸ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਬਕਾਇਆ ਨਾਨ-ਕੰਸਟਰੱਕਸ਼ਨ ਚਾਰਜਿਜ਼ ਉਸੇ ਕੋਲੋਂ ਵਸੂਲ ਕੀਤੇ ਜਾਣਗੇ ਜੋ ਮਕਾਨ/ਕੋਠੀ ਦੀ ਉਸਾਰੀ ਦੇ ਕੰਮ ਦਾ ਐਫੀਡੇਵਿਟ ਦੇਣਗੇ। ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵੱਡੀ ਗਿਣਤੀ ਵਿਚ ਅਜਿਹੇ ਲੋਕ ਹਨ, ਜਿਨ੍ਹਾਂ ਨੇ ਪਲਾਟ ਆਦਿ ਇਨਵੈਸਟਮੈਂਟ ਲਈ ਲਏ ਹੁੰਦੇ ਹਨ ਤੇ ਉਸਦਾ ਭਾਅ ਵਧਣ ਦੀ ਉਡੀਕ ਕਰਦੇ ਹਨ।
ਪਲਾਟ ਜ਼ਬਤ ਕਰਨਾ ਹੋਵੇਗਾ ਸੁਖਾਲਾ
ਟਰੱਸਟ ਵਲੋਂ ਐਫੀਡੇਵਿਟ ਦਾ ਜੋ ਨਿਯਮ ਬਣਾਇਆ ਗਿਆ ਹੈ, ਉਸ ਨਾਲ ਟਰੱਸਟ ਲਈ ਆਉਣ ਵਾਲੇ ਦਿਨਾਂ ਵਿਚ ਪਲਾਟ ਜ਼ਬਤ ਕਰਨਾ ਸੁਖਾਲਾ ਹੋ ਜਾਵੇਗਾ। ਸਰਕਾਰ ਨੇ ਇਕ ਹੁਕਮ ਜਾਰੀ ਕਰਕੇ ਉਨ੍ਹਾਂ ਪਲਾਟਾਂ ਨੂੰ ਜ਼ਬਤ ਕਰਨ ਲਈ ਕਿਹਾ ਸੀ, ਜਿਨ੍ਹਾਂ ਨੇ ਟਰੱਸਟ ਦੀ ਕਾਲੋਨੀ ਬਣਨ ਤੋਂ 15 ਸਾਲ ਬਾਅਦ ਵੀ ਉਸਾਰੀ ਨਹੀਂ ਕੀਤੀ। ਲੋਕਾਂ ਦੀ ਮੰਗ 'ਤੇ ਜੂਨ ਵਿਚ 3 ਸਾਲ ਦੀ ਸਮਾਂ ਹੱਦ ਉਸਾਰੀ ਕਰਨ ਲਈ ਦਿੱਤੀ ਗਈ ਸੀ। ਟਰੱਸਟ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਟਧਾਰਕ ਦਾ ਜਦੋਂ ਉਨ੍ਹਾਂ ਕੋਲ ਉਸਾਰੀ ਕੰਮ ਕਰਨ ਬਾਰੇ ਐਫੀਡੇਵਿਟ ਹੋਵੇਗਾ ਤਾਂ ਉਨ੍ਹਾਂ ਲਈ ਉਸਾਰੀ ਨਾ ਹੋਣ ਦੀ ਸਥਿਤੀ ਵਿਚ ਪਲਾਟ ਨੂੰ ਜ਼ਬਤ ਕਰਨਾ ਸੁਖਾਲਾ ਹੋਵੇਗਾ। 


Related News