ਚੰਡੀਗੜ੍ਹ ਦੀ ਕੋਠੀ ਲਈ ਵਕੀਲ ਦਾ ਬੇਰਹਿਮੀ ਨਾਲ ਕਤਲ, ਗੱਡੀ ਸਮੇਤ ਨਹਿਰ 'ਚ ਸੁੱਟੀ ਲਾਸ਼

Tuesday, Aug 04, 2020 - 09:20 AM (IST)

ਚੰਡੀਗੜ੍ਹ ਦੀ ਕੋਠੀ ਲਈ ਵਕੀਲ ਦਾ ਬੇਰਹਿਮੀ ਨਾਲ ਕਤਲ, ਗੱਡੀ ਸਮੇਤ ਨਹਿਰ 'ਚ ਸੁੱਟੀ ਲਾਸ਼

ਮੋਰਿੰਡਾ (ਧੀਮਾਨ/ਅਰਨੋਲੀ) : ਅਦਾਲਤੀ ਕੇਸਾਂ ਦਾ ਝੰਜਟ ਖ਼ਤਮ ਕਰਨ ਅਤੇ ਕੋਠੀ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਇਕ ਵਕੀਲ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਔਡੀ ਗੱਡੀ ਸਮੇਤ ਭਾਖੜਾ ਨਹਿਰ 'ਚ ਸੁੱਟਣ ਦੇ ਮਾਮਲੇ 'ਚ ਮੋਰਿੰਡਾ ਪੁਲਸ ਨੇ ਕੁਝ ਹੀ ਘੰਟੇ ਬਾਅਦ ਮੁਲਜ਼ਮ ਗੁਰਮੇਲ ਸਿੰਘ ਅਤੇ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਨਹਿਰ ’ਚੋਂ ਉਪਰੋਕਤ ਗੱਡੀ ਨੂੰ ਬਰਾਮਦ ਕਰ ਲਿਆ ਅਤੇ ਮ੍ਰਿਤਕ ਕੁਲਬੀਰ ਸਿੰਘ ਦੀ ਲਾਸ਼ ਭਾਖੜਾ ਨਹਿਰ 'ਚੋਂ ਪਟਿਆਲਾ ਨੇੜਿਓਂ ਬਰਾਮਦ ਕੀਤੀ।

ਇਹ ਵੀ ਪੜ੍ਹੋ : ਖਰੜ ਦੇ ਪਿੰਡ 'ਚ ਨਸ਼ੇ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ, 2 ਲੋਕ ਗ੍ਰਿਫ਼ਤਾਰ
ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਅਖਿਲ ਚੌਧਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਵਾਸੀ ਡੇਰਾਬੱਸੀ ਨੇ ਮੁੱਖ ਅਫਸਰ ਥਾਣਾ ਸਦਰ ਮੋਰਿੰਡਾ ਐੱਸ. ਆਈ. ਸਿਮਰਨਜੀਤ ਸਿੰਘ ਕੋਲ ਬਿਆਨ ਦਰਜ ਕਰਵਾਏ ਸਨ ਕਿ ਉਸ ਦੇ ਭਰਾ ਕੁਲਬੀਰ ਸਿੰਘ ਦਾ ਇਕ ਚੰਡੀਗੜ੍ਹ ਵਾਲੀ ਕੋਠੀ ਸਬੰਧੀ ਖਰੜ ਦੀ ਅਦਾਲਤ ਵਿਖੇ ਸਿਵਲ ਕੇਸ ਚੱਲਦਾ ਹੈ। ਉਸ ਦਾ ਭਰਾ ਕੁਲਬੀਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ 31 ਜੁਲਾਈ ਨੂੰ ਲਗਭਗ 10 ਵਜੇ ਸਵੇਰੇ ਆਪਣੀ ਔਡੀ ਗੱਡੀ ’ਤੇ ਸਵਾਰ ਹੋ ਕੇ ਪਿੰਡ ਧਨੌਰੀ ਵਿਖੇ ਕੋਠੀ ਦੇ ਕੇਸ ਸਬੰਧੀ ਜਾਣ ਲਈ ਕਹਿ ਕੇ ਆਇਆ ਸੀ, ਜੋ ਘਰ ਵਾਪਸ ਨਹੀਂ ਗਿਆ ਤੇ ਉਸ ਨੇ ਫੋਨ ਨਹੀਂ ਚੁੱਕਿਆ।

ਇਹ ਵੀ ਪੜ੍ਹੋ : ਦਰਬਾਰ ਸਾਹਿਬ ਮੱਥਾ ਟੇਕਣ ਜਾਂਦੇ ਨੌਜਵਾਨ ਦੀ ਲੱਗੀ ਅੱਖ, ਪਲਾਂ 'ਚ ਵਾਪਰਿਆ ਦਰਦਨਾਕ ਭਾਣਾ

ਉਸ ਨੇ ਪਿੰਡ ਧਨੌਰੀ ਜਾ ਕੇ ਪੜਤਾਲ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਭਰਾ 31 ਜੁਲਾਈ ਨੂੰ ਪਿੰਡ ਧਨੌਰੀ ਆਇਆ ਸੀ ਅਤੇ ਗੁਰਮੇਲ ਸਿੰਘ ਉਰਫ ਰੋਡੂ ਪੁੱਤਰ ਸੋਹਣ ਸਿੰਘ ਅਤੇ ਰਾਜਵਿੰਦਰ ਸਿੰਘ ਉਰਫ਼ ਰਤਨਾ ਪੁੱਤਰ ਜਰਨੈਲ ਸਿੰਘ ਵਾਸੀ ਧਨੌਰੀ ਨੂੰ ਉਨ੍ਹਾਂ ਦੇ ਘਰ ਮਿਲਿਆ ਸੀ, ਜਿਸ ਤੋਂ ਬਾਅਦ ਉਸ ਦੇ ਭਰਾ ਦਾ ਕੋਈ ਥਹੁ-ਪਤਾ ਨਹੀਂ ਲੱਗਿਆ। ਉਸ ਨੇ ਆਪਣੇ ਬਿਆਨਾਂ 'ਚ ਕਿਹਾ ਕਿ ਉਸ ਨੂੰ ਯਕੀਨ ਹੈ ਕਿ ਗੁਰਮੇਲ ਸਿੰਘ ਉਰਫ਼ ਰੋਡਾ ਪੁੱਤਰ ਸੋਹਣ ਸਿੰਘ ਅਤੇ ਰਾਜਵਿੰਦਰ ਸਿੰਘ ਉਰਫ਼ ਰਤਨਾ ਪੁੱਤਰ ਜਰਨੈਲ ਸਿੰਘ ਵਾਸੀ ਧਨੌਰੀ, ਇਕ ਸਰਦਾਰ ਅਤੇ ਅਣਪਛਾਤੇ ਵਿਅਕਤੀਆਂ ਨੇ ਕੋਠੀ ਦੇ ਝਗੜੇ ਸਬੰਧੀ ਲਾਲਚ ਦੇ ਵੱਸ 'ਚ ਪੈ ਕੇ ਉਸ ਦੇ ਭਰਾ ਕੁਲਬੀਰ ਸਿੰਘ ਦਾ ਕਤਲ ਕਰ ਕੇ ਉਸ ਦੀ ਲਾਸ਼ ਅਤੇ ਕਾਰ ਨੂੰ ਖੁਰਦ-ਬੁਰਦ ਕਰ ਦਿੱਤਾ ਹੈ, ਜਿਸ ’ਤੇ ਮੋਰਿੰਡਾ ਪੁਲਸ ਥਾਣਾ ਸਦਰ ਵਲੋਂ 2 ਅਗਸਤ 2020 ਨੂੰ ਮੁਕੱਦਮਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ : ਨਕਲੀ ਸ਼ਰਾਬ ਮਾਮਲੇ 'ਚ 12 ਹੋਰ ਲੋਕ ਗ੍ਰਿਫਤਾਰ
ਇਸ ਸਬੰਧੀ ਡੀ. ਐੱਸ. ਪੀ. ਸੁਖਜੀਤ ਸਿੰਘ ਵਿਰਕ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਨੇ ਕੁਲਬੀਰ ਸਿੰਘ ਦੀ ਚੰਡੀਗੜ੍ਹ ਵਾਲੀ ਕੋਠੀ ਹਾਸਲ ਕਰਨ ਲਈ ਅਤੇ ਅਦਾਲਤੀ ਕੇਸਾਂ ਦਾ ਝੰਜਟ ਖ਼ਤਮ ਕਰਨ ਦੀ ਨੀਅਤ ਨਾਲ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਸਮੇਤ ਉਸ ਦੀ ਔਡੀ ਗੱਡੀ ਨੂੰ ਭਾਖੜਾ ਨਹਿਰ 'ਚ ਸੁੱਟ ਦਿੱਤਾ। ਉੱਧਰ ਮੋਰਿੰਡਾ ਪੁਲਸ ਵੱਲੋਂ ਕੁਝ ਘੰਟੇ ਬਾਅਦ ਹੀ ਦੋਸ਼ੀ ਗੁਰਮੇਲ ਸਿੰਘ ਉਰਫ ਰੋਡੂ ਅਤੇ ਰਾਜਵਿੰਦਰ ਸਿੰਘ ਉਰਫ਼ ਰਤਨਾਂ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਭਾਖੜਾ ਨਹਿਰ 'ਚੋਂ ਉਪਰੋਕਤ ਗੱਡੀ ਨੂੰ ਬਰਾਮਦ ਕੀਤਾ ਗਿਆ, ਜਦੋਂ ਕਿ ਮ੍ਰਿਤਕ ਦੀ ਕੁਲਬੀਰ ਸਿੰਘ ਦੀ ਲਾਸ਼ ਭਾਖੜਾ ਨਹਿਰ 'ਚੋਂ ਪਟਿਆਲਾ ਨੇੜਿਓਂ ਬਾਅਦ ਸ਼ਨਾਖ਼ਤ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਕੇ ਇਨ੍ਹਾਂ ਦਾ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੋਰਨਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ।



 


author

Babita

Content Editor

Related News