ਟ੍ਰੈਵਲ ਏਜੰਟਾਂ ਦੀ ਇਸ਼ਤਿਹਾਰਬਾਜ਼ੀ 'ਤੇ ਰਜਿਸਟ੍ਰੇਸ਼ਨ ਨੰਬਰ ਜ਼ਰੂਰੀ : ਸੁਮੀਤ ਜਾਰੰਗਲ

Thursday, Jan 18, 2018 - 12:12 PM (IST)

ਟ੍ਰੈਵਲ ਏਜੰਟਾਂ ਦੀ ਇਸ਼ਤਿਹਾਰਬਾਜ਼ੀ 'ਤੇ ਰਜਿਸਟ੍ਰੇਸ਼ਨ ਨੰਬਰ ਜ਼ਰੂਰੀ : ਸੁਮੀਤ ਜਾਰੰਗਲ


ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ,ਪਵਨ ਤਨੇਜਾ) - ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਟ੍ਰੈਵਲ ਏਂਜੰਟਾਂ ਵੱਲੋਂ ਕਿਸੇ ਵੀ ਮਾਧਿਅਮ ਰਾਹੀਂ ਕੀਤੀ ਜਾਣ ਵਾਲੀ ਇਸ਼ਤਿਹਾਰਬਾਜ਼ੀ 'ਚ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ. ਏ. ਐਸ. ਨੇ ਦੱਸਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਕਿਸੇ ਵੀ ਟਰੈਵਲ ਏਜੰਟ ਦੀ ਇਸ਼ਤਿਹਾਰਬਾਜ਼ੀ 'ਤੇ ਉਸਦਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਨਾ ਲਾਜ਼ਮੀ ਹੋਵੇਗਾ। ਉਨਾਂ ਕਿਹਾ ਕਿ ਟ੍ਰੈਵਲ ਏਜੰਟਾਂ ਦੇ ਜੋ ਵੀ ਇਸ਼ਤਿਹਾਰ ਕਿਸੇ ਵੀ ਮਾਧਿਅਮ (ਟੈਲੀਵਿਜ਼ਨ, ਰੇਡੀਓ, ਪ੍ਰਿੰਟ ਮੀਡੀਆ, ਕੰਧਾਂ 'ਤੇ ਜਾਂ ਵਾਹਨਾਂ 'ਤੇ) ਰਾਹੀਂ ਲਗਵਾਏ ਜਾਣ 'ਤੇ ਏਜੰਟ ਦਾ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਦਰਜ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਪ੍ਰਕਾਸ਼ਕ ਬਿਨਾਂ ਰਜਿਸਟ੍ਰੇਸ਼ਨ ਨੰਬਰ ਇਸ਼ਤਿਹਾਰ ਸਵੀਕਾਰ ਨਾ ਕਰਨ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਜਿਹੜੇ ਅਣ-ਰਜਿਸਟਰਡ ਟਰੈਵਲ ਏਜੰਟ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਵਿਗਿਆਪਨ ਵਿਦੇਸ਼ ਭੇਜਣ ਲਈ ਟੈਲੀਵਿਜ਼ਨ, ਰੇਡੀਓ, ਅਖ਼ਬਾਰ, ਆਟੋ ਰਿਕਸ਼ਾ ਅਤੇ ਸੰਚਾਰ ਦੇ ਹੋਰ ਸਾਧਨਾਂ ਰਾਹੀਂ ਕਰਦੇ ਹਨ, ਉਨਾਂ ਅਣਅਧਿਕਾਰਤ ਏਜੰਟਾਂ/ ਵਿਗਿਆਪਨ ਦੇਣ ਵਾਲਿਆਂ ਵਿਰੁੱਧ ਨਿਰਧਾਰਿਤ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਵਿਦੇਸ਼ ਜਾਣ ਦੇ ਚਾਹਵਾਨ ਨਾਗਰਿਕਾਂ ਨੂੰ ਸੁਚੇਤ ਕਰਦਿਆਂ ਕਿਹਾ ਹੈ ਕਿ ਜੇਕਰ ਕੋਈ ਨੌਜਵਾਨ ਵਿਦੇਸ਼ ਜਾਣਾ ਚਾਹੁੰਦਾ ਹੈ, ਤਾਂ ਉਹ ਆਪਣੀ ਵਿਦੇਸ਼ ਯਾਤਰਾ ਸਬੰਧੀ ਲੋੜੀਂਦੇ ਕਾਗ਼ਜ਼ਾਤ ਸਿਰਫ਼ ਰਜਿਸਟਰਡ ਟ੍ਰੈਵਲ ਏਜੰਟਾਂ ਰਾਹੀਂ ਮੁਕੰਮਲ ਕਰਵਾਉਣ।


Related News