ਆਮ ਆਦਮੀ ਦੀ ਜ਼ਿੰਦਗੀ ਨਾਲ ਰੋਜ਼ ਖੇਡ ਰਿਹਾ ''ਮਿਲਾਵਟ ਮਾਫੀਆ''

Thursday, Mar 01, 2018 - 11:21 AM (IST)

ਆਮ ਆਦਮੀ ਦੀ ਜ਼ਿੰਦਗੀ ਨਾਲ ਰੋਜ਼ ਖੇਡ ਰਿਹਾ ''ਮਿਲਾਵਟ ਮਾਫੀਆ''

ਜਲੰਧਰ (ਰਵਿੰਦਰ ਸ਼ਰਮਾ)— ਜ਼ਿੰਦਗੀ ਦੀ ਭੱਜ-ਦੌੜ ਦੇ ਨਾਲ-ਨਾਲ ਆਮ ਇਨਸਾਨ ਬੀਮਾਰੀਆਂ ਦੀ ਲਪੇਟ ਵਿਚ ਵੀ ਉਸ ਤੇਜ਼ੀ ਨਾਲ ਹੀ ਜਾ ਰਿਹਾ ਹੈ। ਅੱਜ ਬਾਜ਼ਾਰ ਵਿਚ ਅਜਿਹੀ ਕੋਈ ਚੀਜ਼ ਨਹੀਂ, ਜਿਸ ਵਿਚ ਮਿਲਾਵਟ ਨਾ ਹੋਵੇ। ਭਾਵੇਂ ਉਹ ਫਲ ਹੋਣ, ਸਬਜ਼ੀਆਂ ਹੋਣ ਜਾਂ ਫਿਰ ਦੁੱਧ। ਇਥੋਂ ਤੱਕ ਕਿ ਹੁਣ ਤਾਂ ਡਰਾਈ ਫਰੂਟ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਨੂੰ ਵੀ ਤੇਜ਼ਾਬ ਨਾਲ ਧੋ ਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਮਿਲਾਵਟ ਮਾਫੀਆ ਆਮ ਆਦਮੀ ਦੀ ਜ਼ਿੰਦਗੀ 'ਤੇ ਇੰਨਾ ਹਾਵੀ ਹੋ ਚੁੱਕਾ ਹੈ ਕਿ ਇਨ੍ਹਾਂ ਦੇ ਹੱਥ ਵਿਚ ਹੀ ਹਰ ਵਿਅਕਤੀ ਦੀ ਜ਼ਿੰਦਗੀ ਖੇਡ ਰਹੀ ਹੈ। ਮਿਲਾਵਟ ਮਾਫੀਆ ਦੇ ਪ੍ਰਭਾਵ ਅੱਗੇ ਜ਼ਿਲਾ ਪ੍ਰਸ਼ਾਸਨ, ਸਰਕਾਰ ਅਤੇ ਸਬੰਧਤ ਸਾਰੇ ਵਿਭਾਗ ਬੌਣੇ ਜਾਪਦੇ ਹਨ।
ਇਕ ਸਮਾਂ ਸੀ ਜਦੋਂ ਬੱਚਿਆਂ ਨੂੰ ਚੰਗੀ ਸਿਹਤ ਲਈ ਫਲ, ਸਬਜ਼ੀਆਂ ਤੇ ਦੁੱਧ ਦੀ ਜ਼ਿਆਦਾ ਵਰਤੋਂ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਡਾਕਟਰ ਵੀ ਇਸ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿਚ ਇਸਤੇਮਾਲ ਕਰਨ ਨੂੰ ਕਹਿੰਦੇ ਸਨ ਪਰ ਹੁਣ ਇਹ ਸਾਰੀਆਂ ਚੀਜ਼ਾਂ ਹੀ ਆਦਮੀ ਲਈ ਮੁਸੀਬਤ ਬਣਦੀਆਂ ਜਾ ਰਹੀਆਂ ਹਨ। ਦੁੱਧ, ਫਲ ਤੇ ਸਬਜ਼ੀਆਂ ਦੀ ਵਰਤੋਂ ਕਰਕੇ ਅਸੀਂ ਤੰਦਰੁਸਤ ਹੁੰਦੇ ਸੀ ਪਰ ਹੁਣ ਇਹ ਚੀਜ਼ਾਂ ਹੀ ਸਾਨੂੰ ਬੀਮਾਰੀਆਂ ਵੱਲ ਲਿਜਾ ਰਹੀਆਂ ਹਨ। 
ਕਾਰਨ ਸਾਫ ਹੈ ਕਿ ਮਿਲਾਵਟ ਮਾਫੀਆ ਨੇ ਆਪਣੇ ਪੈਰ ਹਰ ਪਾਸੇ ਪਸਾਰ ਲਏ ਹਨ। ਖੇਤਾਂ ਵਿਚ ਖਾਦ ਦੀ ਜਗ੍ਹਾ ਯੂਰੀਆ ਦੀ ਵਰਤੋਂ ਜ਼ਿਆਦਾ ਹੋਣ ਲੱਗੀ ਹੈ ਅਤੇ ਆਮ ਵਿਅਕਤੀ ਕੈਂਸਰ ਜਿਹੀ ਗੰਭੀਰ ਬੀਮਾਰੀ ਦੀ ਲਪੇਟ ਵਿਚ ਜਾ ਰਿਹਾ ਹੈ। ਮਿਲਾਵਟ ਕਾਰਨ ਖਤਰੇ ਦੀ ਘੰਟੀ ਬਣ ਰਿਹਾ ਹੈ ਆਮ ਆਦਮੀ ਦਾ ਦਿਲ। ਹੁਣ 20 ਸਾਲ ਦੀ ਉਮਰ ਤੋਂ ਬਾਅਦ ਹੀ ਹਾਰਟ ਅਟੈਕ ਦਾ ਖਤਰਾ ਮੰਡਰਾਉਣ ਲੱਗ ਪਿਆ ਹੈ। 
ਪਿਛਲੇ 3 ਸਾਲਾਂ ਦੀ ਗੱਲ ਕਰੀਏ ਤਾਂ ਹਰ ਸਾਲ ਹਾਰਟ ਅਟੈਕ ਦੇ ਮਰੀਜ਼ਾਂ ਦੀ ਗਿਣਤੀ ਵਿਚ 30 ਫੀਸਦੀ ਵਾਧਾ ਹੋ ਰਿਹਾ ਹੈ ਤੇ ਹਾਰਟ ਅਟੈਕ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵੀ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਉਣ ਵਾਲੇ ਸਮੇਂ ਵਿਚ ਇਹ ਅੰਕੜਾ ਹੋਰ ਵੀ ਭਿਆਨਕ ਹੋ ਸਕਦਾ ਹੈ।  
ਮਿਲਾਵਟ ਅਤੇ ਯੂਰੀਆ ਦੇ ਵਧ ਰਹੇ ਪ੍ਰਭਾਵ ਨਾਲ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਵਧ ਗਿਆ ਹੈ। ਸਾਈਲੈਂਟ ਅਟੈਕ, ਹਾਰਟ ਅਟੈਕ ਦੇ ਦੌਰੇ ਤੋਂ ਬਿਲਕੁਲ ਉਲਟ ਹੁੰਦਾ ਹੈ ਕਿਉਂਕਿ ਹਾਰਟ ਅਟੈਕ ਆਉਣ ਤੋਂ ਪਹਿਲਾਂ ਛਾਤੀ ਵਿਚ ਜਲਨ ਜਾਂ ਫਿਰ ਸਿਰਦਰਦ ਹੋਣਾ ਸੁਭਾਵਿਕ ਹੈ ਪਰ ਸਾਈਲੈਂਟ ਹਾਰਟ ਅਟੈਕ ਵਿਚ ਅਜਿਹਾ ਨਹੀਂ ਹੁੰਦਾ। ਮਰੀਜ਼ ਨੂੰ ਪਤਾ ਨਹੀਂ ਲੱਗਦਾ ਕਿ ਉਸ ਨਾਲ ਕੀ ਹੋ ਰਿਹਾ ਹੈ। 
ਔਰਤਾਂ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਜ਼ਿਆਦਾ
ਇਕ ਰਿਸਰਚ ਅਨੁਸਾਰ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਸਾਈਲੈਂਟ ਅਟੈਕ ਜ਼ਿਆਦਾ ਆਉਂਦੇ ਹਨ। ਜਦੋਂ ਖੂਨ ਦਾ ਪ੍ਰਵਾਹ ਕੋਰੋਨਰੀ ਨਾੜੀਆਂ ਵਿਚ ਰੁਕ ਜਾਂਦਾ ਹੈ ਤਾਂ ਅਜਿਹੀ ਸਥਿਤੀ ਵਿਚ ਵਿਅਕਤੀ ਨੂੰ ਸਾਈਲੈਂਟ ਅਟੈਕ ਦੀ ਸੰਭਾਵਨਾ ਵਧ ਜਾਂਦੀ ਹੈ। ਹਾਰਟ ਅਟੈਕ ਦੇ ਜ਼ਿਆਦਾਤਰ ਮਾਮਲਿਆਂ ਵਿਚ 25 ਫੀਸਦੀ ਸਾਈਲੈਂਟ ਅਟੈਕ ਹੀ ਹੁੰਦਾ ਹੈ। ਸਾਈਲੈਂਟ ਅਟੈਕ ਆਉਣ ਨਾਲ ਦਿਮਾਗ ਨੂੰ ਸੁਚੇਤ ਕਰਨ ਵਾਲੀਆਂ ਨਸਾਂ ਕੰਮ ਕਰਨਾ ਬੰਦ ਕਰਦੀਆਂ ਹਨ, ਜਿਸ ਕਾਰਨ ਮਰੀਜ਼ ਨੂੰ ਸਾਈਲੈਂਟ ਅਟੈਕ ਮਹਿਸੂਸ ਨਹੀਂ ਹੁੰਦਾ। 
ਮਿਲਾਵਟ ਰੋਕਣ ਲਈ ਸਰਕਾਰ ਦੀ ਕੋਈ ਯੋਜਨਾ ਨਹੀਂ
ਮਿਲਾਵਟ ਰੋਕਣ ਲਈ ਸਰਕਾਰ ਕੋਈ ਪੁਖਤਾ ਪਾਲਸੀ ਨਹੀਂ ਬਣਾ ਸਕੀ। ਇਹ ਹੀ ਕਾਰਨ ਹੈ ਕਿ ਮਿਲਾਵਟ ਮਾਫੀਆ 'ਤੇ ਵੀ ਕਦੇ ਸ਼ਿਕੰਜਾ ਨਹੀਂ ਕੱਸਿਆ ਜਾ ਸਕਿਆ। ਜ਼ਿਲਾ ਪੱਧਰ 'ਤੇ ਮਿਲਾਵਟ ਰੋਕਣ ਦੀ ਜ਼ਿੰਮੇਵਾਰੀ ਡਿਪਟੀ ਕਮਿਸ਼ਨਰ, ਸਿਹਤ ਵਿਭਾਗ ਤੇ ਫੂਡ ਸਪਲਾਈ ਵਿਭਾਗ ਦੀ ਹੁੰਦੀ ਹੈ ਪਰ ਇਨ੍ਹਾਂ ਦੋਵੇਂ ਵਿਭਾਗਾਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਵੀ ਨਾਕਾਫੀ ਹਨ।
ਮਿਲਾਵਟ ਰੋਕਣ ਲਈ ਸਰਕਾਰ ਲਿਆਵੇਗੀ ਸਖਤ ਕਾਨੂੰਨ: ਸੀ. ਐੱਮ.
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਮਿਲਾਵਟ ਆਮ ਆਦਮੀ ਦੀ ਜ਼ਿੰਦਗੀ ਵਿਚ ਜ਼ਹਿਰ ਘੋਲ ਰਹੀ ਹੈ। ਸਰਕਾਰ ਇਸ ਬਾਰੇ ਕਾਫੀ ਚਿੰਤਤ ਹੈ। ਕੈਪਟਨ ਕਹਿੰਦੇ ਹਨ ਕਿ ਪਹਿਲਾਂ ਵੀ ਕਾਂਗਰਸ ਨੇ ਹੀ ਮਿਲਾਵਟ ਮਾਫੀਆ 'ਤੇ ਸ਼ਿਕੰਜਾ ਕੱਸਿਆ ਸੀ ਤੇ ਹੁਣ ਸਰਕਾਰ ਜਲਦੀ ਹੀ ਮਿਲਾਵਟ ਰੋਕਣ ਲਈ ਸਖਤ ਕਾਨੂੰਨ ਲਿਆਉਣ ਜਾ ਰਹੀ ਹੈ।


Related News